ਸਰਕਾਰਾਂ ਡੱਲੇਵਾਲ ਦੇ ਸੰਘਰਸ਼ ਨੂੰ ਹਲਕੇ ਚ ਨਾ ਲੈਣ - ਢੀਂਡਸਾ
ਲੌਂਗੋਵਾਲ, 27 ਦਸੰਬਰ (ਵਿਨੋਦ, ਖੰਨਾ) - ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਖਨੌਰੀ ਬਾਰਡਰ 'ਤੇ ਮਰਨ ਵਰਤ 'ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਮਾਮਲੇ ਵਿਚ ਸੂਬਾ ਅਤੇ ਕੇਂਦਰ ਦੀ ਸਰਕਾਰ ਵਲੋਂ ਧਾਰੀ ਸਾਜਿਸ਼ੀ ਚੁੱਪ ਦੀ ਨਿਖੇਧੀ ਕਰਦਿਆਂ ਕਿਸਾਨੀ ਮੰਗਾਂ ਤੁਰੰਤ ਮੰਨੇ ਜਾਣ ਦੀ ਮੰਗ ਕੀਤੀ ਹੈ। ਸ. ਢੀਂਡਸਾ ਅੱਜ ਪਿੰਡ ਨਮੋਲ ਵਿਖੇ ਸਰਪੰਚ ਹਰਬੰਸ ਕੌਰ ਦੇ ਦਿਹਾਂਤ 'ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਆਏ ਸਨ। ਉਨ੍ਹਾਂ ਕਿਹਾ ਕਿ ਬੜੇ ਅਫਸੋਸ ਦੀ ਗੱਲ ਹੈ ਕੋਈ ਵੀ ਸਰਕਾਰ ਵਲੋਂ ਮਾਨਯੋਗ ਡੱਲੇਵਾਲ ਸਾਹਿਬ ਦੇ ਸੰਘਰਸ਼ 'ਤੇ ਧਿਆਨ ਨਹੀਂ ਦਿੱਤਾ ਜਾ ਰਿਹਾ। ਭਾਵੇਂ ਪੰਜਾਬ ਸਰਕਾਰ ਦੇ ਨੁਮਾਇੰਦੇ ਵੀ ਇਕ ਦਿਨ ਪਹਿਲਾਂ ਉੱਥੇ ਗਏ ਸਨ ਪ੍ਰੰਤੂ ਹੁਣ ਤੱਕ ਉਨ੍ਹਾਂ ਦਾ ਵੀ ਕੋਈ ਇਸ ਗੱਲ 'ਤੇ ਕੋਈ ਅਸਰ ਨਹੀਂ ਵਿਖਾਈ ਦੇ ਰਿਹਾ ਨਾ ਹੀ ਕੋਈ ਚਿੰਤਾ ਹੈ। ਕੇਂਦਰ ਸਰਕਾਰ ਦਾ ਰਵਈਆ ਤਾਂ ਆਪਾਂ ਸਾਰੇ ਜਾਣਦੇ ਹਾਂ । ਜਿਸ ਤਰ੍ਹਾਂ ਦੇ ਹਾਲਾਤ ਬਣ ਰਹੇ ਨੇ ਜਿਵੇਂ ਉਨ੍ਹਾਂ ਦੀ ਸਿਹਤ ਵਿਗੜ ਰਹੀ ਹੈ ਜੇ ਕਿਤੇ ਉਨ੍ਹਾਂ ਨੂੰ ਕੁਝ ਹੋ ਗਿਆ ਤਾਂ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ।