ਡੱਲੇਵਾਲ ਨੂੰ ਮਿਲਣ ਪੁੱਜੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਕਰਮਜੀਤ ਅਨਮੋਲ
ਸ਼ੁਤਰਾਣਾ (ਪਟਿਆਲਾ), 27 ਦਸੰਬਰ (ਬਲਦੇਵ ਸਿੰਘ ਮਹਿਰੋਕ) - ਢਾਬੀ ਗੁੱਜਰਾਂ ਖਨੌਰੀ ਸਰਹੱਦ ਉੱਪਰ ਲਗਾਤਾਰ ਅੱਜ 32ਵੇਂ ਦਿਨ ਮਰਨ ਵਰਤ 'ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮਿਲਣ ਲਈ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਪੰਜਾਬੀ ਗਾਇਕ ਕਰਮਜੀਤ ਅਨਮੋਲ ਤੇ ਡੀ.ਆਈ.ਜੀ. ਪਟਿਆਲਾ ਮਨਦੀਪ ਸਿੰਘ ਸਿੱਧੂ ਪਹੁੰਚੇ ਹਨ। ਹਰਪਾਲ ਸਿੰਘ ਚੀਮਾ ਤੇ ਕਰਮਜੀਤ ਅਨਮੋਲ ਨੇ ਜਗਜੀਤ ਸਿੰਘ ਡੱਲੇਵਾਲ ਨੂੰ ਮਿਲ ਕੇ ਉਨ੍ਹਾਂ ਦੀ ਸਿਹਤ ਸੰਬੰਧੀ ਹਾਲ-ਚਾਲ ਪੁੱਛਿਆ ਤੇ ਉਨ੍ਹਾਂ ਦੀ ਚੜ੍ਹਦੀ ਕਲਾ ਲਈ ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕਾਕਾ ਸਿੰਘ ਕੋਟੜਾ, ਲਖਵਿੰਦਰ ਸਿੰਘ ਔਲਖ, ਅਭਿਮਨਿਊ ਕੋਹਾੜ ਸਮੇਤ ਵੱਖ-ਵੱਖ ਕਿਸਾਨ ਆਗੂਆਂ ਨਾਲ ਵੀ ਗੱਲਬਾਤ ਕੀਤੀ। ਉਨ੍ਹਾਂ ਨੇ ਕੇਂਦਰ ਸਰਕਾਰ ਦੇ ਕਿਸਾਨਾਂ ਪ੍ਰਤੀ ਬੇਰੁਖ਼ੀ ਵਾਲੇ ਰੱਵਈਏ ਦੀ ਸਖ਼ਤ ਅਲੋਚਨਾ ਕੀਤੀ ਅਤੇ ਕੇਂਦਰ ਸਰਕਾਰ ਨੂੰ ਤੁਰੰਤ ਕਿਸਾਨਾਂ ਦੀਆਂ ਮੰਗਾਂ ਮੰਨ ਕੇ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਖ਼ਤਮ ਕਰਵਾਉਣ ਦੀ ਅਪੀਲ ਕੀਤੀ ਹੈ।