ਲੋਕਾਂ ਨੂੰ ਸਮਝ ਆ ਚੁੱਕੀ ਹੈ, ਬਾਹਰਲੇ ਉਮੀਦਵਾਰਾਂ ਨੂੰ ਵੋਟ ਨਹੀਂ ਦੇਣਗੇ-ਡਿੰਪੀ ਢਿੱਲੋਂ
ਸ੍ਰੀ ਮੁਕਤਸਰ ਸਾਹਿਬ, 20 ਨਵੰਬਰ (ਰਣਜੀਤ ਸਿੰਘ ਢਿੱਲੋਂ)- ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਵੋਟ ਪਾਉਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਮਾਣ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਆਪਣੇ ਆਪ ਨੂੰ ਵੋਟ ਪਾਈ ਹੈ। ਜਦ ਕਿ ਕਾਂਗਰਸ ਦੇ ਉਮੀਦਵਾਰ ਅੰਮ੍ਰਿਤਾ ਵੜਿੰਗ ਅਤੇ ਭਾਜਪਾ ਦੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਤਾਂ ਆਪਣੇ ਆਪ ਨੂੰ ਵੋਟ ਵੀ ਨਹੀਂ ਪਾ ਸਕੇ ਕਿਉਂਕਿ ਉਹ ਹਲਕੇ ਤੋਂ ਬਾਹਰਲੇ ਹਨ। ਇਸ ਤੋਂ ਪਹਿਲਾਂ ਲੋਕਾਂ ਨੇ ਮਨਪ੍ਰੀਤ ਸਿੰਘ ਬਾਦਲ ਨੂੰ ਚਾਰ ਵਾਰ ਚੁਣਿਆ ਅਤੇ ਤਿੰਨ ਵਾਰ ਰਾਜਾ ਵੜਿੰਗ ਨੂੰ ਵਿਧਾਇਕ ਚੁਣਿਆ, ਪਰ ਉਹ ਹਲਕਾ ਛੱਡ ਗਏ। ਹੁਣ ਲੋਕਾਂ ਨੂੰ ਸਮਝ ਆ ਚੁੱਕੀ ਹੈ, ਉਹ ਆਪਣੇ ਹਲਕੇ ਦੇ ਵਸਨੀਕ ਉਮੀਦਵਾਰ ਨੂੰ ਹੀ ਵੋਟ ਪਾਉਣਗੇ ਅਤੇ ਜਿਸ ਪਾਰਟੀ ਦੀ ਸਰਕਾਰ ਹੈ ਉਸ ਦਾ ਉਮੀਦਵਾਰ ਜਿਤਾ ਕੇ ਵਿਕਾਸ ਕੰਮਾਂ ਨੂੰ ਵੋਟ ਪਾਉਣਗੇ। ਉਨ੍ਹਾਂ ਕਿਹਾ ਕਿ ਸੱਤ ਦਿਨ ਵੋਟਾਂ ਲੇਟ ਹੋਣ ਨਾਲ ਚੋਣ ਪ੍ਰਚਾਰ ਵੱਧ ਕਰਨ ਦਾ ਸਮਾਂ ਮਿਲ ਗਿਆ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦਾ ਵੋਟਰ ਵੀ ਮੇਰੇ ਨਾਲ ਜੁੜਿਆ, ਸਾਰੇ ਫੈਕਟਰ ਮੇਰੇ ਪੱਖ ਵਿੱਚ ਹਨ। ਉਨ੍ਹਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਬਿਆਨ ਨੂੰ ਸ਼ਰਮਨਾਕ ਦੱਸਦਿਆਂ ਕਿਹਾ ਕਿ ਭਾਵੇਂ ਉਨ੍ਹਾਂ ਨੇ ਮੁਆਫ਼ੀ ਮੰਗ ਲਈ ਹੈ, ਪਰ ਬੋਲਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ।