ਰਾਏਕੇ ਕਲਾਂ ਖ਼ਰੀਦ ਕੇਂਦਰ 'ਤੇ ਕਿਸਾਨਾਂ ਵਲੋਂ ਖ਼ਰੀਦ ਇੰਸਪੈਕਟਰ ਤੇ ਨਾਇਬ ਤਹਿਸੀਲਦਾਰ ਦਾ ਕੀਤਾ ਘਿਰਾਉ
ਸੰਗਤ ਮੰਡੀ, 11 ਨਵੰਬਰ (ਅੰਮ੍ਰਿਤਪਾਲ ਸ਼ਰਮਾ)-ਝੋਨੇ ਦੀ ਖ਼ਰੀਦ ਨੂੰ ਲੈ ਕੇ ਕਿਸਾਨਾਂ ਦਾ ਪੰਜਾਬ ਸਰਕਾਰ ਨਾਲ ਚੱਲ ਰਿਹਾ ਰੇੜਕਾ ਖ਼ਤਮ ਹੋਣ ਦੀ ਥਾਂ ਹੋਰ ਵਧਦਾ ਜਾ ਰਿਹਾ ਹੈ। ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਖ਼ਰੀਦ ਏਜੰਸੀ ਪਨਗ੍ਰੇਨ ਦੇ ਇੰਸਪੈਕਟਰ ਰਾਜਵੀਰ ਸਿੰਘ ਦਾ ਮਾਰਕੀਟ ਕਮੇਟੀ ਗਿੱਦੜਬਾਹਾ ਅਧੀਨ ਪੈਂਦੇ ਰਾਏਕੇ ਕਲਾਂ ਖ਼ਰੀਦ ਕੇਂਦਰ ਵਿਖੇ ਘਿਰਾਉ ਕਰ ਲਿਆ। ਵੱਡੀ ਗਿਣਤੀ ਕਿਸਾਨਾਂ ਵਲੋਂ ਖ਼ਰੀਦ ਕੇਂਦਰ 'ਤੇ ਪਹੁੰਚ ਕੇ ਕੇਂਦਰ ਅਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਘਟਨਾ ਦਾ ਪਤਾ ਲੱਗਦੇ ਹੀ ਥਾਣਾ ਨੰਦਗੜ੍ਹ ਦੇ ਮੁਖੀ ਇੰਸਪੈਕਟਰ ਸੰਦੀਪ ਸਿੰਘ ਭਾਟੀ ਅਤੇ ਵਿਪਨ ਕੁਮਾਰ ਨਾਇਬ ਤਹਿਸੀਲਦਾਰ ਬਠਿੰਡਾ ਖ਼ਰੀਦ ਕੇਂਦਰ ਤੇ ਪੁੱਜੇ ਪ੍ਰੰਤੂ ਰੋਹ 'ਚ ਆਏ ਕਿਸਾਨਾ ਵਲੋਂ ਇੰਸਪੈਕਟਰ ਰਾਜਵੀਰ ਸਿੰਘ ਸਮੇਤ ਨਾਇਬ ਤਹਿਸੀਲਦਾਰ ਦਾ ਵੀ ਘਿਰਾਉ ਕਰ ਲਿਆ। ਜਥੇਬੰਦੀ ਨੇ ਦੱਸਿਆ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਖੱਜਲ ਖੁਆਰ ਕਰ ਰਹੀ ਹੈ ਅਤੇ ਸ਼ੈਲਰ ਮਾਲਕ ਸਰਕਾਰ ਦੀ ਮਿਲੀ ਭੁਗਤ ਨਾਲ ਕਿਸਾਨਾਂ ਦੀ 5 ਤੋਂ 10 ਕਿੱਲੋ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਕਾਟ ਨਾਲ ਝੋਨਾ ਖਰੀਦ ਕੇ ਕਿਸਾਨਾਂ ਦੀ ਚਿੱਟੇ ਦਿਨ ਲੁੱਟ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਰਕਾਰ ਕਿਸਾਨਾਂ ਨੂੰ ਝੋਨੇ ਦੇ ਦਾਣੇ-ਦਾਣੇ ਦੀ ਖ਼ਰੀਦ ਦਾ ਭਰੋਸਾ ਨਹੀਂ ਦਿਵਾਉਂਦੀ ਉਹ ਸੰਘਰਸ਼ ਜਾਰੀ ਰੱਖਣਗੇ।