ਯੂਨੀਸੇਫ ਨੇ ਪਾਕਿਸਤਾਨ ਸਰਕਾਰ ਨੂੰ ਹਵਾ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਤੁਰੰਤ ਕਦਮ ਚੁੱਕਣ ਦੀ ਕੀਤੀ ਅਪੀਲ
ਇਸਲਾਮਾਬਾਦ (ਪਾਕਿਸਤਾਨ), 11 ਨਵੰਬਰ (ਏ.ਐਨ.ਆਈ.) : ਸੰਯੁਕਤ ਰਾਸ਼ਟਰ ਬਾਲ ਫੰਡ (ਯੂਨੀਸੇਫ) ਦੇ ਪ੍ਰਤੀਨਿਧੀ ਅਬਦੁੱਲਾ ਫਾਦਿਲ ਨੇ ਪਾਕਿਸਤਾਨ ਸਰਕਾਰ ਨੂੰ ਹਵਾ ਪ੍ਰਦੂਸ਼ਣ ਨੂੰ ਘਟਾਉਣ ਲਈ ਤੁਰੰਤ ਯਤਨ ਕਰਨ ਦੀ ਅਪੀਲ ਕੀਤੀ ਕਿਉਂਕਿ ਪੰਜਾਬ ਸੂਬੇ ਵਿਚ ਜ਼ਹਿਰੀਲੀ ਹਵਾ ਵਿਚ ਸਾਹ ਲੈਣ ਕਾਰਨ 11 ਮਿਲੀਅਨ ਬੱਚੇ ਖ਼ਤਰੇ ਵਿਚ ਹਨ। ਇੱਕ ਰਿਪੋਰਟ ਦੇ ਅਨੁਸਾਰ, ਪੰਜਾਬ ਵਿਚ ਹਵਾ ਗੁਣਵੱਤਾ ਸੂਚਕਾਂਕ (ਏ.ਕਿਊ.ਆਈ.) ਸਿਆਲਕੋਟ ਵਿਚ 774 ਰਿਕਾਰਡ ਕਰਨ ਦੇ ਨਾਲ ਸੱਤ ਜ਼ਿਲ੍ਹਿਆਂ ਵਿਚ 400 ਨੂੰ ਪਾਰ ਕਰ ਗਿਆ ਹੈ। ਖ਼ਰਾਬ ਹਵਾ ਦੀ ਗੁਣਵੱਤਾ ਦੇ ਕਾਰਨ, ਸਕੂਲ 17 ਨਵੰਬਰ ਤੱਕ ਬੰਦ ਕਰ ਦਿੱਤੇ ਗਏ ਹਨ। ਸਥਾਨਕ ਲੋਕਾਂ ਨੂੰ ਜਨਤਕ ਪਾਰਕਾਂ, ਚਿੜੀਆਘਰਾਂ, ਖੇਡ ਦੇ ਮੈਦਾਨਾਂ ਅਤੇ ਅਜਾਇਬ ਘਰਾਂ ਵਿਚ ਜਾਣ ਤੋਂ ਛੋਟ ਦਿੱਤੀ ਗਈ ਹੈ। ਇਹ ਉਪਾਅ ਧੂੰਏਂ ਦੇ ਜਨਤਕ ਸੰਪਰਕ ਨੂੰ ਘਟਾਉਣ ਲਈ ਕੀਤੇ ਜਾਂਦੇ ਹਨ ।