ਅੰਮ੍ਰਿਤਸਰ ਵਿਖੇ ਪੁਲਿਸ ਨੇ ਘੇਰੇ ਗੈਂਗਸਟਰ
ਅੰਮ੍ਰਿਤਸਰ/ਰਾਮ ਤੀਰਥ, 11 ਨਵੰਬਰ (ਰੇਸ਼ਮ ਸਿੰਘ/ਧਰਵਿੰਦਰ ਸਿੰਘ ਔਲਖ)- ਅੰਮ੍ਰਿਤਸਰ ਦੇ ਦਿਹਾਤੀ ਖੇਤਰ ਰਾਮ ਤੀਰਥ ਨੇੜੇ ਅੱਜ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਮੁੱਠਭੇੜ ਹੋਈ ਹੈ। ਜਿਸ ਦੌਰਾਨ ਇਕ ਗੈਂਗਸਟਰ ਜ਼ਖਮੀ ਹੋ ਗਿਆ ਹੈ ਜਦੋਂ ਕਿ ਪੁਲਿਸ ਵਲੋਂ ਪੰਜ ਗੈਂਗਸਟਰਾਂ ਨੂੰ ਕਾਬੂ ਕਰ ਲਿਆ ਗਿਆ ਹੈ। ਜੋ ਕਿ ਗੋਪੀ ਘਨਸ਼ਾਮਪੁਰਾ/ਡੌਨੀ ਬੱਲ/ਪ੍ਰਭ ਦੱਸੂਵਾਲ ਗੈਂਗ ਨਾਲ ਸੰਬੰਧਿਤ ਹਨ। ਜ਼ਖਮੀ ਹੋਏ ਗੈਂਗਸਟਰ ਨੂੰ ਹਸਪਤਾਲ ਇਲਾਜ ਲਈ ਭਰਤੀ ਕਰਵਾ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਅੰਮ੍ਰਿਤਸਰ ਵਾਲੇ ਪਾਸੇ ਤੋਂ ਵਾਇਆ ਰਾਮ ਤੀਰਥ ਖਾਸੇ ਨੂੰ ਜਾ ਰਹੇ ਵਰਨਾ ਸਵਾਰ ਪੰਜ ਸ਼ੱਕੀ ਨੌਜਵਾਨਾਂ ਨੂੰ ਜਦੋਂ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਪੁਲਿਸ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਉਨ੍ਹਾਂ ਵਲੋਂ ਪੁਲਿਸ ’ਤੇ ਤਿੰਨ ਫਾਇਰ ਕੀਤੇ ਗਏ, ਜਿਸ ਨਾਲ ਕੋਈ ਵੀ ਪੁਲਿਸ ਮੁਲਾਜ਼ਮ ਜ਼ਖਮੀ ਨਹੀਂ ਹੋਇਆ, ਜਦੋਂ ਕਿ ਪੁਲਿਸ ਵਲੋਂ ਕੀਤੇ ਦੋ ਜਵਾਬੀ ਫਾਇਰਾਂ ਵਿਚੋਂ ਇਕ ਗੋਲੀ ਦੋਸ਼ੀ ਦੀ ਲੱਤ ਵਿਚ ਲੱਗੀ, ਜਿਸ ਕਰਕੇ ਉਹ ਜ਼ਖ਼ਮੀ ਹੋ ਗਿਆ। ਇਸ ਮੁਕਾਬਲੇ ਤੋਂ ਬਾਅਦ ਪੁਲਿਸ ਵਲੋਂ ਸਾਰੇ ਵਿਅਕਤੀਆਂ ਨੂੰ ਕਾਬੂ ਕਰ ਲਿਆ ਗਿਆ ਹੈ, ਜਿਨ੍ਹਾਂ ਦੀ ਪਛਾਣ ਹਰਪ੍ਰੀਤ ਸਿੰਘ ਪੁੱਤਰ ਗੁਰਦੇਵ ਸਿੰਘ, ਚੰਦਨ ਸਿੰਘ ਪੁੱਤਰ ਮਨਧੀਰ ਸਿੰਘ, ਜਸ਼ਨਪ੍ਰੀਤ ਸਿੰਘ ਪੁੱਤਰ ਪਲਵਿੰਦਰ ਸਿੰਘ, ਗੁਰਮਨ ਪ੍ਰੀਤ ਸਿੰਘ ਪੁੱਤਰ ਇੰਦਰਪ੍ਰੀਤ ਸਿੰਘ, ਖੁਸ਼ਪ੍ਰੀਤ ਸਿੰਘ ਸਰਵਨ ਪੁੱਤਰ ਸਰਵਣ ਸਿੰਘ ਸਾਰੇ ਵਾਸੀਆਨ ਪੱਟੀ ਵਜੋਂ ਹੋਈ ਹੈ। ਪੁਲਿਸ ਇੰਸਪੈਕਟਰ ਮਨਮੀਤ ਸਿੰਘ ਸੰਧੂ ਨੇ ਦੱਸਿਆ ਕਿ ਸਾਰੇ ਵਿਅਕਤੀਆਂ ਦੀ ਉਮਰ 25 ਤੋਂ 30 ਸਾਲ ਦੇ ਵਿਚਕਾਰ ਹੈ। ਪੁਲਿਸ ਦੀ ਗੋਲੀ ਨਾਲ ਜ਼ਖਮੀ ਹੋਏ ਨੌਜਵਾਨ ਦੀ ਪਛਾਣ ਖੁਸ਼ੀਪ੍ਰੀਤ ਸਿੰਘ ਪੁੱਤਰ ਸਰਵਣ ਸਿੰਘ ਵਜੋਂ ਹੋਈ ਹੈ। ਜਿਨ੍ਹਾਂ ਕੋਲੋਂ ਮੌਕੇ ਤੇ ਇੱਕ ਪਿਸਤੌਲ ਬਰਾਮਦ ਹੋਇਆ ਹੈ।