ਕੌਮੀ ਸ਼ਾਹ ਮਾਰਗ ’ਤੇ ਵਾਪਰੇ ਹਾਦਸੇ ’ਚ ਨੌਜਵਾਨ ਦੀ ਮੌਤ
ਕਲਾਨੌਰ, (ਗੁਰਦਾਸਪੁਰ), 11 ਨਵੰਬਰ (ਪੁਰੇਵਾਲ)- ਗੁਰਦਾਸਪੁਰ- ਅਜਨਾਲਾ ਕੌਮੀ ਸ਼ਾਹ ਮਾਰਗ 354 ’ਤੇ ਸਥਿਤ ਇਤਿਹਾਸਿਕ ਕਸਬਾ ਕਲਾਨੌਰ ਦੇ ਬਾਹਰਵਾਰ ਅੱਜ ਵਾਪਰੇ ਸੜਕੀ ਹਾਦਸੇ ’ਚ ਨੌਜਵਾਨ ਦੀ ਮੌਤ ਹੋਣ ਨਾਲ ਇਲਾਕੇ ’ਚ ਸੋਗ ਦੀ ਲਹਿਰ ਹੈ। ਨੌਜਵਾਨ ਕਾਰ ’ਚ ਸਵਾਰ ਸੀ ਅਤੇ ਕਾਰ -ਟਿੱਪਰ ਦਰਮਿਆਨ ਹਾਦਸੇ ਉਪਰੰਤ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ। ਨੌਜਵਾਨ ਨੇੜਲੇ ਪਿੰਡ ਦਲੇਰਪੁਰ ਵਾਸੀ ਸੀ। ਸਾਬਕਾ ਸਰਪੰਚ ਹਰਵਿੰਦਰਪਾਲ ਸਿੰਘ ਬਾਜਵਾ ਨੇ ਦੱਸਿਆ ਕਿ 22 ਸਾਲਾ ਬਸੰਤ ਮਸੀਹ ਮਿਹਨਤ ਮਜ਼ਦੂਰੀ ਕਰਦਾ ਸੀ। ਉਨ੍ਹਾਂ ਦੱਸਿਆ ਕਿ ਟਿੱਪਰ ਸਵਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਇਸ ਸੰਬੰਧੀ ਕਲਾਨੌਰ ਪੁਲਿਸ ਕਾਰਵਾਈ ਕਰ ਰਹੀ ਹੈ।