ਪੈਸਿਆ ਦੇ ਲੈਣ-ਦੇਣ ਕਾਰਨ ਹੋਏ ਝਗੜੇ ਦੌਰਾਨ ਨੌਜਵਾਨ ਦਾ ਕਤਲ
ਭੁਲੱਥ, 8 ਨਵੰਬਰ (ਮੇਹਰ ਚੰਦ ਸਿੱਧੂ) - ਸਬ ਡਿਵੀਜ਼ਨ ਕਸਬਾ ਭੁਲੱਥ ਵਿਖੇ ਡੀ.ਐਸ.ਪੀ ਭੁਲੱਥ ਕਰਨੈਲ ਸਿੰਘ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੁਲਵੰਤ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਨੰਗਲ ਲੁਬਾਣਾ ਨੇ ਬੇਗੋਵਾਲ ਪੁਲਿਸ ਨੂੰ ਦਿੱਤੇ ਬਿਆਨਾਂ ਰਾਹੀਂ ਦੱਸਿਆ ਕਿ ਉਸ ਦਾ ਭਤੀਜਾ ਮਨਪ੍ਰੀਤ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਨੰਗਲ ਲੁਬਾਣਾ ਪਿੰਡ ਵਿਚ ਹੀ ਖੇਤੀਬਾੜੀ ਦਾ ਕੰਮ ਕਾਰ ਕਰਦਾ ਸੀ ਅਤੇ ਉਸ ਨਾਲ ਦਿਲ ਦੀ ਹਰ ਗੱਲ ਸਾਂਝੀ ਕਰ ਲੈਦਾ ਸੀ। ਮਨਪ੍ਰੀਤ ਸਿੰਘ ਨੇ ਉਸ ਨੂੰ ਲਗਭਗ 2 ਮਹੀਨੇ ਪਹਿਲਾਂ ਦੱਸਿਆ ਸੀ ਕਿ ਉਸ ਨੇ ਗੁਰਪ੍ਰੀਤ ਸਿੰਘ ਪੁੱਤਰ ਕਰਨੈਲ ਸਿੰਘ ਨੂੰ 40 ਹਜ਼ਾਰ ਰੁਪਏ ਉਧਾਰੇ ਦਿੱਤੇ ਸਨ, ਜਿਸ ਨੇ ਕਈ ਵਾਰ ਪੈਸੇ ਮੰਗਣ 'ਤੇ ਵਾਪਸ ਨਹੀਂ ਕੀਤੇ, ਜਿਸ ਦਾ ਲਿਖਤੀ ਰਾਜੀਨਾਮਾ ਵੀ ਹੋਇਆ ਸੀ। ਇਸੇ ਦੌਰਾਨ 1 ਨਵੰਬਰ ਨੂੰ ਉਸ ਦਾ ਭਤੀਜਾ ਮਨਪ੍ਰੀਤ ਸਿੰਘ ਸ਼ਾਮ ਨੂੰ ਉਸ ਕੋਲ ਆਇਆ, ਜਿਸ ਦੇ ਕਹਿਣ 'ਤੇ ਉਹ ਆਪਣੇ ਭਤੀਜੇ ਮਨਪ੍ਰੀਤ ਸਿੰਘ ਦੇ ਪੈਸਿਆਂ ਦੀ ਗੱਲ ਕਰਨ ਲਈ ਗੁਰਪ੍ਰੀਤ ਸਿੰਘ ਦੇ ਘਰ ਜਾ ਰਹੇ ਸੀ ਤਾਂ ਗੁਰਪ੍ਰੀਤ ਸਿੰਘ ਅਤੇ ਉਸ ਦੀ ਪਤਨੀ ਰਮਨਪ੍ਰੀਤ ਕੌਰ ਆਪਣੇ ਘਰ ਤੋਂ ਥੋੜਾ ਪਿੱਛੇ ਹੀ ਗਲੀ ਵਿਚ ਮਿਲ ਪਏ। ਇਥੇ ਮਨਪ੍ਰੀਤ ਸਿੰਘ ਨੇ ਗੁਰਪ੍ਰੀਤ ਸਿੰਘ ਨੂੰ ਉਧਾਰ ਦਿੱਤੇ ਪੈਸਿਆ ਬਾਰੇ ਪੁੱਛਿਆ, ਜਿਥੇ ਦੋਵਾਂ ਦੀ ਤੂੰ-ਤੂੰ, ਮੈਂ - ਮੈਂ ਹੋਣ ਲੱਗ ਪਈ। ਗੁਰਪ੍ਰੀਤ ਸਿੰਘ ਤੇ ਉਸ ਦੀ ਪਤਨੀ ਤੈਸ਼ ਵਿਚ ਆ ਕੇ ਮਨਪ੍ਰੀਤ ਸਿੰਘ ਨੂੰ ਗਾਲਾ ਕੱਢਣ ਲੱਗ ਪਏ। ਇਥੇ ਹੋਏ ਝਗੜੇ ਵਿਚ ਗੁਰਪ੍ਰੀਤ ਸਿੰਘ ਭੱਜ ਕੇ ਆਪਣੇ ਘਰੋਂ ਗੰਡਾਸੀ ਲੈ ਕੇ ਆਇਆ ਤਾਂ ਗੰਡਾਸੀ ਦਾ ਵਾਰ ਮਨਪ੍ਰੀਤ ਸਿੰਘ ਦੇ ਸਿਰ ਵਿਚ ਕੀਤਾ, ਜਿਸ 'ਤੇ ਮਨਪ੍ਰੀਤ ਸਿੰਘ ਬੇਹੋਸ਼ ਹੋ ਜਮੀਨ 'ਤੇ ਡਿੱਗ ਪਿਆ। ਉਸ ਨੇ ਅਤੇ ਉਸ ਦੇ ਭਰਾ ਲਖਵਿੰਦਰ ਸਿੰਘ ਨੇ ਸਵਾਰੀ ਦਾ ਪ੍ਰਬੰਧ ਕਰਕੇ ਮਨਪ੍ਰੀਤ ਸਿੰਘ ਨੂੰ ਇਲਾਜ ਲਈ ਸਿਵਲ ਹਸਪਤਾਲ ਭੁਲੱਥ ਲਿਆਂਦਾ, ਜਿਥੇ ਡਾਕਟਰ ਨੇ ਮੁੱਢਲੀ ਸਹਾਇਤਾ ਦੇ ਕੇ ਮਨਪ੍ਰੀਤ ਸਿੰਘ ਨੂੰ ਸਿਵਲ ਹਸਪਤਾਲ ਕਪੂਰਥਲਾ ਰੈਫਰ ਕਰ ਦਿੱਤਾ। ਸਿਵਲ ਹਸਪਤਾਲ ਕਪੂਰਥਲਾ ਪੁੱਜਣ 'ਤੇ ਉਥੇ ਡਿਊਟੀ ਡਾਕਟਰ ਨੇ ਚੈਕ ਕਰਨ ਤੋਂ ਬਾਅਦ ਇਲਾਜ ਲਈ ਗੁਰੂ ਨਾਨਕ ਸਿਵਲ ਹਸਪਤਾਲ ਅੰਮ੍ਰਿਤਸਰ ਰੈਫਰ ਕਰ ਦਿੱਤਾ, ਜਿਥੇ ਮਨਪ੍ਰੀਤ ਸਿੰਘ ਦੀ 4 ਨਵੰਬਰ ਨੂੰ ਸਿਰ ਵਿਚ ਜ਼ਿਆਦਾ ਸੱਟ ਹੋਣ ਕਾਰਨ ਇਲਾਜ ਦੌਰਾਨ ਮੌਤ ਹੋ ਗਈ। ਪੁਲਿਸ ਨੇ ਦੋਸ਼ੀ ਗੁਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ।