ਨਿਹੰਗ ਸਿੰਘ ਫ਼ੌਜਾਂ ਨੇ ਬੰਦੀ ਛੋੜ ਦਿਵਸ ਨੂੰ ਸਮਰਪਿਤ ਗੁਰੂ ਨਗਰੀ ’ਚ ਮਹੱਲਾ ਸਜਾਇਆ
ਅੰਮ੍ਰਿਤਸਰ, 2 ਨਵੰਬਰ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਅਗਵਾਈ ਵਿਚ ਅੱਜ ਸਮੂਹ ਨਿਹੰਗ ਸਿੰਘ ਦਲ ਪੰਥਾਂ ਵਲੋਂ ਬੰਦੀ ਛੋੜ ਦਿਵਸ ਨੂੰ ਸਮਰਪਿਤ ਗੁਰੂ ਨਗਰੀ ਅੰਮ੍ਰਿਤਸਰ ਵਿਖੇ ਵਿਸ਼ਾਲ ਮਹੱਲਾ ਸਜਾਇਆ ਗਿਆ। ਜਿਸ ਵਿਚ ਨਿਹੰਗ ਸਿੰਘ ਫੌਜਾਂ ਨੇ ਸ਼ਿੰਗਾਰੇ ਹੋਏ ਹਾਥੀਆਂ, ਘੋੜਿਆਂ, ਊਠਾਂ ਸਮੇਤ ਸ਼ਮੂਲੀਅਤ ਕੀਤੀ। ਇਸ ਉਪਰੰਤ ਰੇਲਵੇ ਕਲੋਨੀ ਬੀ ਬਲਾਕ ਦੇ ਮੈਦਾਨ ਵਿਚ ਨਿਹੰਗ ਸਿੰਘਾਂ ਨੇ ਘੋੜ ਸਵਾਰੀ ਅਤੇ ਨੇਜਾ ਬਾਜੀ ਦੇ ਜੰਗਜੂ ਕਰਤਵ ਦਿਖਾ ਕੇ ਸ਼ਹਿਰ ਵਾਸੀਆਂ ਨੂੰ ਮੰਤਰ ਮੁਗਧ ਕੀਤਾ। ਇਸ ਮੌਕੇ ਬਾਬਾ ਅਵਤਾਰ ਸਿੰਘ ਸੁਰ ਸਿੰਘ ਜੀ, ਬਾਬਾ ਜੋਗਾ ਸਿੰਘ, ਦਲਜੀਤ ਸਿੰਘ ਬੇਦੀ ਅਤੇ ਹੋਰ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ ਅਤੇ ਪ੍ਰਤੀਨਿਧ ਮੌਜੂਦ ਸਨ।