JALANDHAR WEATHER

15-04-2025

 ਭਰੂਣ ਹੱਤਿਆਵਾਂ ਅਜੇ ਵੀ ਜਿਊਂਦੀਆਂ?

ਭਾਰਤੀ ਸੰਸਕ੍ਰਿਤੀ ਵਿਚ ਕੰਨਿਆ, ਕੰਨਿਆ ਦਾਨ ਅਤੇ ਕੰਜਕਾਂ ਦਾ ਖ਼ਾਸ ਰੁਤਬਾ ਹੈ। ਕੰਨਿਆ ਨੂੰ ਕੰਜਕਾਂ ਸਮਝ ਕੇ ਪੈਰ ਪੂਜੇ ਜਾਂਦੇ ਹਨ, ਡੋਲੀ ਤੋਰਨ ਸਮੇਂ ਕੰਨਿਆ ਦਾਨ ਕੀਤਾ ਜਾਂਦਾ ਹੈ ਪਰ ਫਿਰ ਵੀ ਮਾਦਾ ਭਰੂਣ ਹੱਤਿਆ ਜਾਰੀ ਹੈ। ਤਾਜ਼ਾ ਰਿਪੋਰਟ ਅਨੁਸਾਰ ਪਠਾਨਕੋਟ ਵਿਚ ਮਾਦਾ ਲਿੰਗ ਅਨੁਪਾਤ 888:1000 ਰਹਿ ਗਿਆ ਹੈ। ਕਪੂਰਥਲਾ ਜ਼ਿਲ੍ਹਾ ਸਭ ਤੋਂ ਵੱਧ ਮਾਦਾ ਲਿੰਗ ਅਨੁਪਾਤ ਵਾਲਾ ਵੀ ਹੈ। ਭਾਰਤ ਦਾ ਲਿੰਗ ਅਨੁਪਾਤ 929:1000 ਹੈ। ਪਿੰਡਾਂ ਵਿਚ 950:1000 ਹੈ, ਸ਼ਹਿਰਾਂ ਵਿਚ 928:1000 ਵਿਚ ਲਿੰਗ ਅਨੁਪਾਤ ਹੈ। ਇਕ ਰਿਪੋਰਟ ਅਨੁਸਾਰ 1980 ਤੋਂ 2010 ਤੱਕ ਇਕ ਕਰੋੜ ਮਾਦਾ ਭਰੂਣ ਹੱਤਿਆਵਾਂ ਹੋਈਆਂ ਹਨ। ਸਰਕਾਰ ਨੇ ਭਰੂਣ ਹੱਤਿਆਵਾਂ ਰੋਕਣ ਲਈ ਕਾਨੂੰਨ ਵੀ ਬਣਾਏ, ਪਰ ਤਾਜ਼ਾ ਅੰਕੜੇ ਪ੍ਰਸ਼ਨ ਚਿੰਨ੍ਹ ਲਗਾਉਂਦੇ ਹਨ। ਭਰੂਣ ਹੱਤਿਆਵਾਂ ਰੋਕਣ ਲਈ ਤਤਕਾਲੀ ਐਮ.ਪੀ. ਮੌਜੂਦਾ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਨੇ ਪਾਰਲੀਮੈਂਟ ਵਿਚ 'ਸੌ ਹੱਥ ਰੱਸਾ ਸਿਰੇ ਤੇ ਗੰਢ' ਇਉਂ ਮਾਰੀ ਸੀ
ਆ ਜਾ ਮਾਏਂ ਗੱਲਾਂ ਕਰੀਏ ਕੰਮ ਦੀਆਂ,
ਰਾਜਗੁਰੂ, ਸੁਖਦੇਵ, ਭਗਤ ਸਿੰਘ, ਮਾਵਾਂ ਹੀ ਨੇ ਜੰਮਦੀਆਂ,
ਕੀ ਪਤਾ ਮੈਂ ਜੰਮਦਿਆਂ ਕੋਈ ਅਗੰਮੜਾ ਮਰਦ ਨੀ ਮਾਏਂ,
ਕੁੱਖ ਵਿਚ ਨਾ ਕਤਲ ਕਰਾਈਂ ਏਹੀ ਮੇਰੀ ਅਰਜ਼ ਨੀ ਮਾਏਂ।
ਸਿੱਖ ਧਰਮ ਵਿਚ ਕੁੜੀਮਾਰ ਨਾਲ ਰਾਬਤਾ ਕਾਇਮ ਕਰਨ ਲਈ ਮਨਾਹੀ ਹੈ। ਇਸ ਲਈ ਲੋਕਾਂ ਅਤੇ ਸਰਕਾਰ ਨੂੰ ਇਸ ਮੁੱਦੇ 'ਤੇ ਸੰਜੀਗਦੀ ਨਾਲ ਮੁੜ ਲਹਿਰ ਆਰੰਭਣੀ ਚਾਹੀਦੀ ਹੈ।

-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ।

ਸਿੱਖਿਆ ਦਾ ਨਿੱਜੀਕਰਨ

ਨਿੱਜੀ ਸਕੂਲਾਂ ਦੇ ਮੁਕਾਬਲੇ ਸਰਕਾਰੀ ਸਕੂਲਾਂ ਵਿਚ ਹੁੰਦੀ ਪੜ੍ਹਾਈ, ਖੇਡਾਂ ਅਤੇ ਹੋਰ ਸਗਰਮੀਆਂ ਦੀ ਤੁਲਨਾ ਕੀਤੀ ਜਾਵੇ ਤਾਂ ਜ਼ਮੀਨ ਅਸਮਾਨ ਦਾ ਫ਼ਰਕ ਸਹਿਜੇ ਨਜ਼ਰ ਆਉਂਦਾ ਹੈ। ਅਜੋਕੇ ਸਮੇਂ ਵਿਚ ਸਰਕਾਰੀ ਸਕੂਲ ਵਿਚ ਪੜ੍ਹਨ ਵਾਲੇ ਬੱਚੇ ਦਾ ਮੈਡੀਕਲ ਅਤੇ ਇੰਜੀਨੀਅਰਿੰਗ ਦੇ ਖੇਤਰ ਵਿਚ ਆਉਣਾ ਸੌਖਾ ਕੰਮ ਨਹੀਂ। ਵੱਖ-ਵੱਖ ਕੋਰਸਾਂ ਲਈ ਹੋਣ ਵਾਲੀਆਂ ਭਰਤੀ ਪ੍ਰੀਖਿਆਵਾਂ ਅਤੇ ਉਨ੍ਹਾਂ 'ਤੇ ਹੋਣ ਵਾਲਾ ਖ਼ਰਚ ਕਿਸੇ ਤੋਂ ਲੁਕਿਆ ਨਹੀਂ। ਅਜਿਹੇ ਸਕੂਲ ਬਹੁਤ ਘੱਟ ਹਨ, ਜੋ ਬੱਚਿਆਂ ਨੂੰ ਮੈਡੀਕਲ ਅਤੇ ਇੰਜੀਨੀਅਰ ਲਈ ਜਮਾਤਾਂ ਦੇ ਸ਼ੁਰੂ ਵਿਚ ਹੀ ਸਿੱਖਿਆ ਦੇਣੀ ਸ਼ੁਰੂ ਕਰਦੇ ਹੋਣ। ਅਜਿਹੇ ਕੇਸ ਬਹੁਤ ਦੇਖਣ ਨੂੰ ਮਿਲਦੇ ਹਨ, ਜਿਥੇ ਬੱਚਿਆਂ ਦਾ ਦਾਖਲਾ ਤਾਂ ਨਿੱਜੀ ਸਕੂਲ ਵਿਚ ਕੀਤਾ ਹੁੰਦਾ ਹੈ, ਪਰੰਤੂ ਬੱਚਾ ਪੜ੍ਹਾਈ ਕੋਟੇ ਅਤੇ ਚੰਡੀਗੜ੍ਹ ਵਿਚ ਕਿਸੇ ਕੋਚਿੰਗ ਸੈਂਟਰ ਤੋਂ ਕਰ ਰਿਹਾ ਹੁੰਦਾ ਹੈ। ਇਹ ਕੋਚਿੰਗ ਸੈਂਟਰਾਂ ਦਾ ਮਾਇਆ ਜਾਲ ਅਜਿਹਾ ਹੈ ਜਿਸ ਵਿਚ ਦਿਨੋ-ਦਿਨ ਹਰ ਕੋਈ ਬੱਚਾ ਫਸਦਾ ਜਾ ਰਿਹਾ ਹੈ। ਅਖ਼ਬਾਰਾਂ ਵਿਚ ਛਪਣ ਵਾਲੇ ਵੱਡੇ-ਵੱਡੇ ਕੋਚਿੰਗ ਸੈਂਟਰਾਂ ਦੇ ਇਸ਼ਤਿਹਾਰ ਬੱਚਿਆਂ ਅਤੇ ਮਾਪਿਆਂ ਦੇ ਦਿਮਾਗ ਵਿਚ ਇਹ ਵਿਸ਼ਵਾਸ ਬਣਾਉਣ ਵਿਚ ਕਾਮਯਾਬ ਹੋ ਜਾਂਦੇ ਹਨ ਕਿ ਜੇਕਰ ਉਨ੍ਹਾਂ ਦਾ ਬੱਚਾ ਕੋਚਿੰਗ ਲਵੇ ਤਾਂ ਉਸ ਦੇ ਕਾਮਯਾਬ ਹੋਣ ਦੀ ਗੁੰਜਾਰਿਸ਼ ਜ਼ਿਆਦਾ ਹੈ। ਪ੍ਰਾਈਵੇਟ ਸਕੂਲਾਂ ਅਤੇ ਕਾਲਜਾਂ ਵਿਚ ਹੋਏ ਵਾਧੇ ਨੇ ਸਿੱਖਿਆ ਨੂੰ ਆਮ ਆਦਮੀ ਦੀ ਪਹੁੰਚ ਤੋਂ ਦੂਰ ਕਰਕੇ ਕੇਵਲ ਸਰਮਾਏਦਾਰਾਂ ਤੱਕ ਸੀਮਤ ਕਰਨ ਵਿਚ ਕੋਈ ਕਸਰ ਨਹੀਂ ਛੱਡੀ।

-ਰਜਵਿੰਦਰ ਪਾਲ ਸ਼ਰਮਾ

ਬੈਂਕ ਦੀ ਐਂਟਰੀ ਪੰਜਾਬੀ 'ਚ ਕਰੋ

ਸੰਗਤ ਮੰਡੀ, ਜ਼ਿਲਾ ਬਠਿੰਡਾ ਦੇ ਪੰਜਾਬ ਨੈਸ਼ਨਲ ਬੈਂਕ ਵਿਚ ਬੈਂਕ ਦੀਆਂ ਕਾਪੀਆਂ 'ਤੇ ਇੰਟਰੀ ਪਾਉਣ ਲਈ ਲਾਈ ਗਈ ਮਸ਼ੀਨ ਜਿੱਥੇ ਬਹੁਤ ਹੀ ਮੱਠੀ ਗਤੀ ਵਿਚ ਕੰਮ ਕਰਦੀ ਹੈ, ਉਥੇ ਨਾਲ ਹੀ ਮਸ਼ੀਨ ਵਿਚ ਅੰਗਰੇਜ਼ੀ ਅਤੇ ਹਿੰਦੀ ਭਾਸ਼ਾ ਦੇ ਆਪਸ਼ਨ ਤਾਂ ਹਨ, ਪਰੰਤੂ ਪੰਜਾਬੀ ਭਾਸ਼ਾ ਦਾ ਆਪਸ਼ਨ ਨਾ ਹੋਣ ਕਾਰਨ ਪਿੰਡਾਂ ਦੇ ਘੱਟ ਪੜ੍ਹੇ ਤੇ ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਲੋਕ ਬਹੁਤ ਹੀ ਦੁਖੀ ਹਨ। ਪੰਜਾਬ ਵਿਚ ਹੀ ਪੰਜਾਬੀ ਭਾਸ਼ਾ ਨਾਲ ਅਜਿਹਾ ਸਲੂਕ ਕਰਨਾ ਸਰਕਾਰ ਦੇ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਦੇ ਖੋਖਲੇ ਬਿਆਨਾਂ ਦੀ ਫੂਕ ਕੱਢਦਾ ਪ੍ਰਤੀਤ ਹੁੰਦਾ ਹੈ। ਜੇਕਰ ਇਸ ਬੈਂਕ ਵਿਚ ਸਾਹਮਣੇ ਕਾਊਂਟਰ ਤੇ ਬੈਠੇ ਇਕ ਨੌਜਵਾਨ ਨੂੰ ਲੋਕ ਐਂਟਰੀ ਪਾਉਣ ਲਈ ਆਖਦੇ ਹਨ ਤਾਂ ਉਹ ਬਹੁਤ ਹੀ ਜ਼ਿਆਦਾ ਉੱਚਾ-ਨੀਵਾਂ ਬੋਲਦਾ ਹੈ। ਸਰਕਾਰ ਅਤੇ ਬੈਂਕ ਦੇ ਉੱਚ ਅਧਿਕਾਰੀਆਂ ਨੂੰ ਤੁਰੰਤ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ।

-ਅੰਗਰੇਜ਼ ਸਿੰਘ ਵਿੱਕੀ
ਪਿੰਡ ਕੋਟਗੁਰੂ (ਬਠਿੰਡਾ)

ਪ੍ਰਸੰਸਾਯੋਗ ਐਡੀਟੋਰੀਅਲ

ਪਿਛਲੇ ਦਿਨੀਂ ਖ਼ਤਰੇ ਦੀ ਘੰਟੀ ਸਿਰਲੇਖ ਹੇਠ ਐਡੀਟੋਰੀਅਲ ਪੜ੍ਹ ਕੇ ਹੈਰਾਨੀ ਹੋਈ ਕਿ ਪੰਜਾਬ ਦੇ ਪਾਣੀ ਦੀ ਗੁਣਵੱਤਾ ਰਿਪੋਰਟ ਵਿਚ 12 ਜ਼ਿਲ੍ਹਿਆਂ ਵਿਚ ਆਰਸੈਨਿਕ ਦੀ ਮਾਤਰਾ ਵਧ ਅਤੇ 20 ਜ਼ਿਲ੍ਹਿਆਂ ਵਿਚ ਨਾਈਟ੍ਰੇਟ ਦੀ ਮਾਤਰਾ ਵੱਧ ਪਾਈ ਗਈ, ਜਿਸ ਕਰਕੇ ਕੈਂਸਰ, ਚਮੜੀ, ਫੇਫੜਿਆਂ ਅਤੇ ਰੋਗਾਂ ਵਿਚ ਵਾਧਾ ਹੋ ਰਿਹਾ ਹੈ ਅਤੇ ਪਾਣੀ ਵਿਚ ਨਾਈਟ੍ਰੇਟ ਦੀ ਵਧੇਰੇ ਮਾਤਰਾ ਹੋਣ ਕਰਕੇ ਨਵਜੰਮ੍ਹੇ ਬੱਚਿਆਂ ਵਿਚ ਬਲਿਊ ਬੇਬੀ, ਸਿੰਡਰੋਮ ਆਦਿ ਰੋਗ ਪੈਦਾ ਹੋਣ ਦਾ ਖ਼ਤਰਾ ਹੈ। ਪੰਜਾਬ ਵਿਚ 26.57 ਫ਼ੀਸਦੀ ਪਾਣੀ ਵਿਚ ਸੋਡੀਅਮ ਕਾਰਬੋਨੇਟ ਦੀ ਮਾਤਰਾ ਵਧੇਰੇ ਹੋਣ ਕਰਕੇ ਕੁਝ ਸਮੇਂ ਬਾਅਦ ਸਿੰਚਾਈ ਯੋਗ ਵੀ ਨਹੀਂ ਰਹੇਗਾ। ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਦਾ ਪਾਣੀ ਗੰਧਲਾ ਹੋਣ ਵਿਚ ਕਾਰਖਾਨਿਆਂ/ਫੈਕਟਰੀਆਂ ਵਲੋਂ ਕੈਮੀਕਲ ਯੁਕਤ ਪਾਣੀ ਸਿੱਧੇ-ਅਸਿੱਧੇ ਰੂਪ ਵਿਚ ਧਰਤੀ ਹੇਠਾਂ ਸੁੱਟਣਾ, ਸੀਵਰੇਜ ਦਾ ਪਾਣੀ, ਪੈਸਟੀਸਾਈਡ, ਟੈਕਸੀ ਸਾਈਡ ਵਰਤਣੇ, ਲੋੜ ਤੋਂ ਵੱਧ ਨਦੀਨ ਨਾਸ਼ਕ ਦਾ ਛਿੜਕਾਅ ਕਰਨ ਕਰਕੇ ਧਰਤੀ ਹੇਠਲਾ ਪਾਣੀ ਪੀਣ ਲਾਇਕ ਨਹੀਂ ਹੈ। ਸਬਜ਼ੀਆਂ, ਦਾਲਾਂ, ਅਨਾਜ, ਪਸ਼ੂਆਂ ਦੇ ਚਾਰੇ ਆਦਿ 'ਤੇ ਡੂੰਘਾ ਅਸਰ ਪੈ ਰਿਹਾ ਹੈ। ਨਦੀਆਂ ਨਾਲਿਆਂ ਕੰਢੇ ਰਹਿ ਰਹੇ ਲੋਕ ਕੈਂਸਰ ਆਦਿ ਤੋਂ ਜ਼ਿਆਦਾ ਪੀੜਤ ਹਨ।

-ਸੁਖਵਿੰਦਰ ਸਿੰਘ ਪਾਹੜਾ
ਬਹਿਰਾਮਪੁਰ ਰੋਡ, ਦੀਨਾਨਗਰ।