08-04-2025
ਨਸ਼ਾ
ਹਰ ਮਨੁੱਖ ਨੂੰ ਕਿਸੇ ਨਾ ਕਿਸੇ ਨਸ਼ੇ ਦੀ ਆਦਤ ਹੁੰਦੀ ਹੈ। ਨਸ਼ਾ ਵਿਅਕਤੀ ਦੇ ਤਨ, ਮਨ ਅਤੇ ਦਿਮਾਗ਼ 'ਤੇ ਸਿੱਧਾ ਅਸਰ ਕਰਦਾ ਹੈ। ਨਸ਼ਾ ਦੋ ਤਰ੍ਹਾਂ ਦਾ ਹੁੰਦਾ ਹੈ ਇਕ ਚੰਗਾ ਅਤੇ ਇਕ ਮਾੜਾ। ਮਾੜੇ ਨਸ਼ੇ ਵਿਚ ਸ਼ਰਾਬ, ਚਿੱਟਾ, ਭੁੱਕੀ, ਸਿਗਰਟ, ਤੰਬਾਕੂ ਤੇ ਹੋਰ ਬਹੁਤ ਸਾਰੇ ਨਸ਼ੇ ਆ ਜਾਂਦੇ ਹਨ। ਜੋ ਸਾਡੀ ਸ਼ਖ਼ਸੀਅਤ ਨੂੰ ਨਿਖਾਰ ਕੇ ਜੀਵਨ ਨੂੰ ਕਾਮਯਾਬ ਬਣਾਉਂਦੇ ਹਨ। ਕਾਮਯਾਬੀ ਮਿਲਣ 'ਤੇ ਸਮਾਜ ਵਿਚ ਰੁਤਬਾ ਤੇ ਇੱਜ਼ਤ ਵਧਦੀ ਹੈ। ਲਿਖਣ ਦਾ ਨਸ਼ਾ ਸਾਡੇ ਵਿਚ ਰੁਚੀਆਂ ਨੂੰ ਨਿਖਾਰਦਾ ਹੈ ਅਤੇ ਨਾਲ ਹੀ ਮਾਂ ਬੋਲੀ ਨਾਲ ਪਿਆਰ ਵਧਾਉਂਦਾ ਹੈ। ਪੜ੍ਹਨ ਦਾ ਨਸ਼ਾ ਸਾਨੂੰ ਦਿਮਾਗੀ ਤੌਰ 'ਤੇ ਵਿਕਸਿਤ ਕਰਦਾ ਹੈ ਅਤੇ ਸਾਨੂੰ ਟੀਚੇ ਤੱਕ ਪਹੁੰਚਾਉਣ ਵਿਚ ਮਦਦ ਕਰਦਾ ਹੈ। ਇਸੇ ਤਰ੍ਹਾਂ ਘੁੰਮਣ ਦਾ ਨਸ਼ਾ ਜਿੱਥੇ ਆਮ ਗਿਆਨ ਵਿਚ ਵਾਧਾ ਕਰਦਾ ਹੈ, ਉੱਥੇ ਸ਼ਖ਼ਸੀਅਤ ਨੂੰ ਵੀ ਨਿਖਾਰਦਾ ਹੈ। ਕੁਝ ਕਰਕੇ ਵਿਖਾਉਣ ਦਾ ਨਸ਼ਾ ਵੀ ਵਿਅਕਤੀ ਨੂੰ ਕਾਮਯਾਬੀ ਤੱਕ ਲੈ ਜਾਂਦਾ ਹੈ। ਇਸ ਤੋਂ ਉਲਟ ਮਾੜੇ ਨਸ਼ੇ ਸ਼ੌਂਕ ਤੋਂ ਸ਼ੁਰੂ ਹੁੰਦੇ ਹਨ। ਬੱਚੇ ਸਿਗਰਟ, ਜਰਦਾ, ਕੂਲਿਪ, ਸ਼ਰਾਬ ਜਾਂ ਹੋਰ ਨਸ਼ੇ ਦੂਜਿਆਂ ਵੱਲ ਵੇਖ ਕੇ ਕਰਨ ਲਗਦੇ ਹਨ। ਹੌਲੀ-ਹੌਲੀ ਇਹੀ ਸ਼ੌਕ ਉਨ੍ਹਾਂ ਦੀ ਮਜਬੂਰੀ ਬਣਨ ਲਗਦੀ ਹੈ। ਅਜਿਹੇ ਵਿਅਕਤੀਆਂ ਨੂੰ ਸਮਾਜ ਨਸ਼ੇੜੀ ਜਾਂ ਸ਼ਰਾਬੀ ਕਹਿੰਦਾ ਹੈ। ਅਜਿਹੇ ਨਸ਼ੇ ਵਿਅਕਤੀ ਨੂੰ ਸਿਰਫ਼ ਬਰਬਾਦੀ ਵੱਲ ਲੈ ਕੇ ਜਾਂਦੇ ਹਨ।
-ਗੌਰਵ ਮੁੰਜਾਲ
ਪੀ.ਸੀ.ਐਸ.
ਅਸੀਂ ਸੁਰੱਖਿਅਤ ਕਿੱਥੇ ਹਾਂ?
ਆਮ ਇਨਸਾਨ ਦੇ ਮਨ ਵਿਚ ਬਣ ਰਿਹਾ ਹਰ ਰੋਜ਼ ਇੱਕ ਨਵਾਂ ਡਰ ਵਧ ਰਹੀ ਮਹਿੰਗਾਈ, ਵਧ ਰਹੇ ਸੋਨੇ ਦੇ ਭਾਅ, ਪੈਸਾ ਕਿੱਥੇ ਸੁਰੱਖਿਆ ਹੈ; ਘਰ ਵਿਚ ਜਾਂ ਬੈਂਕ ਵਿਚ? ਆਪਣੀ ਮਿਹਨਤ ਦੀ ਕਮਾਈ ਨੂੰ ਸੁਰੱਖਿਅਤ ਕਰਕੇ ਭਵਿੱਖ ਲਈ ਰੱਖੇ ਤਾਂ ਰੱਖੇ ਕਿੱਥੇ? ਲੁੱਟ, ਖੋਹ, ਚੋਰੀ ਇਹ ਸਭ ਦਿਨ ਪ੍ਰਤੀ ਦਿਨ ਵਧਦਾ ਹੀ ਜਾ ਰਿਹਾ ਹੈ। ਅਕਸਰ ਹੀ ਅਸੀਂ ਪੈਸੇ ਨੂੰ ਬੈਂਕ ਵਿਚ ਜਮ੍ਹਾਂ ਕਰਕੇ ਰੱਖਦੇ ਹਾਂ ਪਰ ਜਿੱਥੇ ਕੋਈ ਵਿਆਜ ਨਹੀਂ ਮਿਲਦਾ ਹੈ ਸਧਾਰਨ ਇਨਸਾਨ ਨੂੰ ਇਹ ਡਰ ਰਹਿੰਦਾ ਹੈ ਕਿ ਕਿਤੇ ਕਿਸੇ ਸਵੇਰ ਉੱਠਦਿਆਂ ਨੂੰ ਖਬਰ ਮਿਲੇ ਕਿ ਟੈਕਨਾਲੋਜੀ ਬੰਦ ਜਾਂ ਸਭ ਇੰਟਰਨੈੱਟ ਸੇਵਾਵਾਂ ਬੰਦ ਹੋ ਗਈਆਂ ਹਨ। ਜੇਕਰ ਉਸ ਪੈਸੇ ਨੂੰ ਸੋਨੇ 'ਚ ਲਗਾਉਂਦਾ ਹੈ ਤਾਂ ਕਿਸੇ ਆਮ ਇਨਸਾਨ ਦੀ ਉਮਰਾਂਬੱਧੀ ਮਿਹਨਤ ਦੀ ਕਮਾਈ ਨੂੰ ਮਿੰਟਾਂ ਪਲਾਂ ਵਿਚ ਸਾਫ਼ ਕਰ ਦਿੱਤਾ ਜਾਂਦਾ ਹੈ, ਕਿਸੇ ਤੁਰੇ ਜਾਂਦੇ ਇਨਸਾਨ ਨੂੰ ਕੁਝ ਪੈਸਿਆਂ ਦੇ ਲਈ ਕਤਲ ਕਰ ਦਿੱਤਾ ਜਾਂਦਾ ਜਾਂ ਜ਼ਖ਼ਮੀ ਕਰਕੇ ਸੁੱਟ ਦਿੱਤਾ ਜਾਂਦਾ ਹੈ। ਆਖਿਰਕਾਰ ਅਸੀਂ ਸੁਰੱਖਿਅਤ ਕਿੱਥੇ ਹਾਂ ਤੇ ਇਸ ਸਭ ਦਾ ਜ਼ਿੰਮੇਵਾਰ ਕੌਣ ਹੈ? ਵੱਧ ਰਹੇ ਨਸ਼ੇ? ਚਿੱਟਾ? ਜਾਂ ਵੱਧ ਰਹੀ ਬੇਰੁਜ਼ਗਾਰੀ? ਜਾਂ ਫਿਰ ਸਾਡੀਆਂ ਸਰਕਾਰਾਂ ਤੇ ਸਾਡੇ ਕਾਨੂੰਨ ਦੀਆਂ ਨਾਕਾਮਯਾਬੀਆਂ?
-ਰਜਨਦੀਪ ਕੌਰ ਸੰਧੂ
ਕੌਹਰ ਸਿੰਘ ਵਾਲਾ, ਫਿਰੋਜ਼ਪੁਰ।
ਲੋੜ ਹੈ ਕੁਝ ਠਹਿਰਨ ਦੀ
'ਅਜੀਤ' ਦੇ ਸੰਪਾਦਕੀ ਪੰਨੇ 'ਤੇ ਛਪਿਆ ਲੇਖ 'ਵਿਨਾਸ਼ ਨੂੰ ਟਾਲਣਾ ਸਾਡੇ ਹੀ ਹੱਥ ਵਿਚ ਹੈ' ਪੜ੍ਹਿਆ, ਮਹਿਸੂਸ ਹੋਇਆ ਕਿ ਬਿਹਤਰ ਜ਼ਿੰਦਗੀ ਦੀ ਇੱਛਾ ਕਰਨੀ ਸਾਡਾ ਫਰਜ਼ ਹੈ, ਪਰ ਇਸ ਦੌਰਾਨ ਪ੍ਰਕਿਰਤੀ ਨਾਲ ਛੇੜਛਾੜ ਕਰਨਾ ਬਿਲਕੁਲ ਵੀ ਸਹੀ ਨਹੀਂ ਹੈ। ਅੱਜ ਦਾ ਯੁੱਗ ਵਿਗਿਆਨ ਦਾ ਯੁੱਗ ਹੈ, ਹਵਾਈ ਜਹਾਜ਼ ਨਾਲ ਅਸੀਂ ਇਕ ਤੋਂ ਦੂਜੀ ਜਗ੍ਹਾ ਕੁਝ ਮਿੰਟਾਂ ਵਿਚ ਹੀ ਪਹੁੰਚ ਜਾਂਦੇ ਹਾਂ। ਪਣਡੁੱਬੀਆਂ ਨਾਲ ਅਸੀਂ ਸਮੁੰਦਰੀ ਜੀਵਨ ਬੜੀ ਆਸਾਨੀ ਨਾਲ ਦੇਖ ਸਕਦੇ ਹਾਂ। ਪਰ ਸਮੁੰਦਰੀ ਜਹਾਜ਼ਾਂ ਦੇ ਡੁੱਬਣ ਨਾਲ ਜਹਾਜ਼ਾਂ ਦਾ ਤੇਲ ਸਮੁੰਦਰੀ ਜੀਵਨ ਨੂੰ ਪ੍ਰਦੂਸ਼ਿਤ ਕਰਦਾ ਹੈ। ਜੇਕਰ ਅਸੀਂ ਪ੍ਰਕਿਰਤੀ ਨਾਲ ਛੇੜਛਾੜ ਕਰਦੇ ਹਾਂ ਤਾਂ ਸਜ਼ਾ ਤਾਂ ਸਾਨੂੰ ਮਿਲਣੀ ਹੀ ਹੈ। ਲੋੜ ਹੈ ਕੁਝ ਸਮਾਂ ਠਹਿਰਣ ਦੀ। ਵਿਨਾਸ਼ ਨੂੰ ਟਾਲਣਾ ਕਾਫੀ ਹੱਦ ਤੱਕ ਸਾਡੇ ਹੀ ਹੱਥ ਵਿਚ ਹੈ।
-ਲਵਪ੍ਰੀਤ ਕੌਰ
ਘਟਦੀ ਸੰਵੇਦਨਸ਼ੀਲਤਾ
ਜੇ ਸਮਾਜ ਵਿਚ ਆਸੇ-ਪਾਸੇ ਦੇ ਘਟਨਾਕ੍ਰਮ ਨੂੰ ਵੇਖੀਏ ਜਾਂ ਅਖ਼ਬਾਰਾਂ ਵਿਚ ਖਬਰਾਂ ਨੂੰ ਗਹੁ ਨਾਲ ਪੜ੍ਹੀਏ ਤਾਂ ਪਤਾ ਲੱਗਦਾ ਹੈ ਕਿ ਅਸੀਂ ਕਿੱਧਰ ਨੂੰ ਜਾ ਰਹੇ ਹਾਂ। ਮਨੁੱਖ ਵਿਚ ਸੰਵੇਦਨਸ਼ੀਲਤਾ ਖੰਭ ਲਾ ਕੇ ਉੱਡ ਗਈ ਹੈ। ਅੱਜ ਦਾ ਮਨੁੱਖ ਬਿਨਾਂ ਸੰਵੇਦਨਾ ਦੇ ਇਕ ਮਸ਼ੀਨ ਦਾ ਕਲਪੁਰਜ਼ਾ ਬਣ ਕੇ ਰਹਿ ਗਿਆ ਹੈ। ਸਮਾਜਿਕ ਰਿਸ਼ਤਿਆਂ ਵਿਚ ਆਈ ਗਿਰਾਵਟ ਦਾ ਕਾਰਨ ਵੀ ਦਿਨੋ-ਦਿਨ ਘਟਦੀ ਸੰਵੇਦਨਸ਼ੀਲਤਾ ਹੈ। ਸਹਿਣਸ਼ੀਲਤਾ, ਠਰ੍ਹੰਮਾ, ਨਿਮਰਤਾ ਆਦਿ ਗੁਣ ਜੋ ਸਾਡੀ ਪਹਿਚਾਣ ਹਨ, ਅੱਜ ਵਿਰਲੇ ਵਿਚ ਦੇਖਣ ਨੂੰ ਮਿਲਦੇ ਹਨ। ਆਪੋ-ਧਾਪੀ ਮਚੀ ਹੋਈ ਹੈ। ਨੌਜਵਾਨ ਪੀੜ੍ਹੀ ਵਲੋਂ ਛੋਟੀ-ਛੋਟੀ ਗੱਲ 'ਤੇ ਇਕ-ਦੂਜੇ ਨੂੰ ਤੇਜ਼ਧਾਰ ਹਥਿਆਰਾਂ ਨਾਲ ਜਾਨੋਂ ਮਾਰਨ ਜਿਹੀਆਂ ਘਟਨਾਵਾਂ ਰੋਜ਼ਾਨਾ ਅਖ਼ਬਾਰਾਂ ਵਿਚ ਪੜ੍ਹਨ ਨੂੰ ਮਿਲਦੀਆਂ ਹਨ। ਅੱਜ ਦੇ ਕਲਯੁਗ ਵਿਚ ਢਿੱਡ ਦੇ ਜੰਮੇ ਵੀ ਨਿੱਜੀ ਸਵਾਰਥ ਲਈ ਮਾਪਿਆਂ ਨੂੰ ਮਾਰਨ ਲਈ ਮਿੰਟ ਲਾਉਂਦੇ ਹਨ। ਈਰਖਾ ਦਵੈਸ਼ ਕਾਰਨ ਭਰਾ, ਭਰਾ ਨੂੰ ਮਾਰ ਰਿਹਾ ਹੈ। ਜਦੋਂ ਦਾ ਇਨਸਾਨ ਸੋਸ਼ਲ ਮੀਡੀਆ ਨੂੰ ਹੀ ਆਪਣਾ ਖੈਰ ਖਵਾਹ ਮੰਨ ਕੇ ਦਿਨ-ਰਾਤ ਉਸ ਵਿਚ ਗੁੰਮ ਰਹਿੰਦਾ ਹੈ, ਉਹ ਆਪਣਿਆਂ ਤੋਂ ਦੂਰ ਹੋ ਗਿਆ ਹੈ। ਅਸੀਂ ਗੁਰੂ ਸਾਹਿਬਾਨ ਵਲੋਂ ਦਿੱਤੀਆਂ ਸਿੱਖਿਆਵਾਂ ਤੋਂ ਬਹੁਤ ਦੂਰ ਹੋ ਰਹੇ ਹਾਂ।
-ਕੈਲਾਸ਼ ਠਾਕੁਰ
ਪਿੰਡ ਬਰਮਲਾ, ਨੰਗਲ ਟਾਊਨਸ਼ਿਪ।