JALANDHAR WEATHER

07-04-2025

 ਰਿਸ਼ਤੇ ਹੋਏ ਤਾਰ-ਤਾਰ

ਕਿਹੋ ਜਿਹਾ ਜ਼ਮਾਨਾ ਆ ਗਿਆ ਹੈ। ਆਪਣੇ ਹੱਥੋਂ ਆਪਣੇ ਹੀ ਪਰਿਵਾਰਕ ਮੈਂਬਰਾਂ ਦਾ ਕਤਲ ਕੀਤਾ ਜਾ ਰਿਹਾ ਹੈ। ਇਨਸਾਨੀਅਤ ਸ਼ਰਮਸਾਰ ਹੋ ਚੁੱਕੀ ਹੈ। ਹਾਲ ਹੀ ਵਿਚ ਖਬਰ ਪੜ੍ਹੀ ਕਿ ਅੰਮ੍ਰਿਤਸਰ ਦਿਹਾਤੀ ਦੇ ਪਿੰਡ ਵਿਚ ਇਕ ਨੌਜਵਾਨ ਵਲੋਂ ਆਪਣੀ ਹੀ ਮਾਂ, ਭਰਜਾਈ ਤੇ ਮਾਸੂਮ ਭਤੀਜੇ ਦੀ ਹੱਤਿਆ ਕਰ ਦਿੱਤੀ ਗਈ। ਘਟਨਾ ਨੇ ਰੌਂਗਟੇ ਖੜ੍ਹੇ ਕਰ ਦਿੱਤੇ। ਕਾਤਲ ਨੇ ਘਰ ਵਿਚ ਸੁੱਤੀ ਪਈ ਆਪਣੀ ਮਾਂ, ਭਰਜਾਈ ਤੇ ਮਾਸੂਮ ਭਤੀਜੇ ਨੂੰ ਵੀ ਨਹੀਂ ਬਖ਼ਸ਼ਿਆ। ਪੂਰੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਨੇ ਖ਼ੁਦ ਥਾਣੇ ਵਿਚ ਪੇਸ਼ ਹੋ ਕੇ ਪੂਰੀ ਘਟਨਾ ਦੀ ਜਾਣਕਾਰੀ ਦਿੱਤੀ। ਕਿਹੋ ਜਿਹਾ ਵੇਲਾ ਆ ਗਿਆ ਹੈ। ਇਨਸਾਨੀਅਤ ਖ਼ਤਮ ਹੋ ਚੁੱਕੀ ਹੈ। ਲੋਕਾਂ ਵਿਚ ਸਹਿਣਸ਼ੀਲਤਾ, ਨਿਮਰਤਾ ਤੇ ਬਰਦਾਸ਼ਤ ਸ਼ਕਤੀ ਬਿਲਕੁਲ ਵੀ ਨਹੀਂ ਰਹੀ ਹੈ। ਹਰ ਘਰ ਵਿਚ ਕਿਸੇ ਨਾ ਕਿਸੇ ਗੱਲ ਕਾਰਨ ਮਨ-ਮੁਟਾਵ ਹੋ ਜਾਂਦਾ ਹੈ। ਪਰ ਇਸ ਦਾ ਇਹ ਮਤਲਬ ਨਹੀਂ ਕਿ ਤੁਸੀਂ ਆਪਣੇ ਹੀ ਪਰਿਵਾਰਕ ਮੈਂਬਰਾਂ ਦੀ ਜਾਨ ਲੈ ਲਵੋ। ਦੇਖੋ, ਉਸ ਮਾਸੂਮ ਦਾ ਕੀ ਕਸੂਰ? ਪਰਿਵਾਰ ਹੀ ਪੂਰਾ ਖ਼ਤਮ ਕਰਕੇ ਰੱਖ ਦਿੱਤਾ। ਘਰ ਵਿਚ ਕਦੇ ਵੀ ਇਕ-ਦੂਜੇ ਦੀ ਬਰਾਬਰੀ ਨਾ ਕਰੋ। ਕਈ ਵਾਰ ਇੰਨੀ ਜ਼ਿਆਦਾ ਲੜਾਈ ਵੱਧ ਜਾਂਦੀ ਹੈ ਕਿ ਇਕ-ਦੂਜੇ ਨੂੰ ਚੁੱਪ ਕਰਾਉਣਾ ਮੁਸ਼ਕਿਲ ਹੋ ਜਾਂਦਾ ਹੈ। ਅਕਸਰ ਸਿਆਣੇ ਕਹਿੰਦੇ ਵੀ ਹਨ ਕਿ ਲੜਾਈ ਅਤੇ ਲੱਸੀ ਨੂੰ ਜਿੰਨਾ ਮਰਜ਼ੀ ਵਧਾ ਲਓ।

-ਸੰਜੀਵ ਸਿੰਘ ਸੈਣੀ,
ਮੁਹਾਲੀ

ਸ਼ਾਹਪੁਰ ਕੰਢੀ ਪ੍ਰੋਜੈਕਟ ਲਾਹੇਵੰਦ

ਇਹ ਰਾਹਤ ਭਰੀ ਅਤੇ ਖ਼ੁਸ਼ੀ ਦੀ ਗੱਲ ਹੈ ਕਿ ਬਹੁਮੰਤਵੀ ਰਣਜੀਤ ਸਾਗਰ ਡੈਮ (ਥੀਨ ਡੈਮ) ਦੀ ਦੂਜੀ ਇਕਾਈ 206 ਮੈਗਾਵਾਟ ਸਮਰੱਥਾ ਵਾਲੇ ਰਾਵੀ ਨਦੀ 'ਤੇ ਸ਼ਾਹਪੁਰ ਕੰਢੀ ਡੈਮ ਪ੍ਰੋਜੈਕਟ ਦੇ ਬੰਨ੍ਹ ਦਾ ਨਿਰਮਾਣ ਪੂਰਾ ਹੋ ਗਿਆ ਹੈ ਅਤੇ ਇਸ ਨਾਲ ਸੰਬੰਧਿਤ ਪਾਵਰ ਹਾਊਸ ਦਾ ਕੰਮ ਵੀ ਪੂਰੀ ਤੇਜ਼ੀ ਨਾਲ ਚੱਲ ਰਿਹਾ ਹੈ। ਗੌਰਤਲਬ ਹੈ ਕਿ ਸਤੰਬਰ, 2018 ਵਿਚ ਜੰਮੂ-ਕਸ਼ਮੀਰ ਅਤੇ ਪੰਜਾਬ ਦੁਆਰਾ ਆਪਸੀ ਸਮਝੌਤੇ ਦੀ ਪ੍ਰਵਾਨਗੀ ਦੇ ਸਦਕਾ ਇਸ ਵੱਕਾਰੀ ਪ੍ਰੋਜੈਕਟ 'ਤੇ ਲੰਬੇ ਸਮੇਂ ਤੋਂ ਉਡੀਕਿਆ ਜਾ ਰਿਹਾ ਨਿਰਮਾਣ ਪੂਰਾ ਹੋ ਗਿਆ ਹੈ। ਉਮੀਦ ਹੈ ਕਿ ਇਹ ਪ੍ਰੋਜੈਕਟ ਲਾਜ਼ਮੀ ਤਕਨੀਕੀ ਜਾਂਚਾਂ ਅਤੇ ਟੈਸਟਿੰਗਾਂ ਤੋਂ ਬਾਅਦ ਜਲਦੀ ਹੀ ਕਾਰਜਸ਼ੀਲ ਹੋ ਜਾਵੇਗਾ, ਜਿਸ ਨਾਲ ਜੰਮੂ ਅਤੇ ਕਸ਼ਮੀਰ ਨੂੰ ਸਿੰਚਾਈ ਅਤੇ ਹੋਰ ਉਦੇਸ਼ਾਂ ਲਈ ਆਪਣੇ ਹਿੱਸੇ ਦਾ ਪਾਣੀ ਮਿਲਣਾ ਸ਼ੁਰੂ ਹੋ ਜਾਵੇਗਾ।
ਇਹ ਮਹੱਤਵਪੂਰਨ ਹੈ ਕਿ ਇਹ ਪ੍ਰੋਜੈਕਟ ਰਾਵੀ ਦਰਿਆ ਦੇ ਪਾਣੀ ਦੀ ਸਾਡੇ ਆਪਣੇ ਦੇਸ਼ ਭਾਰਤ ਵਿਚ ਹੀ ਸਰਬੋਤਮ ਵਰਤੋਂ ਵਿਚ ਮਦਦ ਕਰੇਗਾ, ਕਿਉਂਕਿ ਹੁਣ ਇਹ ਕਿਸੇ ਵੀ ਵਾਧੂ ਪਾਣੀ ਨੂੰ ਬਚਾਅ ਕੇ ਸੰਭਾਲੇਗਾ, ਜੋ ਪਹਿਲਾਂ ਬਰਸਾਤ ਦੇ ਮੌਸਮ ਵਿਚ ਪਾਕਿਸਤਾਨ ਚਲਾ ਜਾਂਦਾ ਸੀ।

-ਇੰ. ਕ੍ਰਿਸ਼ਨ ਕਾਂਤ ਸੂਦ ਨੰਗਲ।

ਪੁਲਿਸ ਦੇ ਅਧਿਕਾਰ

ਬੀਤੇ ਦਿਨੀਂ ਪਟਿਆਲੇ ਵਿਚ ਕਰਨਲ ਅਤੇ ਉਸ ਦੇ ਬੇਟੇ ਦੀ ਕੁੱਟਮਾਰ ਕਰਨ ਦਾ ਮਾਮਲਾ ਬਹੁਤ ਗੰਭੀਰ ਹੈ। ਕੁੱਟ-ਮਾਰ ਕਰਨ ਵਾਲੇ ਕੋਈ ਹੋਰ ਨਹੀਂ, ਸਗੋਂ ਪੁਲਿਸ ਮੁਲਾਜ਼ਮ ਹੀ ਸਨ। ਜਿਸ ਦੀ ਕੁੱਟਮਾਰ ਕੀਤੀ ਹੈ, ਉਹ ਦੇਸ਼ ਦੀ ਰੱਖਿਆ ਕਰਨ ਵਾਲਾ ਕਰਨਲ ਸਾਹਿਬ ਹੈ। ਇਹ ਬਹੁਤ ਮੰਦਭਾਗੀ ਘਟਨਾ ਹੈ। ਇਸ ਘਟਨਾ 'ਤੇ ਸਰਕਾਰ ਨੂੰ ਤੁਰੰਤ ਐਕਸ਼ਨ ਲੈਂਦਿਆਂ ਕਾਰਵਾਈ ਕਰਨੀ ਚਾਹੀਦੀ ਸੀ, ਪਰ ਪ੍ਰਸ਼ਾਸਨ ਨੇ ਬਹੁਤ ਦੇਰ ਬਾਅਦ ਕਦਮ ਚੁੱਕਿਆ ਹੈ।
ਪੁਲਿਸ ਮੁਲਾਜ਼ਮਾਂ ਨੂੰ ਆਪਣੇ ਅਧਿਕਾਰਾਂ ਦੀ ਵਰਤੋਂ ਸੋਚ ਸਮਝ ਕੇ ਸ਼ਾਂਤ ਮਨ ਨਾਲ ਕਰਨੀ ਚਾਹੀਦੀ ਹੈ, ਤਾਂ ਕਿ ਅੱਗੇ ਵਾਸਤੇ ਇਹੋ ਜਿਹੀ ਕੋਈ ਮੰਦਭਾਗੀ ਘਟਨਾ ਨਾ ਵਾਪਰੇ, ਜਿਸ ਨਾਲ ਕਿ ਪੁਲਿਸ ਪ੍ਰਸ਼ਾਸਨ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਵੇ। ਪੁਲਿਸ ਆਮ ਜਨਤਾ ਦੀ ਰੱਖਿਆ ਕਰਨ ਲਈ ਹੁੰਦੀ ਹੈ।

-ਡਾ. ਨਰਿੰਦਰ ਭੱਪਰ ਝਬੇਲਵਾਲੀ
ਸ੍ਰੀ ਮੁਕਤਸਰ ਸਾਹਿਬ।

ਨੌਜਵਾਨਾਂ ਦਾ ਸੰਤਾਪ

ਵਿਗਿਆਨ ਦੀਆਂ ਕਾਢਾਂ ਨੇ ਮਨੁੱਖ ਤੋਂ ਮਨੁੱਖ ਦੀਆਂ ਦੂਰੀਆਂ ਨੂੰ ਘਟਾ ਕੇ ਪੂਰੀ ਦੁਨੀਆ ਨੂੰ ਇਕ ਵਿਸ਼ਵ ਪਿੰਡ ਬਣਾ ਕੇ ਮਨੁੱਖ ਨੂੰ ਸੌਖ ਪ੍ਰਦਾਨ ਕੀਤੀ ਹੈ। ਕਈ ਦਿਨਾਂ ਅਤੇ ਘੰਟਿਆਂ ਵਿਚ ਹੋਣ ਵਾਲਾ ਕੰਮ ਹੁਣ ਕੁਝ ਸੈਕਿੰਡਾਂ ਅਤੇ ਮਿੰਟਾਂ ਵਿਚ ਹੋਣਾ ਸੰਭਵ ਹੋ ਗਿਆ ਹੈ। ਵਿਗਿਆਨ ਅਤੇ ਤਕਨਾਲੋਜੀ ਦੇ ਜਿੱਥੇ ਲਾਭ ਹਨ ਉਥੇ ਹਾਨੀਆਂ ਵੀ ਹਨ। ਮੋਬਾਈਲ ਵਿਗਿਆਨ ਦੀ ਇੱਕ ਅਜਿਹੀ ਕਾਢ ਹੈ, ਜਿਸ ਦੇ ਅਜੋਕੇ ਸਮੇਂ ਵਿਚ ਲਾਭ ਘੱਟ ਅਤੇ ਹਾਨੀਆਂ ਜ਼ਿਆਦਾ ਨਜ਼ਰ ਆ ਰਹੀਆਂ ਹਨ। ਕੋਰੋਨਾ ਦੇ ਸਮੇਂ ਪੜ੍ਹਾਈ ਲਈ ਵਿਦਿਆਰਥੀਆਂ ਦੇ ਹੱਥ ਵਿਚ ਦਿੱਤਾ ਮੋਬਾਇਲ ਅੱਜ ਸਮਾਜ ਅਤੇ ਨੌਜਵਾਨਾਂ ਲਈ ਇੱਕ ਸਮੱਸਿਆ ਬਣ ਚੁੱਕਿਆ ਹੈ ਜਿਸ ਦੀ ਤਾਜ਼ਾ ਉਦਾਹਰਨ ਓਡੀਸ਼ਾ ਵਿਚ ਦੇਖਣ ਨੂੰ ਮਿਲ ਰਹੀ ਹੈ, ਜਿਥੇ ਇਕ ਨੌਜਵਾਨ ਨੇ ਆਨਲਾਈਨ ਗੇਮ ਖੇਡਣ ਤੋਂ ਰੋਕਣ 'ਤੇ ਆਪਣੇ ਮਾਤਾ-ਪਿਤਾ ਅਤੇ ਭੈਣ ਦਾ ਕਤਲ ਕਰ ਦਿੱਤਾ। ਨੌਜਵਾਨ ਮਾਨਸਿਕ ਪ੍ਰੇਸ਼ਾਨ ਦੱਸਿਆ ਜਾ ਰਿਹਾ ਹੈ। ਜੇਕਰ ਘਟਨਾ ਤੇ ਗ਼ੌਰ ਨਾਲ ਨਜ਼ਰ ਮਾਰੀ ਜਾਵੇ ਤਾਂ ਮਾਨਸਿਕ ਰੋਗੀ ਹੋਣ ਦਾ ਕਾਰਨ ਵੀ ਜ਼ਿਆਦਾ ਸਮੇਂ ਤੱਕ ਆਨਲਾਈਨ ਗੇਮ ਖੇਡਣਾ ਅਤੇ ਮੋਬਾਈਲ ਦੇ ਸੰਪਰਕ ਵਿਚ ਰਹਿਣਾ ਹੈ। ਆਨਲਾਈਨ ਗੇਮ ਖੇਡਣ ਦੀ ਲਤ ਨੇ ਨੌਜਵਾਨ ਨੂੰ ਕੁਰਾਹੇ ਪਾ ਕੇ ਨੌਜਵਾਨ ਦਾ ਭਵਿੱਖ ਅਤੇ ਪਰਿਵਾਰ ਖ਼ਤਮ ਕਰ ਦਿੱਤਾ। ਇਹ ਇੱਕ ਨੌਜਵਾਨ ਦੀ ਨਹੀਂ ਹੁਣ ਤਾਂ ਘਰ-ਘਰ ਦੀ ਕਹਾਣੀ ਹੈ। ਕੰਨਾਂ ਵਿਚ ਲੱਗੇ ਈਅਰਫੋਨ ਸੜਕ ਹਾਦਸਿਆਂ ਵਿਚ ਵਾਧਾ ਕਰ ਰਹੇ ਹਨ। ਰੀਲਾਂ ਬਣਾਉਣੀਆਂ ਨੌਜਵਾਨ ਦਾ ਫੈਸ਼ਨ ਬਣ ਚੁੱਕਿਆ ਹੈ। ਵਧੇਰੇ ਲਾਈਕ ਅਤੇ ਕੁਮੈਂਟ ਪ੍ਰਾਪਤ ਕਰਨ ਲਈ ਨੌਜਵਾਨ ਖ਼ਤਰਿਆਂ ਨਾਲ ਖੇਡਣ ਨੂੰ ਆਪਣੀ ਬਹਾਦਰੀ ਸਮਝਦੇ ਹਨ। ਪੜ੍ਹਾਈ ਅਤੇ ਖੇਡਾਂ ਨੂੰ ਅਜੋਕੀ ਪੀੜ੍ਹੀ ਤਵੱਜੋ ਨਹੀਂ ਦੇ ਰਹੀ। ਅਨੁਸ਼ਾਸਨ ਅਤੇ ਸਹਿਣਸ਼ੀਲਤਾ ਕਿਤੇ ਖੰਭ ਲਾ ਕੇ ਉੱਡ ਗਈ। ਬਹੁਤੇ ਅੱਲ੍ਹੜ ਉਮਰਾਂ ਵਾਲੇ ਮਾਪਿਆਂ ਦੇ ਕਹਿਣੇ ਤੋਂ ਬਾਹਰ ਹਨ। ਉਨ੍ਹਾਂ ਲਈ ਰੋਟੀ ਨਾਲੋਂ ਵੀ ਜ਼ਰੂਰੀ ਮੋਬਾਈਲ ਬਣ ਗਿਆ ਹੈ। ਦਿਨੋਂ-ਦਿਨ ਕੁਰਾਹੇ ਪੈ ਰਹੀ ਨੌਜਵਾਨ ਪੀੜ੍ਹੀ ਨੂੰ ਸਮੇਂ ਸਿਰ ਸ਼ੀਸ਼ਾ ਦਿਖਾਉਣਾ ਬਹੁਤ ਜ਼ਰੂਰੀ ਅਤੇ ਸਮੇਂ ਦੀ ਮੁੱਖ ਲੋੜ ਹੈ। ਸਰਕਾਰ ਅਤੇ ਪ੍ਰਸ਼ਾਸਨ ਨੂੰ ਜਿੱਥੇ ਬੱਚਿਆਂ ਲਈ ਸਾਈਬਰ ਸੁਰੱਖਿਆ ਅਤੇ ਆਨਲਾਈਨ ਗੇਮਾਂ ਦੇ ਹੋਣ ਵਾਲੇ ਨੁਕਸਾਨਾਂ ਪ੍ਰਤੀ ਜਾਗਰੂਕ ਕਰਨਾ ਚਾਹੀਦਾ ਹੈ, ਉਥੇ ਮਾਤਾ-ਪਿਤਾ ਅਤੇ ਅਧਿਆਪਕਾਂ ਨੂੰ ਵੀ ਨੌਜਵਾਨ ਬੱਚਿਆਂ ਵਿਚ ਨਾਸੂਰ ਬਣ ਚੁੱਕੀ ਮੋਬਾਈਲ ਫ਼ੋਨ ਦੀ ਵਧੇਰੇ ਵਰਤੋਂ 'ਤੇ ਨਕਲ ਕੱਸਣ ਲਈ ਅੱਗੇ ਆਉਣਾ ਚਾਹੀਦਾ ਹੈ।

-ਰਜਵਿੰਦਰ ਪਾਲ ਸ਼ਰਮਾ

ਟਿਊਸ਼ਨ ਵੀ ਇਕ ਫ਼ੈਸ਼ਨ ਹੈ

ਜਦੋਂ ਅਸੀਂ ਛੋਟੇ ਹੁੰਦੇ ਪੜ੍ਹਦੇ ਸੀ ਤਾਂ ਚੈਕਿੰਗ ਹੋਣ ਸਮੇਂ ਉੱਚ ਅਧਿਕਾਰੀ ਬਸਤੇ ਚੈੱਕ ਕਰਦੇ ਸਨ ਕਿ ਅਧਿਆਪਕ ਨੇ ਕੋਈ ਗਾਈਡ ਤਾਂ ਨਹੀਂ ਲਗਵਾਈ ਹੋਈ। ਉਸ ਸਮੇਂ ਅਧਿਆਪਕ ਵੀ ਸਮਰਪਿਤ ਹੁੰਦੇ ਸਨ ਜੋ ਕਿ ਆਪ ਪੜ੍ਹ ਕੇ ਪੜ੍ਹਾਉਂਦੇ ਸਨ। ਹੁਣ ਵਿਦਿਆਰਥੀ ਅਤੇ ਮਾਪੇ ਅਧਿਆਪਕ 'ਤੇ ਘੱਟ ਵਿਸ਼ਵਾਸ ਕਰਦੇ ਹਨ ਤੇ ਟਿਊਸ਼ਨਾਂ ਵਾਲਿਆਂ 'ਤੇ ਜ਼ਿਆਦਾ। ਹਾਂ ਇਕ ਗੱਲ ਜ਼ਰੂਰ ਹੈ ਜੋ ਟਿਊਸ਼ਨਾਂ ਵਾਲੇ ਕਹਿ ਦੇਣ ਉਹੀ ਸੱਚ ਹੈ ਤੇ ਅਧਿਆਪਕ ਦਾ ਕਿਹਾ ਕਈ ਵਾਰ ਬੇਅਰਥ ਹੋ ਜਾਂਦਾ ਹੈ। ਆਪਣੇ ਆਪ ਪੜ੍ਹਨ ਦਾ ਅਤੇ ਪੜ੍ਹਾਉਣ ਦਾ ਰੁਝਾਨ ਮਨਫ਼ੀ ਹੋ ਗਿਆ ਹੈ। ਉੱਚੀਆਂ ਟਿਊਸ਼ਨਾਂ/ਸਟੇਟਸ ਸਿੰਬਲ ਬਣ ਕੇ ਰਹਿ ਜਾਂਦੀਆਂ ਹਨ, ਹੁੰਦਾ ਉਹੀ ਹੈ ਜੋ ਬੱਚੇ ਮਿਹਨਤ ਕਰ ਕੇ ਖ਼ੁਦ ਸਿੱਖਦੇ ਹਨ। ਲੋਕਾਂ ਨੇ ਟਿਊਸ਼ਨਾਂ ਨੂੰ ਫੈਸ਼ਨ ਬਣਾ ਲਿਆ ਹੈ ਜਦ ਕਿ ਟਿਊਸ਼ਨਾਂ ਨਲਾਇਕ ਵਿਦਿਆਰਥੀਆਂ ਲਈ ਹੁੰਦੀਆਂ ਸਨ। ਟਿਊਸ਼ਨਾਂ ਜ਼ਰੂਰਤ ਨਹੀਂ ਭੇਡਚਾਲ ਹੈ।

-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ।