02-04-2025
ਸ਼ਾਬਾਸ਼ ਪੰਜਾਬ ਪੁਲਿਸ
ਪੰਜਾਬ ਵਿਚ ਸ਼ਰਾਰਤੀ ਅਨਸਰਾਂ ਵਲੋਂ ਪੰਜਾਬ ਦਾ ਮਾਹੌਲ ਲਗਾਤਾਰ ਖਰਾਬ ਕੀਤਾ ਜਾ ਰਿਹਾ ਹੈ। ਇਨ੍ਹਾਂ ਸ਼ਰਾਰਤੀ ਅਨਸਰਾਂ ਵਲੋਂ ਪੰਜਾਬ ਵਿਚ ਰੋਜ਼ਾਨਾ ਹੀ ਕਤਲ, ਲੜਾਈ ਝਗੜੇ, ਮਾਰਕੁੱਟ, ਲੁੱਟਾਂ ਖੋਹਾਂ, ਅਗਵਾ ਕਰਨਾ, ਗੋਲੀਆਂ ਚਲਾਉਣ ਵਰਗੀਆਂ ਘਟਨਾਵਾਂ ਆਮ ਜਿਹੀ ਗੱਲ ਹੋ ਗਈਆਂ ਹਨ। ਇਨ੍ਹਾਂ ਘਟਨਾਵਾਂ ਦੇ ਵਾਪਰਨ ਨਾਲ ਪੰਜਾਬ ਦੇ ਲੋਕਾਂ ਦੇ ਮਨਾਂ ਵਿਚ ਬਹੁਤ ਜ਼ਿਆਦਾ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਇਨ੍ਹਾਂ ਘਟਨਾਵਾਂ ਨੂੰ ਰੋਕਣ ਲਈ ਸਾਰੇ ਲੋਕ ਪੰਜਾਬ ਪੁਲਿਸ ਦੀ ਢਿੱਲੀ ਅਤੇ ਸੁਸਤ ਕਾਰਵਾਈ ਨੂੰ ਵੱਡਾ ਕਾਰਨ ਮੰਨਦੇ ਹਨ। ਪਰ ਪਿਛਲੇ ਦਿਨੀਂ ਇਕ ਬੱਚੇ ਨੂੰ ਅਗਵਾ ਕੀਤੇ ਜਾਣ ਦੀ ਘਟਨਾ ਨੂੰ ਪੰਜਾਬ ਪੁਲਿਸ ਨੇ ਬੜੀ ਹੀ ਗੰਭੀਰਤਾ ਨਾਲ ਲੈਂਦਿਆਂ ਹੱਲ ਕਰਕੇ ਬੱਚੇ ਨੂੰ ਸਹੀ ਸਲਾਮਤ ਮਾਪਿਆਂ ਦੇ ਹਵਾਲੇ ਕਰ ਦਿੱਤਾ। ਇਸ ਤਰ੍ਹਾਂ ਹੀ ਮਹਾਰਾਣੀ ਪ੍ਰਨੀਤ ਕੌਰ ਦੇ ਬੈਂਕ ਖਾਤੇ ਵਿਚੋਂ ਆਨਲਾਈਨ ਠੱਗਾਂ ਵਲੋਂ ਕਢਵਾਏ ਗਏ ਲੱਖਾਂ ਰੁਪਏ ਵੀ ਪੰਜਾਬ ਪੁਲਿਸ ਨੇ ਬਹੁਤ ਘੱਟ ਸਮੇਂ ਵਿਚ ਮਹਾਰਾਣੀ ਸਾਹਿਬਾ ਦੇ ਖਾਤੇ ਵਿਚ ਵਾਪਸ ਪੁਆ ਦਿੱਤੇ ਸਨ। ਇਸ ਦਾ ਮਤਲਬ ਹੈ ਕਿ ਸਾਡੀ ਪੰਜਾਬ ਪੁਲਿਸ ਬਹੁਤ ਸਮਰੱਥ ਹੈ। ਜਿਸ ਘਟਨਾ ਨੂੰ ਇਹ ਗੰਭੀਰਤਾ ਨਾਲ ਲੈ ਲਵੇ ਤਾਂ ਬਹੁਤ ਜਲਦੀ ਉਸ ਨੂੰ ਹੱਲ ਕਰ ਲੈਂਦੀ ਹੈ। ਪਰ ਪੰਜਾਬ ਪੁਲਿਸ ਸਾਰੀਆਂ ਘਟਨਾਵਾਂ ਨੂੰ ਗੰਭੀਰਤਾ ਨਾਲ ਨਹੀਂ ਲੈਂਦੀ। ਪੰਜਾਬ ਪੁਲਿਸ ਚਾਹੇ ਤਾਂ ਕੀ ਨਹੀਂ ਕਰ ਸਕਦੀ। ਜੇਕਰ ਪੰਜਾਬ ਦੇ ਹਾਲਾਤ ਠੀਕ ਕਰਨੇ ਹਨ, ਫਿਰ ਪੰਜਾਬ ਸਰਕਾਰ ਨੂੰ ਪੁਲਿਸ ਦੇ ਕੰਮ ਕਰਨ ਦੇ ਢੰਗ 'ਤੇ ਧਿਆਨ ਦੇਣਾ ਪਵੇਗਾ। ਪੰਜਾਬ ਪੁਲਿਸ ਦੀ ਕੰਮ ਕਰਨ ਦੀ ਕਾਰਗੁਜ਼ਾਰੀ ਐਨੀ ਸੁਸਤ ਅਤੇ ਢਿੱਲੀ ਕਿਉਂ ਹੈ।
-ਗੁਰਤੇਜ ਸਿੰਘ ਖੁਡਾਲ
ਭਾਗੂ ਰੋਡ, ਬਠਿੰਡਾ।
ਜ਼ਿੰਦਗੀ ਖ਼ੂਬਸੂਰਤ ਹੈ
ਸੁੱਖ ਦੁੱਖ ਜ਼ਿੰਦਗੀ ਦੇ ਪ੍ਰਛਾਵੇਂ ਹਨ। ਹਰ ਇਨਸਾਨ ਇਨ੍ਹਾਂ ਵਿਚੋਂ ਗੁਜ਼ਰਦਾ ਹੈ। ਜ਼ਿਆਦਾ ਸੁੱਖ ਵਿਚ ਖ਼ੁਸ਼ੀ ਨਾ ਮਾਣੀਏ, ਤੇ ਦੁੱਖ ਵਿਚ ਜ਼ਿਆਦਾ ਦੁਖੀ ਨਾ ਹੋਈਏ। ਇਹ ਹੁਣ ਸਾਡੇ ਉੱਤੇ ਨਿਰਭਰ ਕਰਦਾ ਹੈ ਕਿ ਅਸੀਂ ਮੁਸੀਬਤ ਵਿਚੋਂ ਕਿਸ ਤਰ੍ਹਾਂ ਨਿਕਲਣਾ ਹੈ। ਸਹਿਜ ਹੋ ਕੇ ਮੁਸੀਬਤ ਵਿਚੋਂ ਨਿਕਲਿਆ ਜਾ ਸਕਦਾ ਹੈ। ਸਾਨੂੰ ਹਰ ਹਾਲਤ ਵਿਚ ਜਿਊਣਾ ਆਉਣਾ ਚਾਹੀਦਾ ਹੈ। ਨਕਾਰਾਤਮਕ ਵਿਚਾਰ ਕਦੇ ਵੀ ਆਪਣੇ ਦਿਮਾਗ਼ ਵਿਚ ਨਾ ਆਉਣ ਦਿਉ। ਟੀਚੇ 'ਤੇ ਪਹੁੰਚਣ ਲਈ ਮਿਹਨਤ ਤਾਂ ਕਰਨੀ ਹੀ ਪੈਣੀ ਹੈ। ਕਈ ਇਨਸਾਨਾਂ ਦਾ ਜੀਵਨ ਇਨ੍ਹਾਂ ਸੰਘਰਸ਼ਾਂ ਨਾਲ ਭਰਿਆ ਹੁੰਦਾ ਹੈ, ਫਿਰ ਵੀ ਉਹ ਜ਼ਿੰਦਗੀ ਨੂੰ ਹੱਸ ਖੇਡ ਕੇ ਬਸਰ ਕਰਦੇ ਹਨ। ਮਿਹਨਤ ਕਰਕੇ ਹੀ ਅਜਿਹੇ ਇਨਸਾਨਾਂ ਨੇ ਮਨਚਾਹਿਆ ਟੀਚਾ ਹਾਸਲ ਕੀਤਾ। ਚਿਹਰੇ 'ਤੇ ਬਿਲਕੁਲ ਵੀ ਉਦਾਸੀ ਨਹੀਂ ਹੁੰਦੀ ।ਸਬਰ, ਸੰਤੋਖ, ਸਹਿਣਸ਼ੀਲ ਹੋ ਕੇ ਹੀ ਮੁਸੀਬਤਾਂ ਦਾ ਟਾਕਰਾ ਕੀਤਾ ਜਾ ਸਕਦਾ ਹੈ। ਹਮੇਸ਼ਾ ਸਕਾਰਾਤਮਕ ਸੋਚ ਰੱਖੋ। ਘਰ ਵਿਚ ਪਿਆਰ ਨਾਲ ਰਹੋ। ਇਕ ਦੂਜੇ ਦਾ ਸਤਿਕਾਰ ਕਰੋ। ਚੰਗੇ ਮਿੱਤਰ ਨਾਲ ਦਿਲ ਦੀ ਗੱਲ ਸਾਂਝੀ ਕਰੋ, ਮੁਸੀਬਤ ਵਿਚ ਕਦੇ ਵੀ ਆਪਣੇ ਆਪ ਨੂੰ ਇਕੱਲਾ ਮਹਿਸੂਸ ਨਾ ਕਰੋ। ਹਰ ਪਲ ਇਸ ਦਾ ਆਨੰਦ ਮਾਣੋ।
-ਸੰਜੀਵ ਸਿੰਘ ਸੈਣੀ
ਮੁਹਾਲੀ।
ਨਾਰੀ ਚੇਤਨਾ ਦੀ ਆਵਾਜ਼
ਸਾਡੇ ਬਹੁਤ ਹੀ ਸਤਿਕਾਰਤ ਸਾਥੀ ਸੁਮੀਤ ਸਿੰਘ ਨੇ 8 ਮਾਰਚ ਨੂੰ ਆਪਣੇ ਆਰਟੀਕਲ 'ਚ ਬਹੁਤ ਵਧੀਆ ਗੱਲਾਂ ਕੀਤੀਆਂ ਹਨ। ਪੰਜਾਬ ਦੀ ਆਵਾਜ਼ ਅਜੀਤ ਅਖ਼ਬਾਰ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਇਹ ਆਰਟੀਕਲ ਛਾਪ ਕੇ ਔਰਤਾਂ ਦੇ ਹੱਕ ਵਿਚ ਠੋਕਵੀਂ ਹਾਜ਼ਰੀ ਲਗਾਈ ਹੈ। ਸੱਚ ਮੁੱਚ ਔਰਤ ਵਿਰੋਧੀ ਮਾਨਸਿਕਤਾ ਨੂੰ ਖ਼ਤਮ ਕਰਨਾ ਸਮੇਂ ਦੀ ਲੋੜ ਹੈ। ਪਰਿਵਾਰ, ਸਮਾਜ, ਦੇਸ਼, ਬ੍ਰਹਿਮੰਡ ਆਦਿ ਨਾਰੀ ਤੋਂ ਬਿਨਾਂ ਨਹੀਂ ਚੱਲ ਸਕਦੇ। ਔਰਤ ਦਾ ਆਦਰ ਸਨਮਾਨ ਮਰਦ ਪ੍ਰਧਾਨ ਸਮਾਜ ਨੂੰ ਕਰਨਾ ਹੀ ਬਣਦਾ ਹੈ। ਔਰਤ ਨੂੰ ਆਪਣੇ ਹੱਕਾਂ ਲਈ ਆਪ ਉੱਠਣਾ ਪਵੇਗਾ। ਹਰ ਦ੍ਰਿਸ਼ਟੀਕੋਣ ਤੋਂ ਸੁਮੀਤ ਜੀ ਨੇ ਨਾਰੀ ਜਾਗਰੂਕਤਾ ਦੀਆਂ ਵਧੀਆ ਗੱਲਾਂ ਕਹੀਆਂ ਹਨ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਸ ਭੌਤਿਕਵਾਦੀ ਯੁੱਗ ਵਿਚ ਔਰਤਾਂ ਦੇ ਵਿਚਰਨ, ਵਿਚਾਰਨ ਅਤੇ ਆਚਾਰ-ਵਿਹਾਰ 'ਚ ਜੋ ਨਿਘਾਰ ਆ ਰਿਹਾ ਹੈ ਉਸ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।
-ਵਰਗਿਸ ਸਲਾਮਤ
ਬਟਾਲਾ।