JALANDHAR WEATHER

01-04-2025

 ਚਿੰਤਾ ਬਨਾਮ ਸੰਤੁਸ਼ਟੀ

ਅੱਜਕਲ੍ਹ ਹਰ ਬੰਦਾ ਚਿੰਤਾ ਦੇ ਕਾਰਨ ਅਨੇਕਾਂ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ। ਚਿੰਤਾ ਦੇ ਮੁੱਖ ਕਾਰਨ ਦੀ ਗੱਲ ਕਰੀਏ ਤਾਂ ਅਜੋਕੇ ਮਨੁੱਖ ਦੀ ਇਹ ਤ੍ਰਾਸਦੀ ਹੈ ਕਿ ਉਸ ਨੂੰ ਕਿਤੇ ਵੀ ਜ਼ਿੰਦਗੀ ਵਿਚ ਸੰਤੁਸ਼ਟੀ ਨਹੀਂ। ਇਕ ਖਾਹਿਸ਼ ਪੂਰੀ ਹੋਣ 'ਤੇ ਤੁਰੰਤ ਦੂਜੀ ਖਾਹਿਸ਼ ਜਾਗ ਪੈਂਦੀ ਹੈ। ਜਦੋਂ ਕੋਈ ਚੀਜ਼ ਅਸੀਂ ਪਾ ਲੈਂਦੇ ਹਾਂ ਤਾਂ ਉਸ ਤੋਂ ਅਨੰਦ ਮਿਲਣਾ ਖ਼ਤਮ ਹੋ ਜਾਂਦਾ ਹੈ। ਜ਼ਿੰਦਗੀ ਦਾ ਮਕਸਦ ਮੰਜ਼ਿਲ ਪਾਉਣਾ ਨਹੀਂ ਬਲਕਿ ਮੰਜ਼ਿਲ ਦੇ ਰਸਤੇ ਦਾ ਅਨੰਦ ਲੈਣਾ ਹੋਣਾ ਚਾਹੀਦਾ ਹੈ। ਅਸੀਂ ਚਿੰਤਾ ਮੁਕਤ ਹੋ ਕੇ ਬੇਫਿਕਰੀ ਵਾਲੀ ਜ਼ਿੰਦਗੀ ਜਿਊਂ ਤਾਂ ਸਕਦੇ ਹਾਂ, ਪਰ ਗੁਆਂਢੀਆਂ ਦੇ ਘਰ ਖੜ੍ਹੀ ਕਾਰ ਸਾਨੂੰ ਆਰਾਮ ਨਾਲ ਨਹੀਂ ਜਿਊਣ ਦਿੰਦੀ। ਹਰ ਕੋਈ ਕੋਠੀਆਂ, ਕਾਰਾਂ ਦਾ ਮਾਲਕ ਬਣਨਾ ਚਾਹੁੰਦਾ ਹੈ ਅਤੇ ਇਸ ਦੌੜ ਵਿਚ ਸਭ ਤੋਂ ਅੱਗੇ ਨਿਕਲ ਜਾਣਾ ਚਾਹੁੰਦਾ ਹੈ। ਦੁਖਾਂਤ ਇਹ ਹੈ ਕਿ ਅਸੀਂ ਇਹ ਸਭ ਕੁਝ ਦਿਖਾਵੇ ਲਈ ਹੀ ਕਰੀ ਜਾਂਦੇ ਹਾਂ। ਜੋ ਮਨੁੱਖ ਆਪਣੀ ਜ਼ਿੰਦਗੀ ਵਿਚ ਸੰਤੁਸ਼ਟ ਨਹੀਂ, ਉਸ ਦੇ ਮਨ ਵਿਚ ਇਕ ਭਟਕਣ ਜਿਹੀ ਲੱਗੀ ਰਹਿੰਦੀ ਹੈ ਅਤੇ ਇਹ ਭਟਕਣ ਹੀ ਸਾਡੇ ਲਈ ਚਿੰਤਾ ਦਾ ਕਾਰਨ ਬਣਦੀ ਹੈ। ਜ਼ਿੰਦਗੀ ਵਿਚ ਸੰਤੁਸ਼ਟ ਹੋਣਾ ਇਕ ਬਹੁਤ ਵੱਡੀ ਪ੍ਰਾਪਤੀ ਹੈ। ਮਨੁੱਖ ਨੂੰ ਆਪਣੀ ਜ਼ਿੰਦਗੀ ਵਿਚ ਕਿਤੇ ਨਾ ਕਿਤੇ ਸੰਤੁਸ਼ਟ ਹੋ ਜਾਣਾ ਚਾਹੀਦਾ ਹੈ।

-ਚਰਨਜੀਤ ਸਿੰਘ
ਸੈਂਟਰ ਹੈੱਡ ਟੀਚਰ, ਸ.ਪ.ਸ. ਝਬੇਲਵਾਲੀ, ਜ਼ਿਲ੍ਹਾ ਮੁਕਤਸਰ ਸਾਹਿਬ।

ਪਾਣੀ ਦੀ ਸੰਭਾਲ ਕਰੋ

ਪੰਜਾਬ ਦੇ ਦਰਿਆਵਾਂ ਦਾ ਅੱਧ ਤੋਂ ਵੱਧ ਹਿੱਸਾ ਪਾਣੀ ਹਰਿਆਣਾ ਤੇ ਰਾਜਸਥਾਨ ਨੂੰ ਜਾ ਰਿਹਾ ਹੈ ਅਤੇ ਜੋ ਬਾਕੀ ਪਾਣੀ ਬਚਦਾ ਹੈ, ਉਹ ਸੂਬੇ ਦੀਆਂ ਲੋੜਾਂ ਪੂਰੀਆਂ ਨਹੀਂ ਕਰਦਾ ਅਤੇ ਦੂਜੇ ਪਾਸੇ ਸੂਬੇ ਕੋਲ ਪਾਣੀ ਭੰਡਾਰ ਕਰਨ ਦੇ ਵੀ ਕੋਈ ਪੁਖਤਾ ਪ੍ਰਬੰਧ ਨਹੀਂ ਹਨ, ਜਿਸ ਕਾਰਨ ਬਾਰਿਸ਼ਾਂ ਦਾ ਪਾਣੀ ਅਜਾਈਂ ਚਲਾ ਜਾਂਦਾ ਹੈ। ਰਹਿੰਦੀ-ਖੂੰਹਦੀ ਕਸਰ ਮੁਫ਼ਤ ਪਾਣੀ ਦੀ ਸਹੂਲਤ ਨੇ ਕੱਢ ਦਿੱਤੀ ਹੈ, ਜਿਸ ਨਾਲ ਪਾਣੀ ਦੀ ਬੇਤਹਾਸ਼ਾ ਦੁਰਵਰਤੋਂ ਹੋ ਰਹੀ ਹੈ। ਸਰਕਾਰਾਂ ਸਿਆਸਤ ਦੇ ਚੱਕਰ ਵਿਚ ਇਸ ਦਾ ਕੁਝ ਨਹੀਂ ਕਰ ਸਕਦੀਆਂ। ਪੰਜਾਬ ਵਿਚ ਮੁੱਖ ਖੇਤੀ ਕਣਕ, ਝੋਨਾ ਹੀ ਹੈ, ਜਦੋਂ ਕਿ ਝੋਨੇ ਦੀ ਫ਼ਸਲ ਨੂੰ ਵੱਧ ਪਾਣੀ ਦੀ ਲੋੜ ਹੁੰਦੀ ਹੈ, ਜਿਸ ਕਰਕੇ ਸੂਬੇ ਵਿਚ ਹਰ ਸਾਲ ਵਧੇਰੇ ਮਾਤਰਾ ਵਿਚ ਪਾਣੀ ਜ਼ਮੀਨ ਹੇਠੋਂ ਕੱਢਿਆ ਜਾ ਰਿਹਾ ਹੈ ਅਤੇ ਧਰਤੀ ਹੇਠਲੇ ਪਾਣੀ ਦਾ ਪੱਧਰ ਹੋਰ ਡੂੰਘਾ ਹੋ ਗਿਆ ਹੈ, ਜੋ ਕਈ ਸਾਲ ਪਹਿਲਾਂ 30-40 ਫੁੱਟ 'ਤੇ ਹੀ ਹੁੰਦਾ ਸੀ। ਹੁਣ ਤਾਂ ਬਹੁਤੀਆਂ ਪੇਂਡੂ ਨਹਿਰਾਂ, ਨਾਲੇ, ਸੂਏ ਜਾਂ ਸੁੱਕ ਗਏ ਹਨ ਜਾਂ ਉਹ ਖ਼ਤਮ ਹੋ ਗਏ ਹਨ। ਇਹ ਵੀ ਆਮ ਵੇਖਣ ਵਿਚ ਆਉਂਦਾ ਹੈ ਕਿ ਲੋਕ ਟੂਟੀਆਂ ਨੂੰ ਖੁੱਲ੍ਹਾ ਛੱਡ ਕੇ ਪੀਣ ਵਾਲੇ ਪਾਣੀ ਨੂੰ ਬਰਬਾਦ ਕਰ ਰਹੇ ਹਨ। ਜੇਕਰ ਹੁਣ ਤੋਂ ਪਾਣੀ ਦੀ ਸੰਭਾਲ ਨਾ ਕੀਤੀ ਤਾਂ ਆਪਣੀਆਂ ਜ਼ਰੂਰਤ ਲਈ ਵੀ ਪਾਣੀ ਦੁਕਾਨਾਂ ਤੋਂ ਹੀ ਮਿਲੇਗਾ। ਇਸ ਲਈ ਸਰਕਾਰ ਨੂੰ ਮੁਫ਼ਤ ਦਿੱਤੀ ਜਾ ਰਹੀ ਪਾਣੀ ਦੀ ਸਹੂਲਤ 'ਤੇ ਮੁੜ ਤੋਂ ਨਜ਼ਰਸਾਨੀ ਸਰਕਾਰਾਂ ਨੂੰ ਕਰਨੀ ਚਾਹੀਦੀ ਹੈ। ਝੋਨੇ ਦੀ ਫ਼ਸਲ ਦਾ ਕੋਈ ਬਦਲ ਲੱਭਣ ਦੀ ਲੋੜ ਹੈ, ਜਿਸ ਤੋਂ ਕਿਸਾਨਾਂ ਨੂੰ ਲਗਭਗ ਝੋਨੇ ਜਿੰਨੀ ਆਮਦਨ ਹੋ ਸਕੇ। ਪਾਣੀ ਦੀ ਬੱਚਤ ਸੰਭਾਲ ਕਰਨਾ ਸਮੇਂ ਦੀ ਮੁੱਖ ਲੋੜ ਹੈ, ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਕਿ ਹਰਿਆ-ਭਰਿਆ ਪੰਜਾਬ ਮਾਰੂਥਲ ਬਣ ਜਾਵੇਗਾ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।

ਆਓ, ਹਾਂ-ਪੱਖੀ ਸੋਚ ਅਪਣੀਏ

ਮਨੁੱਖ ਸਮਾਜ ਵਿਚ ਵਿਚਰਦਿਆਂ ਅਨੇਕਾਂ ਰਿਸ਼ਤੇ ਬਣਾਉਂਦਾ ਅਤੇ ਨਿਭਾਉਂਦਾ ਵੀ ਹੈ। ਮਨੁੱਖ ਦੀ ਮਨੁੱਖ ਨਾਲ ਸਾਂਝ ਹੀ ਰਿਸ਼ਤਿਆਂ 'ਤੇ ਆਧਾਰਿਤ ਹੋਵੇ ਤਾਂ ਪਰਿਵਾਰਕ ਰਿਸ਼ਤੇ, ਪਰ ਜੇਕਰ ਸਾਂਝ ਪਰਿਵਾਰ ਤੋਂ ਬਾਹਰ ਸਮਾਜਿਕ ਸੰਬੰਧਾਂ 'ਤੇ ਆਧਾਰਿਤ ਹੋਵੇ ਤਾਂ ਸਮਾਜਿਕ ਰਿਸ਼ਤੇ ਬਣਦੇ ਹਨ। ਇਸ ਸਮਾਜ ਵਿਚ ਰਹਿੰਦਿਆਂ ਇਨਸਾਨ ਨੂੰ ਹਰ ਸਮੇਂ ਨਵੀਆਂ ਮੁਸ਼ਕਿਲਾਂ, ਨਵੀਆਂ ਚੁਣੌਤੀਆਂ ਅਤੇ ਹੋਰ ਅਨੇਕਾਂ ਮਸਲਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਮਨੁੱਖ ਇਨ੍ਹਾਂ ਮੁਸੀਬਤਾਂ ਦਾ ਹਰ ਸੰਭਵ ਹੱਲ ਲੱਭਣ ਵਿਚ ਹਮੇਸ਼ਾ ਹੀ ਯਤਨਸ਼ੀਲ ਤੇ ਤਤਪਰ ਰਹਿੰਦਾ ਹੈ, ਪਰ ਜੋ ਮਨੁੱਖ ਆਸ ਛੱਡ ਕੇ ਢੇਰੀ ਢਾਹ ਕੇ ਬੈਠ ਜਾਂਦੇ ਹਨ, ਉਹ ਸਦਾ ਹੀ ਪਛੜੇ ਰਹਿੰਦੇ ਹਨ। ਬੁਜ਼ਦਿਲ ਲੋਕ ਹਮੇਸ਼ਾ ਹੀ ਆਪਣੀ ਕਿਸਮਤ ਨੂੰ ਕੋਸਦੇ ਜਾਂ ਆਪਣੀਆਂ ਮੁਸੀਬਤਾਂ ਦਾ ਭਾਂਡਾ ਦੂਜੇ ਸਿਰ ਭੰਨਦੇ ਹਨ ਅਤੇ ਉਨ੍ਹਾਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਨ। ਢਹਿੰਦੀ ਕਲਾ ਵਿਚ ਰਹਿਣ ਵਾਲਾ ਵਿਅਕਤੀ ਆਪ ਵੀ ਕਦੇ ਖੁਸ਼ ਨਹੀਂ ਰਹਿ ਸਕਦਾ ਅਤੇ ਆਪਣੀ ਸੌੜੀ ਸੋਚ ਅਤੇ ਨਾਂਹ-ਪੱਖੀ ਰਵੱਈਏ ਨਾਲ ਆਪਣੇ ਆਲੇ-ਦੁਆਲੇ ਵੀ ਨਕਾਰਾਤਮਿਕਤਾ ਫੈਲਾਈ ਰੱਖਦਾ ਹੈ। ਅਜਿਹੇ ਮਨੁੱਖ ਤੋਂ ਸਭ ਦੂਰ ਭੱਜਦੇ ਹਨ, ਕੋਈ ਵੀ ਉਨ੍ਹਾਂ ਕੋਲ ਬੈਠ ਕੇ ਰਾਜ਼ੀ ਨਹੀਂ ਹੁੰਦਾ। ਸੋ, ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਰਹੋ, ਕਦੇ ਵੀ ਕਿਸਮਤ ਨੂੰ ਨਾ ਕੋਸੋ, ਕਠਿਨਾਈਆਂ ਦਾ ਡਟ ਕੇ ਸਾਹਮਣਾ ਕਰੋ, ਆਸ਼ਾਵਾਦੀ ਰਹੋ, ਦੂਜਿਆਂ ਦੀ ਮਦਦ ਕਰੋ। ਕਿਉਂਕਿ ਇਸ ਸਭ ਵਿਚ ਹੀ ਜੀਵਨ ਦੇ ਵਿਕਾਸ ਦਾ ਡੂੰਘਾ ਭੇਤ ਛੁਪਿਆ ਹੋਇਆ ਹੈ।

-ਰਮਿੰਦਰ ਗਿੱਲ
ਸਾਇੰਸ ਮਿਸਟ੍ਰੈਸ, ਸ.ਹ.ਸ. ਝੰਡੇਰ, ਅੰਮ੍ਰਿਤਸਰ।