30-03-2025
ਤਰਕ ਤੇ ਤਕਰਾਰ
ਲੇਖਕ : ਰਘਬੀਰ ਸਿੰਘ ਸੋਹਲ
ਪ੍ਰਕਾਸ਼ਕ : ਪੰਜਾਬੀ ਸਾਹਿਤ ਸਭਾ, ਬਾਬਾ ਬਕਾਲਾ ਸਾਹਿਬ
ਮੁੱਲ : 150 ਰੁਪਏ, ਸਫ਼ੇ : 136
ਸੰਪਰਕ: 98152-64132
ਪ੍ਰਿੰਸੀਪਲ ਰਘਬੀਰ ਸਿੰਘ ਸੋਹਲ ਜਾਣੇ-ਪਹਿਚਾਣੇ ਲੇਖਕ ਹਨ। ਉਹ ਸਾਹਿਤ ਦੀ ਹਰ ਵਿਧਾ 'ਤੇ ਹੱਥ ਅਜ਼ਮਾਈ ਕਰਨ ਵਾਲੇ ਸਾਹਿਤਕਾਰ ਹਨ। ਹਥਲੀ ਪੁਸਤਕ ਉਨ੍ਹਾਂ ਦੀ 24ਵੀਂ ਪੁਸਤਕ ਹੈ। ਇਸ ਪੁਸਤਕ ਵਿਚ 128 ਹਾਸ ਵਿਅੰਗ ਕਵਿਤਾਵਾਂ ਸ਼ਾਮਿਲ ਕੀਤੀਆਂ ਗਈਆ ਹਨ। ਵਿਰਸੇ ਵਿਚ ਆਪਣੇ ਤਾਇਆ ਜੀ ਸ: ਸੂਬਾ ਸਿੰਘ (ਮਰਹੂਮ ਹਾਸ-ਵਿਅੰਗ ਲੇਖਕ) ਪਾਸੋਂ ਮਿਲੀਆਂ ਜੁਗਤਾਂ ਨੂੰ ਆਪਣੀ ਲੇਖਣੀ ਵਿਚ ਢਾਲਣ ਵਾਲੇ ਪ੍ਰਿੰਸੀਪਲ ਰਘਵੀਰ ਸਿੰਘ ਸੋਹਲ ਇਸ ਪੁਸਤਕ ਵਿਚ ਆਪਣੀਆਂ ਕਾਵਿ ਕਿਰਤਾਂ ਰਾਹੀਂ ਵਿਭਿੰਨ ਪਸਾਰਾਂ ਨੂੰ ਆਪਣੇ ਵਿਅੰਗ/ਤਨਜ਼/ਕਟਾਖਸ਼ ਦੀ ਨਸ਼ਤਰ ਹੇਠ ਲਿਆਉਂਦੇ ਹਨ। ਸੱਤਾਧਾਰੀ ਸਿਆਸੀ ਲੋਕਾਂ ਦੇ ਕਿਰਦਾਰ ਅਤੇ ਵਿਵਹਾਰ, ਉਨ੍ਹਾਂ ਦੀ ਲੋਟੂ ਬਿਰਤੀ, ਕਹਿਣੀ ਅਤੇ ਕਰਨੀ ਵਿਚਲੇ ਫ਼ਰਕ, ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ, ਸਮਾਜ ਵਿਚ ਪਸਰੇ ਮਹਿੰਗਾਈ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਧਾਰਮਿਕ ਅਤੇ ਜਾਤ-ਪਾਤ ਦੇ ਵਿਤਕਰਿਆਂ, ਨਸ਼ਿਆਂ ਦੇ ਵਧ ਰਹੇ ਬੋਲਬਾਲੇ, ਠੱਗੀ-ਠੋਰੀ, ਮਿਲਾਵਟਖੋਰੀ, ਲੁੱਟਾਂ-ਖੋਹਾਂ ਅਤੇ ਵਧ ਰਹੀ ਧਾਰਮਿਕ ਜਾਤ-ਪਾਤ ਨੂੰ ਆਪਣੀ ਵਿਅੰਗਾਤਮਿਕ ਸ਼ੈਲੀ ਰਾਹੀਂ ਬਾਖ਼ੂਬੀ ਬਿਆਨ ਕਰਦੇ ਹਨ। 'ਤਰਕ ਤੇ ਤਕਰਾਰ' ਵਿਚ ਅਜਿਹੇ ਪਸਾਰੇ ਨੂੰ ਉਨ੍ਹਾਂ ਆੜੇ ਹੱਥੀਂ ਲਿਆ ਹੈ। ਜਿੱਥੇ ਉਸ ਦੀਆਂ ਕਵਿਤਾਵਾਂ ਹਸਾਉਂਦੀਆਂ ਹਨ, ਉੱਥੇ ਕੱਸੇ ਵਿਅੰਗ ਡੂੰਘੀ ਮਾਰ ਮਾਰਦੇ ਹਨ। ਕਵਿਤਾ 'ਪਿਆਰ' ਵਿਚ ਉਹ ਲਿਖਦੇ ਹਨ:
ਪਿਆਰ ਤੂੰ ਮੈਨੂੰ, ਕਰਨ ਨਹੀਂ ਦੇਣਾ,
ਨਫ਼ਰਤ ਮੈਂ ਤੈਨੂੰ ਕਰਨੀ ਨਹੀਂ।
ਖ਼ਾਹ ਮਖਾਹ ਹੀ, ਇਹ ਚੰਦਰੀ ਜੇਹੀ,
ਤਪਸ਼ ਹਿਜਰ ਦੀ ਜਰਨੀ ਨਹੀਂ।
ਕਵਿਤਾ 'ਕਰਾਰੀ ਚੋਟ' ਵਿਚ ਉਹ ਲਿਖਦੇ ਹਨ
ਵਿਅੰਗ ਲਿਖਣ ਲਈ, ਕੋਈ ਕਲਮ ਤਾਂ,
ਤਲਵਾਰ ਹੁੰਦੀ ਦੋ ਧਾਰੀ ਹੈ।
ਵਿਅੰਗ ਉਸਦੀ, ਸਮਝ ਨਹੀਂ ਪੈਂਦਾ
ਅਕਲ ਤੋਂ ਜਿਹੜਾ ਆਰੀ ਹੈ।
ਕਵਿਤਾ 'ਠੇਕਾ ਬਨਾਮ ਲਾਇਬ੍ਰੇਰੀ' ਵਿਚ ਉਹ ਮੌਜੂਦਾ ਸਰਕਾਰਾਂ 'ਤੇ ਤਿੱਖਾ ਵਿਅੰਗ ਲਿਖਦੇ ਹਨ,
ਨਸ਼ਿਆਂ ਨਾਲ ਬਦਨਾਮ ਹੋਣ ਦਾ,
ਸਾਰੀ ਹੀ ਝੱਭ ਮੁਕਾਅ ਦਿਉ ਜੀ।
ਪਿੰਡੋ ਪਿੰਡੀ ਸਭ ਠੇਕਿਆਂ ਉਤੇ,
ਲਾਇਬ੍ਰੇਰੀ ਹੀ ਲਿਖਵਾ ਦਿਉ ਜੀ।
ਹਾਸਾ-ਠੱਠਾ ਕਰਨਾ, ਫਿਰ ਉਸ ਨੂੰ ਹਾਸਰਸ ਸਾਹਿਤ ਵਿਚ ਲਿਖਣਾ, ਹਰੇਕ ਦੇ ਵੱਸ ਦੀ ਗੱਲ ਨਹੀਂ ਹੈ। ਪਰ ਪ੍ਰਿੰਸੀਪਲ ਰਘਵੀਰ ਸਿੰਘ ਸੋਹਲ ਇਸ ਵਿਚ ਪੂਰਨ ਸਫ਼ਲ ਹੋਏ ਹਨ।
-ਬਲਵਿੰਦਰ ਸਿੰਘ ਗੁਰਾਇਆ
ਮੋਬਾਈਲ : 94170-58020
ਤਕਦੀਰ
ਲੇਖਕ : ਡਾ. ਹੀਰਾ ਸਿੰਘ
ਪ੍ਰਕਾਸ਼ਕ : ਸੁੰਦਰ ਬੁੱਕ ਡਿਪੋ, ਜਲੰਧਰ
ਮੁੱਲ : 200 ਰੁਪਏ, ਸਫੇ : 85
ਸੰਪਰਕ : 98762-64424
'ਤਕਦੀਰ' ਕਾਵਿ ਸੰਗ੍ਰਹਿ ਡਾ. ਹੀਰਾ ਸਿੰਘ ਦਾ ਲਿਖਿਆ ਹੈ। ਡਾ. ਹੀਰਾ ਸਿੰਘ ਦੇ ਇਸ ਪਲੇਠੇ ਕਾਵਿ ਸੰਗ੍ਰਹਿ ਵਿਚ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਕਾਵਿ ਰਚਨਾਵਾਂ ਦਰਜ ਹਨ। ਇਸ ਦੀ ਭੂਮਿਕਾ ਵਿਚ ਰਤਨ ਟਾਹਲਵੀ ਨੇ ਇਸ ਦੇ ਵਿਸ਼ਿਆਂ ਬਾਰੇ ਦੱਸਿਆ ਹੈ। ਉਹ ਲਿਖਦੇ ਹਨ ਕਿ ਕਵਿਤਾਵਾਂ ਦੀ ਸਾਦਗੀ, ਸਪੱਸ਼ਟਤਾ, ਦਰਦ, ਮੋਹ ਤੇ ਮਿਠਾਸ ਦੇ ਗੁਣਾਂ ਕਰਕੇ ਇਹ ਪੁਸਤਕ ਪਾਠਕਾਂ ਨੂੰ ਕੀਲਣ ਦੀ ਸਮਰੱਥਾ ਰੱਖਦੀ ਹੈ। ਕਵੀ ਨੇ ਪ੍ਰਵਾਸ ਦੀ ਸਮੱਸਿਆ ਵੱਲ ਧਿਆਨ ਦਿਵਾਉਂਦਿਆਂ ਮਜਬੂਰੀਆਂ ਅਤੇ ਵਿਛੋੜੇ ਦੇ ਦੁੱਖ ਨੂੰ ਬੜੀ ਸੰਵੇਦਨਾ ਨਾਲ ਪ੍ਰਗਟਾਇਆ ਹੈ। ਕਵੀ ਦੀ ਕਾਵਿ-ਉਡਾਰੀ ਕਦੇ ਵਰਤਮਾਨ ਤੇ ਕਦੇ ਭੂਤਕਾਲ ਵਿਚਾਲੇ ਆਪਣੀ ਜੀਵਨ ਮੰਜ਼ਿਲ ਦੀ ਤਲਾਸ਼ ਕਰਦੀ ਨਜ਼ਰ ਆਉਂਦੀ ਹੈ। ਕਵੀ ਆਪਣੇ ਵਿਗਿਆਨਕ ਨਜ਼ਰੀਏ ਨਾਲ ਪੰਜਾਬ ਦੇ ਲੋਕਾਂ ਦੇ ਰਿਵਾਜ਼ ਤੇ ਸ਼ਗਨ-ਅਪਸ਼ਗਨ ਪਰਖਦਾ ਨਜ਼ਰ ਆਉਂਦਾ ਹੈ। ਇਸ ਸੰਬੰਧੀ 'ਸ਼ਗਨ' ਕਵਿਤਾ ਵੇਖੀ ਜਾ ਸਕਦੀ ਹੈ। 'ਜੀਅ ਭਿਆਣਾ' ਕਵਿਤਾ ਕਵੀ ਦੁਆਰਾ ਮਨੁੱਖ ਦੀ ਮਜਬੂਰੀ ਦਾ ਖ਼ੂਬਸੂਰਤ ਚਿਤਰਣ ਕਰਦੀ ਕਵਿਤਾ ਹੈ। 'ਮੁਹੱਬਤ', 'ਕਿਰਦਾਰ' ਕਵਿਤਾ ਕਵੀ ਨੇ ਮਾਨਵੀ ਮਨੋਭਾਵਾਂ ਦੇ ਖ਼ੂਬਸੂਰਤ ਪ੍ਰਗਟਾਵੇ ਨਾਲ ਚਿਤਰੀ ਹੈ। ਆਧੁਨਿਕ ਮਨੁੱਖ ਦੀ ਪਦਾਰਥਕ ਸੋਚ ਦਾ ਪ੍ਰਗਟਾਵਾ ਕਰਦੀ ਕਵਿਤਾ 'ਪੈਸਾ' ਮਨੁੱਖ ਦੇ ਸਵਾਰਥ ਤੇ ਲਾਲਚ ਦਾ ਖ਼ੂਬਸੂਰਤ ਪ੍ਰਗਟਾਵਾ ਹੈ। ਕਵੀ ਨੇ ਮਨੁੱਖੀ ਵਿਹਾਰ ਨੂੰ ਪ੍ਰਭਾਵਿਤ ਕਰਦੇ ਮਸਲਿਆਂ ਬਾਰੇ ਵੀ ਬਹੁਤ ਪ੍ਰੇਰਨਾਦਾਇਕ ਕਾਵਿ ਰਚਨਾ ਕੀਤੀ ਹੈ। ਉਹ ਕਿਸੇ ਦੀ ਨਿੰਦਿਆ ਨਾ ਕਰਨ ਸੰਬੰਧੀ 'ਨਿੰਦਿਆ' ਕਵਿਤਾ ਰਾਹੀਂ ਸਾਨੂੰ ਪ੍ਰੇਰਦਾ ਹੈ। ਵਰਤਮਾਨ ਯੁੱਗ ਵਿਚ ਖੁਸ਼ਾਮਦ ਕਰਦੇ ਲੋਕਾਂ ਦਾ ਵਿਹਾਰ, (ਕਵਿਤਾ 'ਚਮਚਾਗਿਰੀ') ਬਜ਼ੁਰਗਾਂ ਦਾ ਤ੍ਰਿਸਕਾਰ (ਬਿਰਧ ਆਸ਼ਰਮ), ਰਾਜਨੀਤਕ ਲੋਕਾਂ ਦਾ ਸਵਾਰਥ ('ਚੋਣਾਂ'), ਧੀਆਂ ਦਾ ਸਹੁਰੇ ਜਾਣਾ ਸੰਸਾਰ ਦੀ ਰੀਤ (ਬਾਬਲਾ, ਤੂੰ ਰੱਬ ਹੈ ਦੂਜਾ) ਕਵਿਤਾ ਰਾਹੀਂ, ਰਾਤੋ-ਰਾਤ ਅਮੀਰ ਹੋਣ ਦੀ ਰੁਚੀ (ਰਾਤੋ-ਰਾਤ ਅਮੀਰ ਹੋਣਾ) ਤੋਂ ਇਲਾਵਾ ਅਣਖ ਰੋ ਪਈ, ਲੜਕੀ ਕਿਉਂ ਨਹੀਂ, ਉਡੀਕ, ਮਜਬੂਰੀ, ਲਾਗ, ਬੰਦ ਮੁੱਠੀ, ਖੇਡ ਨਸੀਬਾਂ ਦਾ ਆਦਿ ਰਚਨਾਵਾਂ ਪਾਠਕਾਂ ਦਾ ਵਿਸ਼ੇਸ਼ ਧਿਆਨ ਖਿੱਚਦੀਆਂ ਹਨ। ਕਵੀ ਨੇ ਸਮਾਜ ਦੇ ਬਹੁਤ ਸਾਰੇ ਗੰਭੀਰ ਮਸਲਿਆਂ ਨੂੰ ਵਿਅੰਗਾਤਮਿਕ ਸੁਰ ਵਿਚ ਪੇਸ਼ ਕੀਤਾ ਹੈ। ਇਸ ਸੰਬੰਧੀ ਵਿਆਹ ਦਾ ਚਾਅ, ਕਾਨੂੰਨ, ਸ਼ਰਾਬੀ ਕਵਿਤਾਵਾਂ ਵੇਖ ਸਕਦੇ ਨੇ। 'ਚੌਧਰ ਤੋਂ ਰੱਬ ਬਚਾਏ' ਸਮਾਜ ਵਿਚ ਮਨੁੱਖ ਦੀ ਪੈਸੇ ਅਤੇ ਸਮਾਜਿਕ ਸ਼ਕਤੀ ਦੀ ਲਾਲਸਾ ਦਾ ਖ਼ੂਬਸੂਰਤ ਪ੍ਰਗਟਾਵਾ ਪੇਸ਼ ਕਰਦੀ ਰਚਨਾ ਹੈ।
ਚੌਧਰ ਮਿਲਦਿਆਂ ਹੀ ਕਈ ਬੰਦੇ ਤਾਂ
ਜ਼ਿੰਮੇਵਾਰੀਆਂ ਨੂੰ ਸੇਵਾ ਸਮਝ ਕੇ
ਹੱਥ ਜੋੜ ਕੇ ਕਰਦੇ ਹਨ
ਪਰ ਬਹੁਤੇ ਚੌਧਰ ਮਿਲਦਿਆਂ ਹੀ
ਰੱਬ ਬਣ ਜਾਂਦੇ ਨੇ।
ਡਾ. ਹੀਰਾ ਸਿੰਘ ਜੀ ਨੂੰ ਕਾਵਿ ਪੁਸਤਕ 'ਤਕਦੀਰ' ਲਈ ਮੁਬਾਰਕਬਾਦ।
ਬੋਲ ਰਹੀ ਚੁੱਪ
ਕਵੀ : ਰਾਜਵਿੰਦਰ ਵਿਰਕ
ਪ੍ਰਕਾਸ਼ਕ : ਆਜ਼ਾਦ ਪਬਲੀਕੇਸ਼ਨ, ਗਿੱਦੜਬਾਹਾ
ਮੁੱਲ : 160 ਰੁਪਏ, ਸਫੇ : 80
ਸੰਪਰਕ : 94648-88133
'ਬੋਲ ਰਹੀ ਚੁੱਪ' ਰਾਜਵਿੰਦਰ ਵਿਰਕ ਦਾ ਪਹਿਲਾ ਕਾਵਿ ਸੰਗ੍ਰਹਿ ਹੈ ਜਿਸ ਵਿਚ ਅੰਗਰੇਜ਼ੀ ਦੀਆਂ ਵੀ ਕੁਝ ਕਵਿਤਾਵਾਂ ਸ਼ਾਮਿਲ ਹਨ। ਕਵੀ ਕਿੱਤੇ ਵਜੋਂ ਇਤਿਹਾਸ ਦੇ ਵਿਸ਼ੇ ਦਾ ਅਧਿਆਪਕ ਹੈ ਜਿਸ ਕਾਰਨ ਉਸ ਨੇ ਬਹੁਤ ਸਾਰੀਆਂ ਇਤਿਹਾਸਕ ਵੇਰਵਿਆਂ ਨਾਲ ਸੰਬੰਧਿਤ ਪੁਸਤਕਾਂ ਨੂੰ ਵੀ ਇਸ ਸੰਗ੍ਰਹਿ ਵਿਚ ਜਗ੍ਹਾ ਦਿੱਤੀ ਹੈ। ਕਵੀ ਨੇ ਆਪਣੀ ਪੁਸਤਕ ਦੀ ਭੂਮਿਕਾ ਵਿਚ ਵੀ ਲਿਖਿਆ ਹੈ ਕਿ ਇਸ ਕਾਵਿ ਸੰਗ੍ਰਹਿ ਵਿਚ ਗੁਰੂ ਸਾਹਿਬਾਨਾ, ਦੇਸ਼ ਭਗਤਾਂ, ਸੂਰਬੀਰਾਂ ਅਤੇ ਸਿੱਖ ਰਾਜ ਨਾਲ ਸੰਬੰਧਿਤ ਵਿਸ਼ਿਆਂ ਬਾਰੇ ਕਵਿਤਾਵਾਂ ਦਰਜ ਕੀਤੀਆਂ ਹਨ। ਵਿਸਾਖੀ, ਬਾਬਾ ਨਾਨਕ, ਪੋਹ ਦਾ ਮਹੀਨਾ, ਭਗਤ ਸਿੰਘ, ਸਾਡਾ ਪੰਜਾਬ, ਤੱਤੀ ਤਵੀ, ਬਾਬਾ ਬੰਦਾ ਸਿੰਘ ਬਹਾਦਰ, ਮਹਾਰਾਜਾ ਦਲੀਪ ਸਿੰਘ, ਲਾਹੌਰ ਦਰਬਾਰ, ਲਾਹੌਰ ਦੀ ਸੰਧੀ, ਕਰਤਾਰ ਸਿੰਘ ਸਰਾਭਾ, ਸ੍ਰੀ ਗੁਰੂ ਰਾਮਦਾਸ ਜੀ, ਸ੍ਰੀ ਗੁਰੂ ਅੰਗਦ ਦੇਵ ਜੀ, ਜਲ੍ਹਿਆਂਵਾਲਾ ਬਾਗ ਮੁੱਖ ਰਚਨਾਵਾਂ ਵੇਖੀਆਂ ਜਾ ਸਕਦੀਆਂ ਹਨ। ਇਸ ਤੋਂ ਇਲਾਵਾ ਕਵੀ ਨੇ ਮਾਂ-ਬੋਲੀ ਪੰਜਾਬੀ ਦੀ ਸਿਫ਼ਤ-ਸਲਾਹ ਵਿਚ ਵੀ ਕੁਝ ਰਚਨਾਵਾਂ ਲਿਖੀਆਂ ਹਨ।
ਮੈਂ ਪੰਜਾਬੀ ਅੱਠਵੀਂ ਨੌਵੀਂ ਸਦੀ ਜਾਈ
ਫਰੀਦ ਨਾਨਕ ਤੇ ਅੰਗਦ ਜੀ ਨੇ ਇਹ ਲਿੱਪੀ ਅਪਣਾਈ
ਦਮੋਦਰ ਪੀਲੂ ਵਾਰਸ ਦੇ ਕਿੱਸਿਆਂ ਦੀ ਰੂਹ
ਗੁਰੂਆਂ ਦੀ ਬਾਣੀ ਵਿਚ ਗੁਰਮੁਖੀ ਅਖਵਾਈ
ਕਵੀ ਨੇ ਕਿਸਾਨ ਦੀ ਪ੍ਰਸੰਸਾ ਕੀਤੀ ਹੈ ਤੇ ਉਸ ਦੇ ਦੁੱਖ ਸਾਂਝੇ ਕੀਤੇ ਹਨ। 'ਸਾਡਾ ਪੰਜਾਬ' ਕਵਿਤਾ ਪੰਜਾਬ ਪ੍ਰਤੀ ਕਵੀ ਦੇ ਪਿਆਰ ਦਾ ਪ੍ਰਗਟਾਵਾ ਕਰਦੀ ਹੈ। ਵਿਰਸੇ ਅਤੇ ਸੱਭਿਆਚਾਰ ਵਿਚ ਆ ਰਹੇ ਪਰਿਵਰਤਨ ਕਵੀ ਦੀ ਪੰਜਾਬ ਪ੍ਰਤੀ ਪਿਆਰ ਭਾਵਨਾ ਦਾ ਪ੍ਰਗਟਾਵਾ ਕਰਦੇ ਹਨ। ਅਧਿਆਪਕ ਦਾ ਸਤਿਕਾਰ, ਇਕ ਕਲਮ ਰਚਨਾਵਾਂ ਵੀ ਸਲਾਹੁਣਯੋਗ ਹਨ। ਕਵੀ ਨੇ ਪ੍ਰਗਤੀਵਾਦੀ ਵਿਸ਼ਿਆਂ ਦੀਆਂ ਧਾਰਨੀ ਰਚਨਾਵਾਂ ਲਿਖ ਕੇ ਮਜ਼ਦੂਰ-ਕਿਰਤੀ ਜਮਾਤ ਪ੍ਰਤੀ ਆਪਣੀ ਸਤਿਕਾਰ ਭਾਵਨਾ ਦਾ ਪ੍ਰਗਟਾਵਾ ਕੀਤਾ ਹੈ। ਪੇਂਡੂ ਜੀਵਨ ਦੇ ਦ੍ਰਿਸ਼, ਤ੍ਰਿੰਝਣ, ਛੱਪੜ ਦਾ ਦ੍ਰਿਸ਼, ਸੱਥ ਪ੍ਰਭਾਵਸ਼ਾਲੀ ਹਨ। ਦੁਨੀਆ ਇਕ ਤਮਾਸ਼ਾ, ਵਿਗਿਆਨ ਅਤੇ ਖੋਜਾਂ, ਸੰਵਿਧਾਨ ਕਵਿਤਾਵਾਂ ਰਾਹੀਂ ਕਵੀ ਨੇ ਆਪਣੀ ਵਿਸ਼ਾਲ ਵਿਗਿਆਨਕ ਵਿਚਾਰਧਾਰਾ ਦਾ ਪ੍ਰਗਟਾਵਾ ਕੀਤਾ ਹੈ।
ਚਿੜੀਆਂ ਦੇ ਆਲ੍ਹਣਿਆਂ 'ਚ
ਕਾਵਾਂ ਦਾ ਵਾਸਾ ਏ
ਸੋਹਣੇ ਜਿਹੇ ਮੁਖੜੇ ਤੇ
ਝੂਠਾ ਜਿਹਾ ਹਾਸਾ ਏ।
ਇਸ ਪੁਸਤਕ ਵਿਚ ਕੁਝ ਅੰਗਰੇਜ਼ੀ ਦੀਆਂ ਕਵਿਤਾਵਾਂ ਵੀ ਹਨ ਜਿਹੜੀਆਂ ਵਿਦਿਆਰਥੀਆਂ ਲਈ ਕਾਫ਼ੀ ਲਾਹੇਵੰਦ ਹਨ। ਜ਼ਿੰਦਗੀ ਦੇ ਛੋਟੇ-ਛੋਟੇ ਪਰ ਮਹੱਤਵਪੂਰਨ ਪਲਾਂ ਅਤੇ ਵਿਸ਼ਿਆਂ ਦਾ ਵਰਨਣ ਬਾਖ਼ੂਬੀ ਇਨ੍ਹਾਂ ਕਵਿਤਾਵਾਂ ਵਿਚ ਕੀਤਾ ਮਿਲਦਾ ਹੈ। ਲੇਖਕ ਨੂੰ ਇਸ ਪੁਸਤਕ ਲਈ ਬਹੁਤ-ਬਹੁਤ ਮੁਬਾਰਕਾਂ!
-ਪ੍ਰੋ: ਕੁਲਜੀਤ ਕੌਰ
ਜਲੰਧਰ।
ਸਕਾਈਟਰੇਨ ਟੂ ਵਾਟਰਫਰੰਟ
ਲੇਖਕ : ਪ੍ਰਿੰ. ਮਲੂਕ ਚੰਦ ਕਲੇਰ
ਪ੍ਰਕਾਸ਼ਕ : ਐਵਿਸ ਪਬਲੀਕੇਸ਼ਨਜ਼, ਦਿੱਲੀ
ਮੁੱਲ : 685 ਰੁਪਏ, ਸਫੇ : 438
ਸੰਪਰਕ : 098732-37223
'ਸਕਾਈਟਰੇਨ ਟੂ ਵਾਟਰਫਰੰਟ' ਇਕ ਵਾਰਤਕਨੁਮਾ ਪੁਸਤਕ ਹੈ ਜਿਸ ਦੀ ਸਿਰਜਣਾ ਪ੍ਰਿੰਸੀਪਲ ਮਲੂਕ ਚੰਦ ਕਲੇਰ ਨੇ ਕੀਤੀ ਹੈ। ਇਸ ਪੁਸਤਕ ਨੂੰ ਲੇਖਕ ਨੇ ਕੁੱਲ ਵੀਹ ਪਾਠਾਂ ਵਿਚ ਤਕਸੀਮ ਕੀਤਾ ਹੈ। ਪਹਿਲੇ ਪਾਠ 'ਲੋਕ ਸੰਗੀਤ ਦਾ ਸਿਖ਼ਰ : ਭਾਈ ਮਰਦਾਨਾ' ਵਿਚ ਦੱਸਿਆ ਗਿਆ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਸਾਥ ਨਿਭਾਉਣ ਵਾਲਾ ਭਾਈ ਮਰਦਾਨਾ ਹੀ ਸੀ। ਇਹ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਭਾਈ ਮਰਦਾਨਾ ਜੀ ਸੰਗੀਤਕ ਰੁਚੀਆਂ ਦੇ ਕੇਵਲ ਸਵਾਮੀ ਹੀ ਨਹੀਂ ਸਨ, ਸਗੋਂ ਇਹ ਸੰਸਾਰ ਪ੍ਰਸਿੱਧ ਗਾਇਕ ਤਾਨਸੇਨ ਉੱਦ-ਦੀਨ-ਮੁਹੰਮਦ ਅਕਬਰ ਦੇ ਗੁਰੂ ਹਰਿਦਾਸ ਮਰਦਾਨਾ ਜੀ ਦੇ ਸ਼ਾਗਿਰਦ ਸਨ। ਭਾਈ ਮਰਦਾਨਾ ਉਸ ਸਮਾਜ ਨਾਲ ਸੰਬੰਧ ਰੱਖਦੇ ਸਨ, ਜੋ ਵੱਡੇ ਸਮਝੇ ਜਾਂਦੇ ਸਮਾਜ ਦਾ ਸੁਨੇਹਾ ਇਧਰੋਂ-ਉਧਰੋਂ ਪਹੁਚਾਉਂਦੇ ਸਨ। ਉਸ ਵੇਲੇ ਡਾਕ ਪ੍ਰਬੰਧ ਨਹੀਂ ਸੀ। ਅਗਲੇ ਪਾਠ 'ਲੋਕ ਨਾਇਕ : ਮਹਾਤਮਾ ਜੋਤੀ ਰਾਓ ਫੂਲੇ', 'ਮਘਦੇ ਸੂਰਜ ਵਰਗਾ ਲੋਕ ਕਵੀ : ਸੰਤ ਰਾਮ ਉਦਾਸੀ' ਆਦਿ ਵੱਖ-ਵੱਖ ਪਾਠ ਹਨ ਜਿਨ੍ਹਾਂ ਵਿਚ ਉਚੇਚੇ ਤੌਰ ਤੇ ਇਨ੍ਹਾਂ ਲੋਕ-ਨਾਇਕ ਕਵੀਆਂ ਦਾ ਜ਼ਿਕਰ ਬਾਖੂਬੀ ਕੀਤਾ ਗਿਆ ਹੈ। ਇਸ ਤਰ੍ਹਾਂ 'ਸਾਡੇ ਕਹਾਣੀਕਾਰ' ਪਾਠ ਵਿਚ ਉੱਘੇ ਕਹਾਣੀਕਾਰ ਜਿਵੇਂ ਸੰਤੋਖ ਸਿੰਘ ਧੀਰ, ਪ੍ਰਿੰਸੀਪਲ ਸੁਜਾਨ ਸਿੰਘ ਬਾਰੇ ਬੜੀ ਖੂਬਸੂਰਤੀ ਨਾਲ ਦੱਸਿਆ ਗਿਆ ਹੈ। 'ਸਾਡੇ ਨਾਵਲਕਾਰ' ਪਾਠ ਵਿਚ ਵੱਖ-ਵੱਖ ਨਾਵਲਕਾਰਾਂ ਜਿਵੇਂ ਨਿਰੰਜਨ ਤਸਨੀਮ ਦੇ ਨਾਵਲਾਂ ਬਾਰੇ ਦੱਸਿਆ ਗਿਆ ਹੈ। ਇਸੇ ਪ੍ਰਕਾਰ ਹੀ 'ਮੇਰੀ ਕਲਮ ਦਾ ਸਫਰ', 'ਮੇਰਾ ਅਨੁਭਵ-ਲੇਖ', 'ਯਾਦਾਂ', 'ਮੁਲਾਕਾਤਾਂ', 'ਪੁਸਤਕ ਸੱਭਿਆਚਾਰ', 'ਸਾਹਿਤਕ ਤੇ ਸੱਭਿਆਚਾਰਕ ਗਤੀਵਿਧੀਆਂ, ਸ਼ਬਦ ਚਿੱਤਰ', 'ਚਿੱਠੀਆਂ', 'ਪ੍ਰਿੰਸੀਪਲ ਮਲੂਕ ਚੰਦ ਕਲੇਰ ਦਾ ਨਾਵਲੀ ਜਗਤ', ਆਦਿ ਵਿਚ ਪੰਜਾਬੀ ਪਾਠਕਾਂ ਦੇ ਸਨਮੁਖ ਰੱਖ ਕੇ ਨਵੀਨ ਨੁਕਤਿਆਂ ਦੀ ਪੇਸ਼ਕਾਰੀ ਕੀਤੀ ਗਈ ਹੈ ਜਿਵੇਂ 'ਪੁਸਤਕ ਸੱਭਿਆਚਾਰ' ਲੇਖ ਵਿਚ ਲੇਖਕ ਨੇ ਦੱਸਿਆ ਹੈ ਕਿ ਕਿਵੇਂ ਪਾਠਕਾਂ ਨੂੰ ਕਿਤਾਬਾਂ ਵੱਲ ਪ੍ਰੇਰਿਤ ਕੀਤਾ ਜਾ ਸਕਦਾ ਹੈ ਤੇ ਕਿਵੇਂ ਇਕ ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਪੁਸਤਕਾਂ ਪੜ੍ਹਨ ਲਈ ਪ੍ਰੇਰਦਾ ਹੈ। ਪੁਸਤਕਾਂ ਸਾਡੀਆਂ ਚੰਗੀਆਂ ਦੋਸਤ ਹੁੰਦੀਆਂ ਹਨ, ਜੋ ਗਿਆਨ ਵਿਚ ਵਾਧਾ ਵੀ ਕਰਦੀਆਂ ਹਨ ਤੇ ਕਿਸੇ ਵੀ ਮੁਸ਼ਕਿਲ ਸਮੇਂ ਸਾਡਾ ਸਾਥ ਵੀ ਦਿੰਦੀਆਂ ਹਨ। ਸਮੁੱਚੇ ਰੂਪ ਵਿਚ ਕਿਹਾ ਜਾ ਸਕਦਾ ਹੈ ਕਿ ਇਸ ਪੁਸਤਕ ਵਿਚ ਦਿੱਲੀ ਤੋਂ ਪੰਜਾਬ ਤੀਕਰ ਚੱਲਦੀ ਸ਼ਬਦੀ ਟਰੇਨ ਵਿਚ ਪੰਜਾਬੀ ਸੱਭਿਆਚਾਰ, ਸਾਹਿਤ ਅਤੇ ਸਮਾਜਿਕ ਤਾਣੇ-ਬਾਣੇ ਦੀ ਗਾਥਾ ਨੂੰ ਬਿਆਨ ਕੀਤਾ ਗਿਆ ਹੈ। ਪੁਸਤਕ ਵਿਚ ਦਰਜ ਇਤਿਹਾਸਕ ਅਤੇ ਭੂਗੋਲਿਕ ਤੱਥ ਪਾਠਕਾਂ ਦੇ ਗਿਆਨ ਵਿਚ ਭਰਪੂਰ ਵਾਧਾ ਕਰਦੇ ਹਨ ਅਤੇ ਪਾਠਕਾਂ ਦੀ ਆਸ਼ਾਵਾਦੀ ਸੋਚ ਦੇ ਪ੍ਰੇਰਕ ਵੀ ਬਣਦੇ ਹਨ। ਲੇਖਕ ਨੂੰ ਮੁਬਾਰਕਬਾਦ।
-ਡਾ. ਗੁਰਬਿੰਦਰ ਕੌਰ ਬਰਾੜ
ਮੋਬਾਈਲ : 09855395161
ਜ਼ਿੰਦਗੀਨਾਮਾ
ਲੇਖਕ : ਕਾਜਲ ਮਹਿਰਾ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਸਮਾਣਾ
ਮੁੱਲ : 200 ਰੁਪਏ, ਸਫ਼ੇ : 96
ਸੰਪਰਕ : 88476-32403
ਪੁਸਤਕ 'ਜ਼ਿੰਦਗੀਨਾਮਾ' ਕਾਜਲ ਮਹਿਰਾ ਵਲੋਂ ਲਿਖੀ 62 ਲੇਖਾਂ ਦੀ ਕਿਤਾਬ ਹੈ। ਇਸ ਪੁਸਤਕ ਵਿਚ ਕਾਜਲ ਮਹਿਰਾ ਨੇ ਸਮਾਜਿਕ ਬੁਰਾਈਆਂ ਖ਼ਿਲਾਫ਼ ਖੁੱਲ ਕੇ ਲਿਖਿਆ ਹੈ। ਉਸ ਦਾ ਕਹਿਣਾ ਹੈ ਕਿ ਲੋਕਾਂ ਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ ਹੈ। ਆਪਣੀਆਂ ਬੁਰਾਈਆਂ ਨੂੰ ਛੱਡ ਕੇ ਲੋਕਾਂ ਲਈ ਕੁੱਝ ਕੀਤਾ ਜਾ ਸਕਦਾ ਹੈ। ਛੋਟੀ ਉਮਰ ਵਿਚ ਲੇਖਿਕਾ ਨੇ ਬੇਬਾਕੀ ਨਾਲ ਵਧੀਆ ਲਿਖਣ ਸ਼ੈਲੀ ਅਪਣਾ ਕੇ ਆਪਣੀ ਪਲੇਠੀ ਪੁਸਤਕ ਲਿਖ ਕੇ ਚੰਗਾ ਉੱਦਮ ਕੀਤਾ ਹੈ। ਉਹ ਹਰੇਕ ਲੇਖ ਵਿਚ ਵਾਪਰ ਰਹੇ ਸਮਾਜਿਕ ਵਰਤਾਰੇ ਸੰਬੰਧੀ ਸਪੱਸ਼ਟ ਨਿਰਣਾ ਦੇਣ ਵਿਚ ਸਫ਼ਲ ਹੋਈ ਹੈ। ਉਸ ਨੇ ਗੰਭੀਰ ਅਤੇ ਸੰਵੇਦਨਸ਼ੀਲ ਸਮੱਸਿਆਵਾਂ ਦੀਆਂ ਚੁਣੌਤੀਆਂ ਨੂੰ ਸਾਹਮਣੇ ਲਿਆਉਣ ਦਾ ਹੰਭਲਾ ਮਾਰਿਆ ਹੈ। ਮਰਦ ਪ੍ਰਧਾਨ ਸਮਾਜ ਵਲੋਂ ਔਰਤਾਂ ਨਾਲ ਕੀਤੇ ਜਾ ਰਹੇ ਅਣਮਨੁੱਖੀ ਵਿਵਹਾਰ ਦੀ ਉਸ ਨੇ ਨਿੰਦਾ ਕੀਤੀ ਹੈ। ਸਾਡੇ ਸਮਾਜ ਵਿਚ ਔਰਤ ਅਤੇ ਮਰਦ ਨੂੰ ਬਰਾਬਰ ਦਾ ਅਧਿਕਾਰ ਹੋਣ ਦੇ ਬਾਵਜੂਦ ਵੀ ਅਜੇ ਤਕ ਬਰਾਬਰਤਾ ਨਾ ਮਿਲਣ ਖ਼ਿਲਾਫ਼ ਆਵਾਜ਼ ਉਠਾਈ ਹੈ। ਵਿੱਦਿਆ ਪ੍ਰਾਪਤ ਕਰਕੇ ਵੀ ਅੱਜ ਦੇ ਯੁੱਗ ਵਿਚ ਲੋਕਾਂ ਵਲੋਂ ਅੰਧ ਵਿਸ਼ਵਾਸ ਵਿਚ ਫਸੇ ਹੋਣ ਦੀ ਉਸ ਨੇ ਵਿਰੋਧਤਾ ਕੀਤੀ ਹੈ। ਕਾਜਲ ਮਹਿਰਾ ਗ਼ਰੀਬਾਂ 'ਤੇ ਵਿੱਦਿਅਕ ਪ੍ਰਣਾਲੀ ਨੂੰ ਬਦਲਣ ਲਈ ਕਹਿ ਰਹੀ ਹੈ। ਉਸ ਦਾ ਮੰਨਣਾ ਹੈ ਕਿ ਪੜ੍ਹਾਈ ਸਿਰਫ਼ ਇਮਤਿਹਾਨ ਪਾਸ ਕਰਕੇ ਡਿਗਰੀਆਂ ਲੈਣ ਨੂੰ ਨਹੀਂ ਕਹਿੰਦੇ ਆਤਮ ਸੁਰੱਖਿਆ ਅਤੇ ਹੋਰ ਕੰਮਾਂ ਦੇ ਵਿਸ਼ਿਆਂ ਨੂੰ ਵੀ ਪੜ੍ਹਾਈ ਦਾ ਹਿੱਸਾ ਬਣਾਇਆ ਜਾਣਾ ਚਾਹੀਦਾ ਹੈ। ਕੁਆਰੀ ਕੁੜੀ ਲੇਖ ਵਿਚ ਉਹ ਲਿਖਦੀ ਹੈ ਕਿ 'ਕੁੜੀਆਂ ਨੂੰ ਡਰਾ ਕੇ ਉਨ੍ਹਾਂ ਦੀ ਜ਼ਿੰਦਗੀ ਨਰਕ ਬਣਾਉਣ ਤੋਂ ਕਿਤੇ ਵਧੇਰੇ ਚੰਗਾ ਹੈ ਕਿ ਉਨ੍ਹਾਂ ਨੂੰ ਇਸ ਕਾਬਲ ਬਣਾਉਣਾ ਚਾਹੀਦਾ ਹੈ ਕਿ ਜ਼ਿੰਦਗੀ ਦੇ ਔਖੇ ਤੋਂ ਔਖੇ ਸਮੇਂ ਵੀ ਉਹ ਡੱਟ ਕੇ ਮੁਕਾਬਲਾ ਕਰਦਿਆਂ ਆਤਮ ਨਿਰਭਰ ਬਣ ਸਕਣ।' ਕੀਮਤ ਲੇਖ ਵਿਚ ਉਹ ਲਿਖਦੀ ਹੈ ਕਿ 'ਸਾਨੂੰ ਹਰ ਛੋਟੀ ਤੋਂ ਵੱਡੀ ਵਸਤੂ ਦਾ ਮੁੱਲ ਸਮਝ ਕੇ, ਉਸ ਨੂੰ ਬੱਸ ਇਸਤੇਮਾਲ ਦੀ ਵਸਤੂ ਨਾ ਜਾਣ ਕੇ ਉਸ ਦੀ ਕਦਰ ਕਰਨੀ ਚਾਹੀਦੀ ਹੈ, ਕਿਉਂਕਿ ਇੱਥੇ ਕੁੱਝ ਵੀ ਫ਼ਜ਼ੂਲ ਨਹੀਂ ਹੈ।' ਅੰਤ ਵਿਚ ਕਹਿ ਸਕਦੇ ਹਾਂ ਕਿ ਕਾਜਲ ਮਹਿਰਾ ਦੀ ਪਲੇਠੀ ਪੁਸਤਕ ਦਾ ਉਦਮ ਉਸ ਦੀ ਸ਼ਲਾਘਾਯੋਗ ਪਹਿਲ ਹੈ। ਉਸ ਦੇ ਲੇਖ ਸਮਾਜ ਸੁਧਾਰ ਲਈ ਪਾਠਕ ਨੂੰ ਚੰਗੀ ਸੇਧ ਦੇਣਗੇ।
-ਬਲਵਿੰਦਰ ਸਿੰਘ ਗੁਰਾਇਆ
ਮੋਬਾਈਲ : 94170-58020
ਅਗਲਾ ਵਰਕਾ ਖੋਲ੍ਹ
ਗ਼ਜ਼ਲਕਾਰ-ਪਾਲ ਢਿੱਲੋਂ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ :120
ਸੰਪਰਕ : 98152-98459
ਪੰਜਾਬੀ ਗ਼ਜ਼ਲ ਦਾ ਜਾਦੂ ਭਾਰਤ ਤੇ ਪਾਕਿਸਤਾਨ ਵਿਚ ਹੀ ਨਹੀਂ ਬਲਕਿ ਪੂਰੇ ਸੰਸਾਰ ਵਿਚ ਸਿਰ ਚੜ੍ਹ ਕੇ ਬੋਲ ਰਿਹਾ ਹੈ। ਕੈਨੇਡਾ ਵਿਸ਼ੇਸ਼ ਤੌਰ 'ਤੇ ਪੰਜਾਬੀ ਗ਼ਜ਼ਲਕਾਰਾਂ ਦਾ ਗੜ੍ਹ ਹੈ ਅਤੇ ਏਥੇ ਬੜੀ ਮਿਆਰੀ ਗ਼ਜ਼ਲ ਦੀ ਸਿਰਜਣਾ ਹੋ ਰਹੀ ਹੈ। ਪਾਲ ਢਿੱਲੋਂ ਕੈਨੇਡਾ ਦੀ ਗ਼ਜ਼ਲ ਦੇ ਸਿਰਜਣਹਾਰਿਆਂ ਵਿਚ ਸਥਾਪਿਤ ਨਾਮ ਹੈ। ਹੁਣ ਤੱਕ ਉਸ ਦੇ 9 ਗ਼ਜ਼ਲ ਸੰਗ੍ਰਹਿ ਤੇ ਦੋ ਗੀਤ ਤੇ ਕਾਵਿ ਸੰਗ੍ਰਹਿ ਛਪ ਚੁੱਕੇ ਹਨ। ਗੀਤਾਂ ਤੋਂ ਗ਼ਜ਼ਲ ਵੱਲ ਪਰਤੇ ਢਿੱਲੋਂ ਨੇ ਬੜੇ ਥੋੜ੍ਹੇ ਵਰ੍ਹਿਆਂ ਵਿਚ ਹੀ ਤੇਜ਼ੀ ਨਾਲ ਲਿਖਿਆ ਹੈ ਤੇ ਕਿਤਾਬਾਂ ਦੀ ਪ੍ਰਕਾਸ਼ਨਾ ਵਿਚ ਲਗਾਤਾਰਤਾ ਕਾਇਮ ਰੱਖੀ ਹੈ। 'ਅਗਲਾ ਵਰਕਾ ਖੋਲ੍ਹ' ਉਸ ਦਾ ਤਾਜ਼ਾ ਤਰੀਨ ਗ਼ਜ਼ਲ ਸੰਗ੍ਰਹਿ ਹੈ ਜਿਸ ਵਿਚ ਉਸ ਦੀਆਂ 91ਵੇਂ ਦੇ ਕਰੀਬ ਗ਼ਜ਼ਲਾਂ ਸ਼ਾਮਿਲ ਹਨ। ਇਨ੍ਹਾਂ ਗ਼ਜ਼ਲਾਂ ਵਿਚ ਪਾਲ ਵਲ ਵਲੇਵਿਆਂ ਦੀ ਥਾਂ ਪਾਠਕ ਨਾਲ ਸਿੱਧਾ ਜੁੜਦਾ ਹੈ ਤੇ ਉਸ ਦੀ ਲਿਖਣ ਸ਼ੈਲੀ ਸਾਦਗੀ 'ਤੇ ਆਧਾਰਤ ਹੈ। ਸਰਲ ਜ਼ੁਬਾਨ ਵਿਚ ਲਿਖੀਆਂ ਇਨ੍ਹਾਂ ਗ਼ਜ਼ਲਾਂ ਦੇ ਵਿਸ਼ਿਆਂ ਵਿਚ ਵਿਸ਼ਾਲਤਾ ਹੈ ਤੇ ਇਹ ਕੁਝ ਕੁ ਬਿੰਦੂਆਂ ਤੱਕ ਸੀਮਤ ਨਹੀਂ ਹਨ। ਪੁਸਤਕ ਦੀ ਪਹਿਲੀ ਗ਼ਜ਼ਲ 'ਸਭ ਨੂੰ ਮਿਲੇ' ਰਦੀਫ਼ ਵਿਚ ਲਿਖੀ ਹੈ ਤੇ ਇਸ ਵਿਚ ਗ਼ਜ਼ਲਕਾਰ ਸਮੁੱਚੇ ਸੰਸਾਰ ਦੀ ਬਿਹਤਰੀ ਲਈ ਦੁਆਗੋ ਹੈ। ਉਹ ਸੰਸਾਰ 'ਚੋਂ ਗ਼ਰੀਬੀ, ਭੁੱਖ ਤੇ ਬੇਚਾਰਗੀ ਦਾ ਖ਼ਾਤਮਾ ਚਾਹੁੰਦਾ ਹੈ ਤੇ ਦੂਸਰੀ ਗ਼ਜ਼ਲ ਵਿਚ ਉਹ ਮਹਿਬੂਬ ਨੂੰ ਟੁਕੜਿਆਂ ਦੀ ਥਾਂ ਸਾਰੇ ਦਾ ਸਾਰਾ ਪ੍ਰਾਪਤ ਕਰਨ ਦੀ ਇੱਛਾ ਰੱਖਦਾ ਹੈ। ਜ਼ਿੰਦਗੀ ਦੀ ਪੁਸਤਕ ਵਿਚੋਂ ਕੁਝ ਵੱਖਰਾ ਲੱਭਣ ਲਈ ਉਹ ਇਸ ਦਾ ਅਗਲਾ ਵਰਕਾ ਫੋਲਣ ਦੀ ਤਾਕੀਦ ਕਰਦਾ ਹੈ ਤੇ ਆਖਦਾ ਹੈ ਸ਼ਾਇਦ ਇਸ ਦੇ ਅਗਲੇ ਵਰਕਿਆਂ 'ਤੇ ਨਫ਼ਰਤ ਦੀ ਥਾਂ ਕੋਈ ਮੁਹੱਬਤ ਦਾ ਗੀਤ ਮਿਲ ਜਾਵੇ। ਇੰਝ ਗ਼ਜ਼ਲਕਾਰ ਹਰ ਤਰਫ਼ ਮੁਹੱਬਤ ਦਾ ਪਸਾਰਾ ਚਾਹੁੰਦਾ ਹੈ ਤੇ ਉਸ ਦੀਆਂ ਬਹੁਤੀਆਂ ਗ਼ਜ਼ਲਾਂ ਦਾ ਏਹੀ ਸੰਦੇਸ਼ ਹੈ। ਮੁਸਾਫ਼ਰਾਂ ਦੀ ਭਟਕਣਾ ਉਸ ਲਈ ਚਿੰਤਾ ਦਾ ਸਬੱਬ ਹੈ ਤੇ ਉਹ ਰਾਹੀਆਂ ਨੂੰ ਰਾਹਾਂ ਦੀਆਂ ਰੁਕਾਵਟਾਂ ਨਾਲ ਜੂਝਣ ਦੀ ਪ੍ਰੇਰਨਾ ਦਿੰਦਾ ਹੈ। ਪਾਲ ਢਿੱਲੋਂ ਬੇਕਾਰ ਦੇ ਰੋਣੇ ਧੋਣੇ ਦੀ ਥਾਂ ਸਥਿਤੀਆਂ ਨਾਲ ਹਿੰਮਤ ਤੇ ਹੌਸਲੇ ਨਾਲ ਨਿਪਟਣ ਨੂੰ ਤਰਜੀਹ ਦਿੰਦਾ ਹੈ ਤੇ ਹਾਰ ਜਾਣਾ ਉਸ ਦੇ ਸੁਭਾਅ ਵਿਚ ਸ਼ਾਮਿਲ ਨਹੀਂ। ਇਹ ਤਮਾਮ ਗ਼ਜ਼ਲਾਂ ਬਹੁਤਾ ਕਰਕੇ ਗ਼ਜ਼ਲ ਦੇ ਵਿਧੀ ਵਿਧਾਨ ਅਨੁਸਾਰ ਹਨ।
-ਗੁਰਦਿਆਲ ਰੌਸ਼ਨ
ਮੋਬਾਈਲ : 99884-44002
ਗ਼ਦਰ ਲਹਿਰ ਦੇ ਸ਼ਹੀਦ
ਸ਼ਹੀਦ ਬਦਨ ਸਿੰਘ
ਦਲੇਲ ਸਿੰਘ ਵਾਲਾ
ਸੰਪਾਦਕ : ਬਲਬੀਰ ਲੌਂਗੋਵਾਲ
ਪ੍ਰਕਾਸ਼ਕ : ਮਾਲਵਾ ਇਤਿਹਾਸ ਕੇਂਦਰ, ਬਠਿੰਡਾ
ਸਫ਼ੇ : 55
ਸੰਪਰਕ : 98153-17028
ਗ਼ਦਰ ਲਹਿਰ ਦਾ ਇਤਿਹਾਸਕ ਪਰਿਪੇਖ ਵਿਚ ਮਹੱਤਵਪੂਰਨ ਯੋਗਦਾਨ ਰਿਹਾ ਹੈ ਤੇ ਇਹ ਪੁਸਤਕ ਉਸੇ ਲੜੀ ਦੀ ਇਕ ਕੜੀ ਹੈ। ਪੁਸਤਕ ਦਾ ਪਹਿਲਾ ਲੇਖ ਸ਼ਹੀਦ ਬਦਨ ਸਿੰਘ ਬਾਰੇ ਹੈ ਜਿਸ ਵਿਚ ਉਨ੍ਹਾਂ ਦੇ ਸੰਘਰਸ਼ੀ ਜੀਵਨ ਨੂੰ ਚਿਤਰਿਆ ਗਿਆ ਹੈ। ਉਨ੍ਹਾਂ ਦਾ ਜਨਮ 1964 ਈਸਵੀ ਵਿਚ ਜ਼ਿਲ੍ਹਾ ਮਾਨਸਾ ਦੇ ਪਿੰਡ ਦਲੇਲ ਸਿੰਘ ਵਾਲਾ ਦਾ ਦਰਸਾਇਆ ਗਿਆ ਹੈ। ਇਕ ਲੇਖ ਖੋਜੀ ਲੇਖਕ ਦਲਜੀਤ ਰਾਏ ਕਾਲੀਆ ਦਾ ਸ਼ਾਮਿਲ ਕੀਤਾ ਗਿਆ ਹੈ, ਜਿਸ ਵਿਚ ਇਕ ਥਾਂ ਅੰਕਿਤ ਹੈ ਕਿ ਭਾਈ ਬਦਨ ਸਿੰਘ ਗ਼ਦਰ ਪਾਰਟੀ ਦੇ ਮੁਢਲੇ ਸ਼ਹੀਦਾਂ ਵਿਚੋਂ ਸਨ ਅਤੇ ਉਹ ਮਾਲਵੇ ਦੇ ਗ਼ਦਰ ਪਾਰਟੀ ਦੇ ਪਹਿਲੇ ਸ਼ਹੀਦ ਸਨ।
ਪੁਸਤਕ ਵਿਚ ਇਕ ਗੌਲਣਯੋਗ ਕਵਿਤਾ ਆਜ਼ਾਦੀ (ਗਿਆਨੀ ਹਰਭਜਨ ਸਿੰਘ ਚਮਿੰਡਾ) ਵੀ ਸ਼ਾਮਿਲ ਕੀਤੀ ਗਈ ਹੈ ਜੋ ਆਜ਼ਾਦੀ ਦੇ ਪਰਵਾਨਿਆਂ ਦੀ ਪੈਰਵੀ ਕਰਦੀ ਹੈ। ਇਕ ਲੇਖ ਸ਼ਿਵ ਨਾਥ ਬਸੀ ਪਠਾਣਾ ਦੀ ਲਿਖਤ 'ਤੇ ਆਧਾਰਿਤ ਹੈ। ਗੱਦਾਰ ਬੇਲਾ ਸਿੰਘ ਜਿਆਣ ਨੂੰ ਸੋਧਣ ਦੀ ਕਹਾਣੀ। ਜਸਮਿੰਦਰ ਸਿੰਘ ਘੁਮਾਣ ਤੇ ਪ੍ਰੋ. ਗੁਰਵਿੰਦਰ ਸਿੰਘ ਧਾਲੀਵਾਲ ਦੇ ਲੇਖ ਵੀ ਜਾਣਕਾਰੀ ਭਰਪੂਰ ਹਨ। ਕੁੱਲ ਮਿਲਾ ਕੇ ਸੰਪਾਦਕ ਦਾ ਇਹ ਯਤਨ ਸਲਾਹੁਣਯੋਗ ਹੈ ਕਿਉਂਕਿ ਅਜੋਕੀ ਪੀੜ੍ਹੀ ਨੂੰ ਸਾਡੇ ਇਸ ਮਹਾਨ ਵਿਰਸੇ ਦਾ ਗਿਆਨ ਹੋਣਾ ਅੱਜ ਦੇ ਦੌਰ ਵਿਚ ਜ਼ਰੂਰੀ ਬਣਦਾ ਹੈ।
-ਸੁਖਮਿੰਦਰ ਸਿੰਘ ਸੇਖੋਂ
ਮੋਬਾਈਲ : 98145 07693
ਜਾਂਬਾਜ਼ ਲੜਾਕੂ
ਚੰਗੇਜ਼ ਖਾਨ
ਲੇਖਕ : ਜੈਕੋਬ ਐਬਟ
ਅਨੁਵਾਦ : ਕੇ.ਐਲ. ਗਰਗ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨ, ਪਟਿਆਲਾ
ਮੁੱਲ : 275 ਰੁਪਏ, ਸਫੇ:160
ਸੰਪਰਕ : 94635-37050
ਇਕ ਅਨੁਵਾਦ ਪੁਸਤਕ ਦੀ ਸਫਲਤਾ ਇਸ ਗੱਲ ਤੇ ਨਿਰਭਰ ਕਰਦੀ ਹੈ ਕਿ ਅਨੁਵਾਦਕ ਨੇ ਅਨੁਵਾਦ ਕਰਦੇ ਸਮੇਂ ਉਸ ਪੁਸਤਕ ਦੀ ਮੂਲ ਤਸੀਰ ਅਤੇ ਪਰਵਿਰਤੀ ਨੂੰ ਕਾਇਮ ਰੱਖਿਆ ਹੋਵੇ। ਪੜ੍ਹਦੇ ਸਮੇਂ ਇਸ ਤਰ੍ਹਾਂ ਮਹਿਸੂਸ ਨਾ ਹੋਏ ਕਿ ਅਨੁਵਾਦਕ ਨੇ ਅਨੁਵਾਦ ਕਰਦੇ ਹੋਏ ਪੁਸਤਕ ਦੀ ਮੂਲ ਪਰਵਿਰਤੀ ਹੀ ਭਟਕਾ ਦਿੱਤੀ। ਸੰਬੰਧਿਤ ਪੁਸਤਕ ਕੇ.ਐਲ. ਗਰਗ ਦੀ ਅਨੁਵਾਦਕ ਰਚਨਾ ਹੈ ਅਤੇ ਗਰਗ ਸਾਹਿਬ ਅਨੁਵਾਦ ਦੀ ਦੁਨੀਆ ਵਿਚ ਜਾਣਿਆ ਪਛਾਣਿਆ ਨਾਂਅ ਹੈ। ਜਦੋਂ ਮੈਂ ਇਸ ਪੁਸਤਕ ਨੂੰ ਪੜ੍ਹਨਾ ਸ਼ੁਰੂ ਕੀਤਾ ਤਾਂ ਪਹਿਲੇ ਹੀ ਪਾਠ ਨੂੰ ਪੜ੍ਹ ਕੇ ਮੈਨੂੰ 'ਰਸੂਲ ਹਮਜ਼ਾਤੋਵ' ਦੀ ਪੁਸਤਕ 'ਮੇਰਾ ਦਾਗਿਸਤਾਨ' ਦਾ ਭੁਲੇਖਾ ਪਿਆ, ਜਿਵੇਂ ਜਿਵੇਂ ਮੈਂ ਪੁਸਤਕ ਅੱਗੇ ਪੜ੍ਹਦੀ ਗਈ, ਇਹ ਪੁਸਤਕ ਹੋਰ ਰੋਚਕ ਬਣਦੀ ਗਈ। ਚੰਗੇਜ਼ ਖਾਨ ਦਾ ਨਾਂਅ ਸੁਣਿਆ ਜ਼ਰੂਰ ਸੀ ਤੇ ਏਨਾ ਕੁ ਹੀ ਪਤਾ ਸੀ ਕਿ ਉਹ ਇਕ ਜ਼ਾਲਮ ਸ਼ਾਸਕ ਸੀ ਜਿਸ ਨੇ ਅੰਤਾਂ ਦੀ ਕੱਟ ਵੱਡ ਕੀਤੀ ਇਥੋਂ ਤੱਕ ਕੀ ਨਵਜਨਮੇ ਬੱਚਿਆਂ ਤੱਕ ਨੂੰ ਵੀ ਤਲਵਾਰਾਂ ਨਾਲ ਵੱਡ ਸੁੱਟਿਆ ਇਸ ਪੁਸਤਕ ਵਿਚ ਵੀ ਇਸ ਦਾ ਜ਼ਿਕਰ ਆੳਂਦਾ ਹੈ। ਚੰਗੇਜ਼ ਖਾਨ ਜੋ ਤੈਮੁਜੀਨ ਤੋਂ ਚੰਗੇਜ਼ ਬਣਿਆ ਇਕ ਜ਼ਾਲਮ, ਖੂੰਖਾਰ ਸ਼ਾਸਕ, ਸੱਤਾ ਦੀ ਲਾਲਸਾ ਹੇਠ ਤਬਾਹੀ ਮਚਾਉਣ ਵਾਲਾ ਮੰਗੋਲੀਅਨ ਜਿਸ ਨੇ ਸੱਤਾ ਹਥਿਆਉਣ ਲਈ ਹਰ ਪੈਂਤਰਾ ਵਰਤਿਆ ਤੇ ਕਾਮਯਾਬ ਵੀ ਹੂੰਦਾ ਗਿਆ। ਇਸ ਪੁਸਤਕ ਵਿਚ ਬਹੁਤ ਹੀ ਰੌਚਕ ਘਟਨਾਵਾਂ ਦਾ ਜ਼ਿਕਰ ਹੈ ਕਿਤੇ ਕਿਤੇ ਲੱਗਦਾ ਹੈ ਜਿਵੇਂ ਦਿਉਆਂ, ਪਰੀਆਂ ਤੇ ਜਨੌਰਾਂ ਦੀਆਂ ਦਿਲਚਸਪ ਕਥਾਵਾਂ ਪੜ੍ਹ ਰਹੇ ਹੋਈਏ। ਲੇਖਕ ਨੇ ਤੈਮੁਜ਼ੀਨ ਦੇ ਜੀਵਨ ਨੂੰ ਏਨੇ ਪ੍ਰਭਾਵ ਸ਼ਾਲੀ ਢੰਗ ਨਾਲ ਬਿਆਨਿਆ ਹੈ ਕਿ ਪਾਠਕ ਦੀ ਪੁਸਤਕ ਨਾਲੋਂ ਲੜੀ ਟੁਟੱਦੀ ਨਹੀਂ, ਤੈਮੁਜ਼ਿਨ ਦਾ ਚੰਗੇਜ਼ ਖਾਨ ਅਖਵਾਉਣ ਦਾ ਘਟਨਾਕ੍ਰਮ ਅਤੀ ਦਿਲਚਸਪ ਹੈ ਜੋ ਸਾਮਰਾਜ ਦੀ ਸਥਾਪਨਾ ਪਾਠ ਵਿਚ ਦਰਜ ਹੈ। ਚੰਗੇਜ਼ ਖਾਨ ਦੀ ਇਹ ਜੀਵਨੀ ਮੰਗੋਲੀਅਨ ਜੀਵਨ ਸ਼ੈਲੀ ਦੇ ਅਨੋਖੇ ਅੰਦਾਜ਼ ਬਾਰੇ ਵੀ ਜਾਣਕਾਰੀ ਦਿੰਦੀ ਹੈ। ਇਹ ਦਰਲੱਭ ਜੀਵਨੀ ਇਤਿਹਾਸ ਦੇ ਉਸ ਹਿੱਸੇ ਬਾਰੇ ਚਾਨਣਾ ਪਾਉਂਦੀ ਹੈ ਜੋ ਅਜੇ ਬਹੁਤ ਲੋਕਾਂ ਦੇ ਜ਼ਿਹਨ ਤੋਂ ਦੂਰ ਹੈ। ਕੇ.ਐਲ. ਗਰਗ ਨੇ ਇਸ ਦੁਰਲੱਭ ਜੀਵਨੀ ਅਤੇ ਏਸ਼ੀਆ ਦੇ ਇਸ ਖੂੰਖਾਰ ਲੜਾਕੇ ਖਾਨ ਦੇ ਨਾ ਕੇਵਲ ਜੀਵਨ ਸਗੋਂ ਉਸ ਸਮੇਂ ਦੇ ਇਤਿਹਾਸ, ਜੀਵਨ ਸ਼ੈਲੀ, ਰਾਜਨੀਤੀ, ਸਮਾਜਿਕ ਅਤੇ ਸੱਭਿਆਚਾਰ ਨੂੰ ਵੀ ਇਸ ਪੁਸਤਕ ਵਿਚ ਆਪਣੀ ਨਿਪੁੰਨ ਅਨੁਵਾਦ ਕਲਾ ਰਾਹੀਂ ਸਾਕਾਰ ਕਰਨ ਦੇ ਨਾਲ ਨਾਲ ਪੁਸਤਕ ਦੀ ਮੂਲ ਪਰਵਿਰਤੀ ਨੂੰ ਵੀ ਕਾਇਮ ਰੱਖਿਆ, ਇਸ ਪਖੋਂ ਗਰਗ ਸਾਹਿਬ ਵਧਾਈ ਦੇ ਪਾਤਰ ਹਨ।
-ਡਾ. ਜਸਬੀਰ ਕੌਰ
ਮੋਬਾਈਲ : 98721-17774
ਕਰਮਾਂ ਵਾਲੀ ਧੀ
ਨਾਵਲਕਾਰ : ਗੁਰਚਰਨ ਸੱਗੂ
ਪ੍ਰਕਾਸ਼ਕ : ਨਵਯੁੱਗ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 600 ਰੁਪਏ, ਸਫ਼ੇ : 248
ਸੰਪਰਕ : 011-26802448
'ਸਚੇ ਮਾਰਗ ਚਲਦਿਆਂ' ਤੋਂ ਬਾਅਦ 'ਕਰਮਾਂ ਵਾਲੀ ਧੀ' ਵਲੈਤ ਵਾਸੀ ਗੁਰਚਰਨ ਸੱਗੂ ਦਾ ਦੂਸਰਾ ਨਾਵਲ ਹੈ। ਇਹ ਨਾਵਲ ਬੜੇ ਰੌਚਿਕ ਬਿਰਤਾਂਤ ਵਾਲਾ ਪਰ ਦੁਖਾਂਤ ਭਰਪੂਰ ਥੀਮਕ ਪਾਸਾਰ ਵਾਲਾ ਤੇ ਮਨ-ਮਸਤਕ ਨੂੰ ਟੁੰਬਣ ਵਾਲਾ ਹੈ।
ਨਾਵਲ ਦੀ ਮੁੱਖ ਪਾਤਰ ਕਰਮਜੀਤ ਕੌਰ ਆਪਣੀ ਜ਼ਿੰਦਗੀ ਦੀ ਦੁੱਖ ਭਰੀ ਦਾਸਤਾਨ ਉੱਤਮ ਪੁਰਖੀ ਸ਼ੈਲੀ ਵਿਚ ਦਰਸਾਉਂਦੀ ਹੈ। ਉਹ ਈਰਾਨ ਦੇ ਮਸ਼ਹੂਰ ਸ਼ਹਿਰ ਤਹਿਰਾਨ ਵਿਚ ਜੰਮੀ ਪਲੀ ਹੈ। 'ਇਸ ਨਾਵਲ ਦੇ ਪਿਛਕੋੜ 'ਤੇ ਇਕ ਝਾਤ' ਦੇ ਅੰਤਰਗਤ ਲੇਖਕ ਨੇ ਲਿਖਿਆ ਹੈ ਕਿ ਈਰਾਨ ਦੁਨੀਆ ਦਾ ਇਕ ਬਹੁਤ ਹੀ ਖ਼ੂਬਸੂਰਤ ਦੇਸ਼ ਹੈ ਤੇ ਇਸ ਦੀ ਰਾਜਧਾਨੀ ਹੈ ਤਹਿਰਾਨ। ਹੱਸਦਾ-ਵਸਦਾ ਈਰਾਨ ਸਿਰਫ਼ 40 ਸਾਲ ਪਹਿਲਾਂ ਇਕ ਵੱਖਰੀ ਹੀ ਤਰ੍ਹਾਂ ਦਾ ਦੇਸ਼ ਸੀ। ਸਭ ਨੂੰ ਆਪਣੀ ਮਰਜ਼ੀ ਨਾਲ ਜਿਊਣ ਦੀ ਖੁੱਲ੍ਹ ਸੀ। ਆਪਣੇ ਮਨ ਪਸੰਦ ਦੇ ਕੱਪੜੇ, ਖੁੱਲ੍ਹੇ ਪੱਛਮੀ ਸੱਭਿਅਤਾ ਵਾਲੇ ਦੂਸਰੇ ਪਹਿਰਾਵੇ, ਮੇਕ-ਅੱਪ। ਬੁਰਕਿਆਂ ਤੋਂ ਵਗ਼ੈਰ ਹੁਸੀਨ ਚਿਹਰੇ, ਗੋਰੇ ਰੰਗ, ਬਿੱਲੀਆਂ ਅੱਖਾਂ, ਅਰਬ ਤੇ ਏਸ਼ੀਅਨ ਸੱਭਿਅਤਾ ਦਾ ਮਿਸ਼ਰਣ। ਸ਼ਹਿਰਾਂ ਵਿਚ ਕਲੱਬ, ਬਾਰ, ਪੱਛਮੀ ਪੌਪ ਮਿਊਜ਼ਿਕ, ਅਰਬੀ ਤੇ ਭਾਰਤੀ ਸੰਗੀਤ ਹਰ ਪਾਸੇ ਵੱਜ ਰਿਹਾ ਹੁੰਦਾ ਸੀ।... 1960 ਦੇ ਦਹਾਕੇ ਵਿਚ ਕੋਈ ਦਸ ਹਜ਼ਾਰ ਸਿੱਖ ਤੇ ਉਨ੍ਹਾਂ ਦੇ ਪਰਿਵਾਰ ਈਰਾਨ ਦੇ ਸ਼ਹਿਰ ਜ਼ਹਿਦਾਨ ਤੇ ਤਹਿਰਾਨ ਵਿਚ ਰਹਿ ਰਹੇ ਸਨ। ਇਨ੍ਹਾਂ ਵਿਚੋਂ ਬਹੁਤਿਆਂ ਦਾ ਮੋਟਰ ਸਪੇਅਰ ਪਾਰਟਸ ਦਾ ਕਾਰੋਬਾਰ ਸੀ, ਜੋ ਬਹੁਤ ਹੀ ਕਾਮਯਾਬ ਸੀ। ਭਾਰਤ ਤੋਂ ਈਰਾਨ ਕੋਈ ਜ਼ਿਆਦਾ ਦੂਰ ਵੀ ਨਹੀਂ ਸੀ। ਇਨ੍ਹਾਂ ਲੋਕਾਂ ਦੀਆਂ ਰਿਸ਼ਤੇਦਾਰੀਆਂ ਪੰਜਾਬ ਤੇ ਦਿੱਲੀ ਵਿਚ ਬਹੁਤ ਸਨ। ਬਹੁਤ ਸਾਰੇ ਬੱਚਿਆਂ ਦੀ ਪੜ੍ਹਾਈ ਵੀ ਇੰਡੀਆ ਵਿਚ ਹੁੰਦੀ ਸੀ। ਬੱਚਿਆਂ ਦੇ ਰਿਸ਼ਤੇ ਵਿਆਹ ਵੀ ਇੰਡੀਆ ਵਿਚ ਹੀ ਹੁੰਦੇ ਸਨ। ਮੇਰੇ ਇਸ ਨਾਵਲ ਦਾ ਪਿਛੋਕੜ ਵੀ ਇਸੇ ਸਮੇਂ ਦਾ ਹੈ।
ਈਰਾਨ ਦੇ ਸ਼ਹਿਰ ਤਹਿਰਾਨ 'ਚ ਜੰਮੀ ਪਲੀ ਕਰਮਜੀਤ ਜਲੰਧਰ ਵਿਚ ਆਪਣੇ ਮਾਤਾ-ਪਿਤਾ ਨਾਲ ਰਿਸ਼ਤੇਦਾਰਾਂ ਦੇ ਕਿਸੇ ਵਿਆਹ 'ਤੇ ਜਾਂਦੀ ਹੈ। ਉਥੇ ਨੈਰੋਬੀ ਤੋਂ ਆ ਕੇ ਇਕ ਸ਼ਕਲੋਂ ਬਦਸੂਰਤ ਤੇ ਬਿਮਾਰ ਮੁੰਡੇ ਨਾਲ ਉਸ ਦਾ ਰਿਸ਼ਤਾ ਕਰ ਦਿੱਤਾ ਜਾਂਦਾ ਹੈ। ਆਪਣੀ ਬਿਮਾਰੀ ਕਾਰਨ ਆਪਣਾ ਦਿਮਾਗ਼ੀ ਸੰਤੁਲਨ ਗੁਆਉਣ ਸਦਕਾ ਉਹ ਮੁੰਡਾ ਕਰਮਜੀਤ ਨੂੰ ਕੁੱਟਦਾ ਮਾਰਦਾ ਹੈ। ਇਥੋਂ ਕਰਮਜੀਤ ਦੇ ਦੁੱਖਾਂ ਦੀ ਅਸਲ ਦਾਸਤਾਨ ਸ਼ੁਰੂ ਹੁੰਦੀ ਹੈ। ਉਸ ਦੇ ਸੱਸ-ਸਹੁਰਾ ਵੀ ਆਪਣੇ ਪੁੱਤਰ ਦਾ ਹੀ ਪੱਖ ਪੂਰਦੇ ਹਨ ਤੇ ਇਕ ਏਅਰਪੋਰਟ ਤੋਂ ਉਸ ਦਾ ਤਿੰਨ ਮਹੀਨੇ ਦਾ ਮੁੰਡਾ ਉਸ ਕੋਲੋਂ ਖੋਹ ਲੈਂਦੇ ਹਨ। ਉਪਰੰਤ ਸਮਾਂ ਪਾ ਕੇ ਉਹ ਦੋ ਜੌੜੇ ਬੱਚਿਆਂ ਨੂੰ ਜਨਮ ਦਿੰਦੀ ਹੈ। ਉਹ ਬੱਚਿਆਂ ਦੇ ਰੁਝੇਵੇਂ ਵਿਚ ਜ਼ਿੰਦਗੀ ਜਿਊਣ ਦਾ ਯਤਨ ਕਰਦੀ ਹੈ ਪਰ ਉਸ ਦਾ ਅਬਨਾਰਮਲ ਪਤੀ ਉਸ 'ਤੇ ਬੇਵਜ੍ਹਾ ਸ਼ੱਕ ਕਰਦਾ ਹੈ। ਅੰਤ ਨੂੰ ਉਹ ਆਪਣੇ ਪਤੀ ਨੂੰ ਤਲਾਕ ਦਿੰਦੀ ਹੈ ਤੇ ਆਪਣੇ ਬੱਚਿਆਂ ਦੀ ਪਰਵਰਿਸ਼ ਖ਼ੁਦ ਕਰਦੀ ਹੈ। ਅੱਗੋਂ ਅਮਰਜੀਤ ਨਾਂਅ ਦਾ ਇਕ ਹੋਰ ਸ਼ਖ਼ਸ ਪਹਿਲਾਂ ਪ੍ਰੇਮੀ ਦੇ ਰੂਪ ਵਿਚ ਉਸ ਦੀ ਜ਼ਿੰਦਗੀ 'ਚ ਆਉਂਦਾ ਹੈ ਪਰ ਖ਼ਤਰਨਾਕ ਬਿਮਾਰੀ ਕਰਕੇ ਉਹ ਵੀ ਮੁੱਠੀ 'ਚੋਂ ਰੇਤ ਵਾਂਗ ਕਿਰ ਜਾਂਦਾ ਹੈ। ਦਰਅਸਲ ਨਾਵਲ ਦਾ ਕੇਂਦਰ ਵਸਤੂ ਵਲੈਤ ਵਿਚ ਵਸਦੀਆਂ ਔਰਤਾਂ ਦੇ ਜੀਵਨ ਦੇ ਦੁੱਖ ਭਰੇ ਪਹਿਲੂ 'ਤੇ ਗਲਪੀ ਚਾਨਣਾ ਪਾਉਣ ਲਈ ਯਤਨਸ਼ੀਲ ਹੈ। ਨਾਵਲ ਦੀ ਗਲਪ ਸ਼ੈਲੀ ਦਿਲਚਸਪੀ ਭਰਪੂਰ ਹੈ ਪਰ ਨਾਵਲ ਦਾ ਨਾਂਅ ਵਿਰੋਧੀ ਵਿਸ਼ੇ ਨੂੰ ਨਿਭਾਉਂਦਾ ਹੈ।
-ਹਰਮੀਤ ਸਿੰਘ ਅਟਵਾਲ
ਮੋਬਾਈਲ : 98155-05287
ਅੱਕੜ-ਬੱਕੜ
ਲੇਖਕ : ਬਿੰਦਰ ਸਿੰਘ ਖੁੱਡੀ ਕਲਾਂ
ਪ੍ਰਕਾਸ਼ਕ : ਪ੍ਰੀਤ ਪਬਲੀਕੇਸ਼ਨ, ਨਾਭਾ
ਮੁੱਲ : 150, ਸਫ਼ੇ : 88
ਸੰਪਰਕ : 98786-05965
ਬਿੰਦਰ ਸਿੰਘ ਖੁੱਡੀ ਕਲਾਂ ਪੰਜਾਬੀ ਬਾਲ ਸਾਹਿਤ ਦੇ ਖੇਤਰ 'ਚ ਨਿਰੰਤਰ ਆਪਣੀਆਂ ਮਿਆਰੀ ਰਚਨਾਵਾਂ ਨਾਲ ਅਹਿਮ ਯੋਗਦਾਨ ਪਾਉਣ ਵਾਲੇ ਲੇਖਕ ਹਨ। ਹਥਲੀ ਪੁਸਤਕ 'ਚ ਉਸ ਨੇ ਪੰਜਾਬ ਦੀਆਂ ਵਿਰਾਸਤੀ ਅਤੇ ਅਲੋਪ ਹੋ ਰਹੀਆਂ ਕਰੀਬ 25 ਬਾਲ ਖੇਡਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਹੈ। ਅਜੋਕੇ ਇੰਟਰਨੈੱਟ ਯੁੱਗ 'ਚ ਜਦ ਮੋਬਾਈਲ ਗੇਮਾਂ ਬੱਚਿਆਂ ਨੂੰ ਤੇਜ਼ੀ ਨਾਲ ਆਪਣੀ ਗ੍ਰਿਫ਼ਤ 'ਚ ਲੈ ਰਹੀਆਂ ਹਨ। ਇਸ ਆਧੁਨਿਕ ਦੌਰ 'ਚ ਲੇਖਕ ਨੇ ਸਾਡੀਆਂ ਅਲੋਪ ਹੋ ਰਹੀਆਂ ਵਿਰਾਸਤੀ ਬਾਲ ਖੇਡਾਂ ਬਾਰੇ ਵੱਡਮੁੱਲੀ ਜਾਣਕਾਰੀ ਦਿੱਤੀ ਹੈ। ਇਹ ਵਿਰਾਸਤੀ ਬਾਲ ਖੇਡਾਂ ਬੱਚਿਆਂ ਨੂੰ ਜਿੱਥੇ ਸਰੀਰਕ ਅਤੇ ਮਾਨਸਿਕ ਪੱਖ ਤੋਂ ਤੰਦਰੁਸਤ ਅਤੇ ਮਜਬੂਤ ਬਣਾਉਂਦੀਆਂ ਸਨ, ਉੱਥੇ ਇਹ ਬਾਲ ਖੇਡਾਂ ਮਨੋਰੰਜਨ ਦਾ ਵੀ ਅਹਿਮ ਸਾਧਨ ਸਨ। ਲੇਖਕ ਦੀ ਖ਼ੂਬੀ ਇਹ ਵੀ ਹੈ ਕਿ ਉਸ ਨੇ ਇਨ੍ਹਾਂ ਖੇਡਾਂ ਦੇ ਪਿਛੋਕੜ ਤੋਂ ਇਲਾਵਾ, ਖੇਡ ਵਿਚਲੇ ਖਿਡਾਰੀਆਂ ਦੀ ਗਿਣਤੀ, ਖੇਡਣ ਦਾ ਸਮਾਂ ਅਤੇ ਸਥਾਨ, ਖੇਡ ਦੇ ਮਕਸਦ ਅਤੇ ਖੇਡ ਦੇ ਤਰੀਕੇ ਬਾਰੇ ਬਹੁਤ ਹੀ ਰੌਚਕ ਚਾਨਣਾ ਪਾਇਆ ਹੈ। ਇਸ ਪੁਸਤਕ 'ਚ ਲੇਖਕ ਨੇ ਵਿਰਾਸਤੀ ਬਾਲ ਖੇਡਾਂ ਜਿਵੇਂ : ਬਾਂਦਰ ਕਿੱਲਾ, ਊਚਕ ਨੀਚਕ, ਲੁਕਣ ਲਭਾਈ, ਕਿੱਕਲੀ, ਗੁੱਲੀ ਡੰਡਾ, ਅੱਡੀ ਛੜੱਪਾ, ਪੀਚੋ ਬੱਕਰੀ, ਘੁੱਤੀ ਪਾਉਣੇ, ਕਲੀ ਜੋਟਾ, ਗੋਲ ਕੁੰਡਲ, ਚੋਰ ਸਿਪਾਹੀ, ਬਾਰਾਂ ਗੀਟੀ, ਗੁੱਡੀਆਂ ਪਟੋਲੇ, ਸ਼ੇਰ ਅਤੇ ਬੱਕਰੀ, ਖਿੱਦੋ ਖੂੰਡੀ, ਕੂਕਾਂ ਕਾਂਗੜੇ, ਅੰਨ੍ਹਾ ਝੋਟਾ, ਕੋਟਲਾ ਛਪਾਕੀ, ਰੱਸਾਕਸ਼ੀ, ਪਿੱਠੂ ਗੁਰਮ, ਛੂਹਣ ਛੁਹਾਈ, ਡੂਮਣਾ ਮਖ਼ਿਆਲ, ਲਾਟੂ ਘੁਮਾਉਣਾ ਜਾਂ ਗਧਾ ਚਲਾਉਣਾ, ਰੋੜੇ, ਪੀਲ ਪਲਾਂਗੜਾ ਜਾਂ ਡੰਡਾ ਡੁੱਕਣਾ ਆਦਿ ਬਾਰੇ ਦਿਲਚਸਪ ਜਾਣਕਾਰੀ ਦਿੱਤੀ ਹੈ। ਲੇਖਕ ਦੀ ਸਰਲ ਅਤੇ ਰੌਚਕ ਸ਼ੈਲੀ ਪਾਠਕ ਨੂੰ ਖਿੱਚ ਪਾਉਂਦੀ ਹੈ। ਸਾਡੀ ਨਵੀਂ ਪੀੜ੍ਹੀ ਨੂੰ ਸਰੀਰਕ ਅਤੇ ਮਾਨਸਿਕ ਪੱਖ ਤੋਂ ਹੋਰ ਨਰੋਆ ਬਣਾਉਣ ਲਈ ਅਜਿਹੀਆਂ ਵਿਰਾਸਤੀ ਬਾਲ ਖੇਡਾਂ ਦੀ ਪੁਨਰ-ਸੁਰਜੀਤੀ ਜ਼ਰੂਰੀ ਹੈ। ਬਾਲ ਪਾਠਕਾਂ ਲਈ ਲੇਖਕ ਵਲੋਂ ਕੀਤੇ ਯਤਨਾਂ ਦੀ ਭਰਪੂਰ ਸ਼ਲਾਘਾ ਕਰਨੀ ਬਣਦੀ ਹੈ ਅਤੇ ਬਾਲ ਸਾਹਿਤ ਦੇ ਵਿਹੜੇ 'ਚ ਇਸ ਪਿਆਰੀ ਅਤੇ ਮਿਆਰੀ ਪੁਸਤਕ ਦਾ ਤਹਿ ਦਿਲੋਂ ਸਵਾਗਤ ਹੈ।
-ਮਨਜੀਤ ਸਿੰਘ ਘੜੈਲੀ
ਮੋਬਾਈਲ : 98153-91625
ਆਖ਼ਰੀ ਮੁਗ਼ਲ
ਇੱਕ ਸਾਮਰਾਜ ਦਾ ਪਤਨ, ਦਿੱਲੀ, 1857
ਲੇਖਕ : ਵਿਲੀਅਮ ਡੈਲਰਿੰਪਲ
ਅਨੁਵਾਦਕ : ਸੁਖਪਾਲ ਸਿੰਘ ਹੁੰਦਲ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼ ਸਮਾਣਾ
ਮੁੱਲ : 600 ਰੁਪਏ, ਸਫ਼ੇ : 536
ਸੰਪਰਕ : 98145-28282
ਭਾਰਤ ਵਿਚ ਮੁਗ਼ਲ ਰਾਜ ਦੀ ਸਥਾਪਨਾ ਜ਼ਹੀਰਊਦਦੀਨ ਮੁਹੰਮਦ ਬਾਬਰ ਦੁਆਰਾ 21 ਅਪ੍ਰੈਲ, 1526 ਈ. ਨੂੰ ਦਿੱਲੀ ਸਲਤਨਤ ਦੇ ਆਖ਼ਰੀ ਸੁਲਤਾਨ ਇਬਰਾਹੀਮ ਲੋਧੀ ਨੂੰ ਹਰਾ ਕੇ ਕੀਤੀ ਗਈ ਸੀ। 1857 ਈ. ਵਿਚ ਹੋਈ ਆਜ਼ਾਦੀ ਦੀ ਪਹਿਲੀ ਲੜਾਈ ਤੱਕ 21 ਮੁਗ਼ਲ ਰਾਜਿਆਂ ਨੇ ਭਾਰਤ 'ਤੇ ਰਾਜ ਕੀਤਾ ਸੀ। 1858 ਈ. ਵਿਚ ਬਰਤਾਨਵੀ ਮਹਾਰਾਣੀ ਵਿਕਟੋਰੀਆ ਦੇ ਘੋਸ਼ਣਾ ਪੱਤਰ ਨਾਲ ਭਾਰਤ ਵਿਚ ਮੁਗ਼ਲ ਰਾਜ ਦਾ ਸਦਾ ਲਈ ਅੰਤ ਹੋ ਗਿਆ ਸੀ। ਈਸਟ ਇੰਡੀਆ ਕੰਪਨੀ ਦਾ ਵੀ ਭਾਰਤੀ ਇਲਾਕਿਆਂ ਤੋਂ ਪ੍ਰਭਾਵ ਅਤੇ ਇਲਾਕਾਈ ਪ੍ਰਭੂਸੱਤਾ ਸਿੱਧੀ ਬਰਤਾਨਵੀ ਰਾਜ ਅਧੀਨ ਹੋ ਗਈ ਸੀ। 331 ਸਾਲ ਦੇ ਮੁਗ਼ਲ ਰਾਜ ਨੂੰ ਮੁੱਢਲੇ ਰੂਪ ਵਿਚ ਇਤਿਹਾਸਕਾਰਾਂ ਦੁਆਰਾ ਦੋ ਭਾਗਾਂ ਵਿਚ ਵੰਡਿਆ ਜਾਂਦਾ ਹੈ। ਪਹਿਲਾ ਮੁਗ਼ਲ ਰਾਜ ਦੀ ਚੜ੍ਹਤ ਭਾਵ ਬਾਦਸ਼ਾਹ ਬਾਬਰ ਤੋਂ ਔਰੰਗਜ਼ੇਬ (1526-1707 ਈਸਵੀ) ਤੱਕ, ਦੂਸਰਾ (1707 ਤੋਂ 1857 ਈਸਵੀ) ਭਾਵ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਆਜ਼ਾਦੀ ਦੀ ਪਹਿਲੀ ਲੜਾਈ ਤੱਕ ਮੰਨਿਆ ਜਾਂਦਾ ਹੈ। ਮੁਗ਼ਲ ਰਾਜ ਦੀਆਂ ਕੁਝ ਮਹੱਤਵਪੂਰਨ ਵਿਸ਼ੇਸ਼ਤਾਵਾਂ ਭਾਰਤੀ ਉਪ ਮਹਾਂਦੀਪ ਵਿਚ ਸ਼ਕਤੀਸ਼ਾਲੀ ਕੇਂਦਰੀ ਰਾਜ ਦੀ ਸਥਾਪਨਾ, ਆਰਥਿਕ ਵਿਕਾਸ, ਕੇਂਦਰੀ ਏਸ਼ੀਆਈ ਦੇਸ਼ਾਂ ਨਾਲ ਮਜ਼ਬੂਤ ਵਣਜ ਅਤੇ ਵਪਾਰਕ ਸੰਬੰਧ ਸਥਾਪਤ ਕਰਨਾ, ਮਿਸ਼ਰਤ ਸੱਭਿਆਚਾਰ ਦੀ ਕੇਂਦਰੀ ਅਤੇ ਸੂਬਾਈ ਪੱਧਰ 'ਤੇ ਸਥਾਪਨਾ, ਧਾਰਮਿਕ ਸਹਿਣਸ਼ੀਲਤਾ ਪੂਰਨ ਸਮਾਜ ਦੀ ਸਿਰਜਣਾ, ਖੇਤੀਬਾੜੀ, ਲਲਿਤ ਕਲਾਵਾਂ, ਭਵਨ ਨਿਰਮਾਣ ਕਲਾ, ਖੇਤਰੀ ਸਾਹਿਤ ਤੇ ਭਾਰਤੀ ਭਾਸ਼ਾਵਾਂ ਦੇ ਵਿਕਾਸ ਆਦਿ ਹਨ। ਮੁਗ਼ਲਾਂ ਦੀ ਸਾਹਿਤ ਦੇ ਖੇਤਰ ਵਿਚ ਭਾਰਤ ਨੂੰ ਦੇਣ ਮੱਧਕਾਲੀਨ ਇਤਿਹਾਸ ਨਾਲ ਸਬੰਧਤ ਕੁਝ ਮਹੱਤਵਪੂਰਨ ਸ੍ਰੋਤ ਬਾਬਰ ਦੀ ਆਤਮ ਕਥਾ ਤੁਜ਼ਕ-ਏ-ਬਾਬਰੀ, ਗੁਲਬਦਨ ਬੇਗਮ ਦੀ ਰਚਨਾ ਹੁੰਮਾਯੂਨਾਮਾ; ਅਬੁੱਲ ਫ਼ਜ਼ਲ ਦੀ ਲਿਖਤ ਆਈਨ-ਏ-ਅਕਬਰੀ ਅਤੇ ਜਹਾਂਗੀਰ ਦੀ ਆਤਮ ਕਥਾ ਤੁਜ਼ਕ-ਏ-ਜਹਾਂਗੀਰੀ ਆਦਿ ਹਨ। ਮੁਗ਼ਲ ਕਾਲ ਇਤਿਹਾਸਕਾਰਾਂ, ਸਾਹਿਤਕਾਰਾਂ, ਵਿਦਵਾਨਾਂ ਅਤੇ ਸਮਾਜ ਸ਼ਾਸਤਰੀਆਂ ਦੇ ਅਧਿਐਨ ਦਾ ਹਮੇਸ਼ਾ ਮਨ ਭਾਉਂਦਾ ਵਿਸ਼ਾ ਰਿਹਾ ਹੈ। ਭਾਰਤੀ, ਏਸ਼ੀਆਈ, ਬਰਤਾਨਵੀ ਤੇ ਹੋਰ ਯੂਰਪੀਅਨ ਇਤਿਹਾਸਕਾਰਾਂ ਵਲੋਂ ਉਪਰੋਕਤ ਲਿਖਤਾਂ ਦੇ ਅਨੁਵਾਦ ਕਰਨ ਅਤੇ ਮੁਗ਼ਲ ਰਾਜ ਨਾਲ ਸੰਬੰਧਿਤ ਵੱਖ-ਵੱਖ ਪੱਖਾਂ ਦਾ ਤੁਲਨਾਤਮਿਕ ਅਧਿਐਨ ਵੀ ਨਿਰੰਤਰ ਜਾਰੀ ਹੈ। ਬਰਤਾਨਵੀ ਮੂਲ ਦੇ ਇਤਿਹਾਸਕਾਰ ਵਿਲੀਅਮ ਡੈਲਰਿੰਪਲ ਨੇ ਆਪਣਾ ਪੂਰਾ ਜੀਵਨ ਭਾਰਤ ਦੇ ਮੱਧਕਾਲੀ ਇਤਿਹਾਸ ਨੂੰ ਫ਼ਾਰਸੀ, ਉਰਦੂ, ਹਿੰਦੀ, ਅੰਗਰੇਜ਼ੀ ਅਤੇ ਸੰਸਕ੍ਰਿਤ ਭਾਸ਼ਾਵਾਂ ਦੇ ਮੁੱਢਲੇ ਸਰੋਤਾਂ ਦੇ ਪੁਨਰ ਮੁਲਾਂਕਣ ਅਤੇ ਆਲੋਚਨਾਤਮਕ ਅਧਿਐਨ ਦੇ ਆਧਾਰ 'ਤੇ ਲਿਖਣ ਨੂੰ ਸਮਰਪਿਤ ਕੀਤਾ ਹੈ। ਡੈਲਰਿੰਪਲ ਇੰਗਲੈਂਡ ਦਾ ਜੰਮਪਲ ਅਤੇ ਕੁਲੀਨ ਵਰਗ ਨਾਲ ਸੰਬੰਧਿਤ ਇਤਿਹਾਸਕਾਰ ਹੈ। ਉਸ ਨੇ ਆਪਣੇ ਜੀਵਨ ਦੇ ਲਗਭਗ 20-25 ਸਾਲ ਹਿੰਦੁਸਤਾਨ ਦੀਆਂ ਵੱਖ-ਵੱਖ ਲਾਇਬ੍ਰੇਰੀਆਂ ਵਿਚ ਉਪਲਬੱਧ ਫ਼ਾਰਸੀ, ਉਰਦੂ ਤੇ ਅੰਗਰੇਜ਼ੀ ਭਾਸ਼ਾਵਾਂ ਦੀਆਂ ਲਿਖਤਾਂ, ਰੋਜ਼ਨਾਮਚੇ, ਅਖ਼ਬਾਰਾਂ ਅਤੇ ਸਾਹਿਤਕ ਕਿਰਤਾਂ ਦੇ ਹਵਾਲੇ ਨਾਲ ਮੁਗ਼ਲ ਰਾਜ, ਈਸਟ ਇੰਡੀਆ ਕੰਪਨੀ, 1857 ਈਸਵੀ ਦੀ ਪਹਿਲੀ ਲੜਾਈ, ਕੋਹਿਨੂਰ ਹੀਰੇ ਦਾ ਇਤਿਹਾਸ, ਮੁਗ਼ਲ ਰਾਜ ਦੇ ਪਤਨ ਆਦਿ ਨਾਲ ਸਬੰਧਤ ਵਿਸ਼ਿਆਂ ਬਾਰੇ 50 ਕਿਤਾਬਾਂ ਲਿਖੀਆਂ ਹਨ। ਸਕਾਟਲੈਂਡ ਮੂਲ ਨਾਲ ਸੰਬੰਧਿਤ ਡੈਲਰਿੰਪਲ ਨੇ ਕਿਊਰੇਟਰ, ਆਲੋਚਕ ਅਤੇ ਦੂਰਦਰਸ਼ਨ ਦੇ ਪ੍ਰਸਾਰਕ ਵਜੋਂ ਵੀ ਸੇਵਾਵਾਂ ਨਿਭਾਈਆਂ ਹਨ। ਜੈਪੁਰ ਵਿਖੇ ਸਾਲਾਨਾ ਕਿਤਾਬ ਮੇਲੇ ਦੇ ਮੁੱਢਲੇ ਸੰਸਥਾਪਕਾਂ ਵਿਚ ਉਸ ਦਾ ਇਕ ਨਾਂਅ ਹੈ। ਉਹ 'ਥੋਮਸ ਕੁੱਕ ਟਰੈਵਲ ਬੁੱਕ' ਐਵਾਰਡ? ਅਤੇ ਸੰਡੇ ਟਾਇਮਜ਼ ਵਲੋਂ ਦਿੱਤੇ ਜਾਣ ਵਾਲੇ 'ਯੰਗ ਰਾਈਟਰ ਆਫ਼ ਦੀ ਯੀਅਰ'? ਆਦਿ ਇਨਾਮ ਪ੍ਰਾਪਤ ਇਤਿਹਾਸਕਾਰ ਹੈ। ਅੰਤਿਮ ਮੁਗ਼ਲ ਬਾਦਸ਼ਾਹ ਬਹਾਦੁਰ ਸ਼ਾਹ ਜ਼ਫ਼ਰ (1837-1857) ਇੱਕ ਸੂਫ਼ੀ, ਸ਼ਾਇਰ, ਲੇਖਕ, ਅਦਬੀ ਸ਼ਖ਼ਸੀਅਤ ਅਤੇ ਵੱਖ-ਵੱਖ ਭਾਸ਼ਾਵਾਂ ਨੂੰ ਸਰਪ੍ਰਸਤੀ ਪ੍ਰਦਾਨ ਕਰਨ ਵਾਲਾ ਬਾਦਸ਼ਾਹ ਸੀ। ਉਸ ਦੀ ਸਰਪ੍ਰਸਤੀ ਅਧੀਨ ਹਿੰਦੁਸਤਾਨ ਦੇ ਵਿਰਾਸਤੀ ਅਤੇ ਸੱਭਿਆਚਾਰਕ ਇਤਿਹਾਸ ਵਿਚ ਪੁਨਰ ਜਾਗਰਣ ਆਇਆ ਸੀ। ਉਸ ਦੇ ਜੀਵਨਕਾਲ, ਦਰਬਾਰ, ਵਿਦਰੋਹੀਆਂ, ਜਾਸੂਸਾਂ, ਦਰਬਾਰੀਆਂ, ਸੈਨਿਕਾਂ, ਸ਼ਾਹੀ ਖ਼ਾਨਦਾਨ ਦੀਆਂ ਕਮਜ਼ੋਰੀਆਂ, ਫਜ਼ੂਲ ਖ਼ਰਚੀ, ਈਸਟ ਇੰਡੀਆ ਕੰਪਨੀ ਦਾ ਉਭਾਰ ਅਤੇ ਸਾਜਿਸ਼ਾਂ, ਅੰਗਰੇਜ਼ ਵਪਾਰੀਆਂ, ਯਾਤਰੀਆਂ ਅਤੇ ਅਫ਼ਸਰਾਂ ਦੇ ਵਪਾਰਕ ਅਤੇ ਬਰਤਾਨਵੀ ਸਾਮਰਾਜਵਾਦੀ ਹਿੱਤਾਂ ਲਈ ਕੀਤੀਆਂ ਗਈਆਂ ਵਧੀਕਿਆਂ, ਦਿੱਲੀ ਦੀ ਰਾਜਨੀਤਕ ਤੇ ਸਮਾਜਿਕ ਸਥਿਤੀ ਆਦਿ ਵਿਸ਼ਿਆਂ ਦੇ ਨਿਰਪੱਖ ਅਧਿਐਨ ਉਪਰੰਤ ਵਿਲੀਅਮ ਡੈਲਰਿੰਪਲ ਨੇ ਹਥਲੀ ਕਿਤਾਬ ਆਖ਼ਰੀ ਮੁਗ਼ਲ? ਮੁੱਢਲੇ ਰੂਪ ਵਿਚ ਅੰਗਰੇਜ਼ੀ ਭਾਸ਼ਾ ਵਿਚ ਲਿਖੀ ਹੈ। ਇਸ ਕਿਤਾਬ ਦੇ ਅੰਗਰੇਜ਼ੀ ਅਤੇ ਹੋਰ ਅਨੇਕਾਂ ਭਾਸ਼ਾਵਾਂ ਵਿਚ ਕਈ ਸੰਸਕਰਣ 2006 ਤੋਂ ਬਾਅਦ ਪ੍ਰਕਾਸ਼ਿਤ ਹੋ ਚੁੱਕੇ ਹਨ। 'ਆਖ਼ਰੀ ਮੁਗ਼ਲ' ਕਿਤਾਬ ਬਾਰੇ ਅੰਮਿਤਯ ਸੇਨ ਨੇ ਲਿਖਿਆ ਹੈ ਕਿ 'ਵਿਲੀਅਮ ਡੈਲਰਿੰਪਲ' ਦੀ ਦਿਲ ਖਿੱਚਵੀਂ ਕਿਤਾਬ ਨਾ ਸਿਰਫ ਪੜ੍ਹਨ ਦੇ ਲਈ ਅਤਿਅੰਤ ਦਿਲਚਸਪ ਹੈ, ਸਗੋਂ ਇਹ ਮੁਗ਼ਲ ਸਾਮਰਾਜ ਦੇ ਬੁਝਦੇ ਦੌਰ ਅਤੇ ਨਾਲ ਹੀ ਸਾਮਰਾਜਵਾਦ ਬਗਾਵਤ ਦੇ ਸਮੇਂ ਦੇ ਇੱਕ ਅਤਿਅੰਤ ਮਹੱਤਵਪੂਰਨ ਸਮੇਂ ਵਿਚ ਦਿੱਲੀ ਦੇ, ਭਾਰਤ ਦੇ, ਹਿੰਦੂ-ਮੁਸਲਿਮ ਸਹਿਯੋਗ ਦੇ ਅਤੇ ਭਾਰਤ-ਬ੍ਰਿਟੇਨ ਸੰਬੰਧਾਂ ਦੇ ਬਾਰੇ ਵਿਚ ਸਾਡੇ ਗਿਆਨ ਵਿਚ ਜ਼ਬਰਦਸਤ ਵਾਧਾ ਕਰਦੀ ਹੈ। ਇਹ ਨਿਸ਼ਚਤ ਰੂਪ ਵਿਚ ਇਕ ਦੁਰਲੱਭ ਗੱਲ ਹੈ ਕਿ ਏਨੀ ਉਤਮ ਵਿਦਵਤਾ ਅਤੇ ਅੰਤਰ-ਦਰਿਸ਼ਟੀ ਵਾਲੀ ਰਚਨਾ ਏਨੀ ਆਸਾਨੀ ਨਾਲ ਉਪਲਭਧ ਹੋਵੇ ਅਤੇ ਪੜ੍ਹਨ ਵਿਚ ਏਨੀ ਮਜ਼ੇਦਾਰ ਹੋਵੇ। ਭਾਰਤ ਦੇ ਸਹੀ ਇਤਿਹਾਸ ਨੂੰ ਲਿਖਣ ਵਾਲੇ ਸਾਹਿਤਕਾਰਾਂ ਅਤੇ ਇਤਿਹਾਸਕਾਰਾਂ ਨੂੰ ਸਮਰਪਿਤ 12 ਅਧਿਆਇ ਵਿਚ ਵੰਡੀ ਇਸ ਕਿਤਾਬ ਦੇ ਮੁੱਖ ਵਿਸ਼ੇ ਸ਼ਤਰੰਜ ਦਾ ਇੱਕ ਮੋਹਰ; ਆਸਤਿਕ ਅਤੇ ਕਾਫ਼ਰ; ਇਕ ਬੇਚੈਨ ਸੰਤੁਲਨ; ਤੂਫ਼ਾਨ ਦੀ ਆਗਮਾਨ; ਕਹਿਰ ਦੀ ਤਲਵਾਰ; ਇਕ ਤਬਾਹੀ ਅਤੇ ਬਰਬਾਦੀ ਦਾ ਦਿਨ; ਨਾਜ਼ੁਕ ਸਥਿਤੀ; ਖ਼ੂਨ ਦਾ ਬਦਲਾ ਖ਼ੂਨ; ਲਹਿਰਾਂ ਦਾ ਰੁਖ ਬਦਲਣਾ; ਸਭ ਨੂੰ ਮਾਰ ਸੁੱਟੋ; ਲਾਸ਼ਾਂ ਦਾ ਸ਼ਹਿਰ ਅਤੇ ਆਖ਼ਰੀ ਮਹਾਨ ਮੁਗ਼ਲ ਆਦਿ ਹਨ। ਅਧਿਆਇ ਪਹਿਲਾ ਜੋ ਨਾਟਕ ਦੇ ਪਾਤਰ ਸਿਰਲੇਖ ਅਧੀਨ ਹੈ ਵਿਚ ਲੇਖਕ ਵਲੋਂ ਮੁਗ਼ਲ ਸ਼ਾਹੀ ਖ਼ਾਨਦਾਨ ਦੇ ਪ੍ਰਭਾਵਸ਼ਾਲੀ ਪਾਤਰਾਂ 'ਤੇ ਦਰਬਾਰੀਆਂ ਦੇ ਜੀਵਨ ਅਤੇ ਚਰਿੱਤਰ ਬਾਰੇ ਨਵੀਂ ਤੇ ਵੱਖਰੀ ਸੋਚਣ ਸ਼ਕਤੀ ਤੇ ਸੇਧ ਪੂਰਨ ਸਿੱਟਿਆਂ ਤਹਿਤ ਜਾਣਕਾਰੀ ਦਿੱਤੀ ਹੈ। ਜਿਨ੍ਹਾਂ ਵਿਚੋਂ ਕੁਝ ਦੇ ਨਾਮ ਸ਼ਹਿਨਸ਼ਾਹ ਬਹਾਦੁਰ ਸ਼ਾਹ ਦੂਜਾ, ਨਵਾਬ ਜ਼ੀਨਤ ਮਹਲ ਬੇਗਮ, ਤਾਜ ਮਹਲ ਬੇਗ਼ਮ, ਮਿਰਜ਼ਾ ਜਵਾਬਖ਼ਤ ਅਤੇ ਦਿੱਲੀ ਦੇ ਸ਼ਾਇਰ-ਏ-ਆਜ਼ਮ ਮਿਰਜ਼ਾ ਅਸਦਉੱਲਾਹ ਖ਼ਾਨ ਗ਼ਾਲਿਬ ਆਦਿ ਹਨ। ਦਿੱਲੀ ਦੇ ਕੁਝ ਹੋਰ ਸ਼ਹਿਰੀ ਸਿਰਲੇਖ ਅਧੀਨ ਮੁਗ਼ਲ ਬਾਦਸ਼ਾਹ ਦੇ ਕੁਝ ਅਧਿਕਾਰੀਆਂ ਜੋ ਕਿ ਗੁਪਤ ਰੂਪ ਵਿਚ ਅੰਗਰੇਜ਼ਾਂ ਦੇ ਜਾਸੂਸ ਸਨ ਬਾਰੇ ਲਿਖਿਆ ਹੈ। ਉਦਾਹਰਨ ਵਜੋਂ ਬ੍ਰਿਗੇਡੀਅਰ ਮੇਜਰ ਗੌਰੀ ਸ਼ੰਕਰ ਸ਼ੁਕਲ, ਮੁਨਸ਼ੀ ਜੀਵਨ ਲਾਲ ਆਦਿ ਦੇ ਨਾਮ ਹਨ। ਇਸੇ ਤਰ੍ਹਾਂ ਧਾਰਮਿਕ ਕੱਟੜਤਾ 'ਤੇ ਅਧਾਰਤ ਮੁਗ਼ਲ ਰਾਜ 3 ਦੀਆਂ ਵੰਡੀਆਂ ਪਾਉਣ ਵਾਲੇ ਸਰਫਰਾਜ਼ ਅਲੀ ਅਤੇ ਕੁਝ ਪ੍ਰਮੁੱਖ ਅਦਬੀ ਸ਼ਖ਼ਸੀਅਤਾਂ ਦੇ ਨਾਮ ਅਤੇ ਅੰਗਰੇਜ਼ ਅਧਿਕਾਰੀਆਂ ਡੇਵਿਡ ਆਕਟਰਲੋਨੀ, ਥਾਮਸ ਮੈਟਕਾਫ਼, ਐਡਵਰਡ ਕੈਂਪਬੈਲ ਅਤੇ ਅਤਿਆਚਾਰੀ ਵਿਲੀਅਮ ਹੋਡਸਨ ਦੇ ਸੁਭਾਅ ਬਾਰੇ ਫ਼ਾਰਸੀ, ਉਰਦੂ ਅਤੇ ਹੋਰ ਹਿੰਦੁਸਤਾਨੀ ਭਾਸ਼ਾਵਾਂ ਦੇ ਸਾਹਿਤ 'ਤੇ ਆਧਾਰਿਤ ਲਿਖਿਆ ਹੈ। ਡੈਲਰਿੰਪਲ ਅਨੁਸਾਰ ਬਹਾਦੁਰ ਸ਼ਾਹ ਜ਼ਫ਼ਰ, ਇਕ ਸ਼ਾਂਤ ਚਿੱਤ, ਸ਼ਾਇਰ, ਸਹਿਣਸ਼ੀਲ ਰਵੱਈਏ ਵਾਲਾ, ਬਜ਼ੁਰਗ, ਅੰਦਰੂਨੀ ਤੇ ਬਾਹਰੀ ਬਗਾਵਤਾਂ ਦਾ ਸ਼ਿਕਾਰ ਬਾਦਸ਼ਾਹ ਸੀ। ਸ਼ਾਹੀ ਦਰਬਾਰ ਦੀਆਂ ਔਰਤਾਂ ਦੀ ਫ਼ਜ਼ੂਲ ਖ਼ਰਚੀ, ਸਾਹਿਬਜ਼ਾਦਿਆਂ ਦੀ ਨਾ ਅਹਿਲੀਅਤ, ਬਾਦਸ਼ਾਹ ਦਾ ਉਦਾਰਵਾਦੀ ਰਵੱਈਆ, ਦਰਬਾਰੀਆਂ ਦੀਆਂ ਸਾਜਿਸ਼ਾਂ, ਚਾਲਾਂ ਅਤੇ ਬਾਦਸ਼ਾਹ ਪ੍ਰਤੀ ਧੋਖੇਬਾਜ਼ੀ ਨੇ ਮੁਗ਼ਲ ਰਾਜ ਦੀਆਂ ਜੜ੍ਹਾਂ ਨੂੰ ਖੋਖਲਾ ਕਰ ਦਿੱਤਾ ਸੀ। ਦੂਸਰੇ ਪਾਸੇ 1600 ਈਸਵੀ ਤੋਂ ਹਿੰਦੁਸਤਾਨ ਵਿਚ ਨਿਰੰਤਰ ਕਿਰਿਆਸ਼ੀਲ ਈਸਟ ਇੰਡੀਆ ਕੰਪਨੀ ਦੇ ਵਪਾਰਕ ਵਿਕਾਸ, ਖੇਤਰੀ ਕਬਜ਼ੇ, ਸੈਨਿਕ ਸੰਗਠਨਤਾ ਅਤੇ ਵਿਸਥਾਰਵਾਦ ਨੇ ਮੁਗ਼ਲਾਂ ਦੁਆਰਾ ਸਥਾਪਤ ਹਿੰਦੁਸਤਾਨ ਵਿਚ ਗੰਗਾ ਜਮਨਾ ਦੀ ਮਿਲੀ-ਜੁਲੀ ਤਹਿਜ਼ੀਬ ਅਤੇ ਭਾਰਤੀ ਦਾਰਸ਼ਨਿਕਤਾ ਦੀ ਸਾਂਝੀ ਤਹਿਜ਼ੀਬ ਨੂੰ ਜੜ੍ਹ ਤੋਂ ਉਖਾੜ ਕੇ ਰੱਖ ਦਿੱਤਾ ਸੀ। ਲੇਖਕ ਅਨੁਸਾਰ ਵਿਲੀਅਮ ਹੋਡਸਨ ਦਾ ਇਹ ਪਹਿਲਾਂ ਤੋਂ ਹੀ ਨਿਰਧਾਰਤ ਫ਼ੈਸਲਾ ਸੀ ਕਿ ਮੁਗ਼ਲ ਰਾਜ ਨੂੰ ਖ਼ਤਮ ਕਰਨਾ ਹੈ। ਇਸ ਲਈ ਉਸ ਨੇ ਬਹਾਦੁਰ ਸ਼ਾਹ ਜ਼ਫ਼ਰ ਦੇ ਪਰਿਵਾਰ ਦੀਆਂ ਔਰਤਾਂ, ਸਾਹਿਬਜ਼ਾਦਿਆਂ ਅਤੇ ਦਰਬਾਰੀਆਂ ਨਾਲ ਅੱਤਿਆਚਾਰੀ ਅਤੇ ਗੈਰ-ਮਨੁੱਖੀ ਰਵੱਈਆ ਅਪਣਾਇਆ ਸੀ। ਬਾਦਸ਼ਾਹ ਦੇ ਦੋ ਬੇਟਿਆਂ ਨੂੰ ਉਸ ਦੇ ਸਾਹਮਣੇ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਸੀ। 1857 ਈਸਵੀ ਦੀ ਆਜ਼ਾਦੀ ਦੀ ਪਹਿਲੀ ਲੜਾਈ ਸਮੇਂ ਭਾਵੇਂ ਬਹਾਦੁਰ ਸ਼ਾਹ ਜ਼ਫ਼ਰ ਬਜ਼ੁਰਗ ਹੋ ਚੁੱਕਿਆ ਸੀ, ਪਰੰਤੂ ਉਸ ਨੇ ਸੰਪਰਦਾਇਕ ਮੇਲ ਜੋਲ ਅਤੇ ਖੁਸ਼ਹਾਲੀ ਦੇ ਦੌਰ ਨੂੰ ਸਥਾਪਤ ਕਰਨ ਲਈ ਉਦਾਰਵਾਦੀ ਰਵੱਈਆ ਬੜੀ ਪਰਪੱਕਤਾ ਨਾਲ ਜਾਰੀ ਰੱਖਿਆ ਸੀ। ਲੇਖਕ ਅਨੁਸਾਰ ''ਜ਼ਫ਼ਰ ਨੇ ਹਮੇਸ਼ਾ ਹਿੰਦੂਆਂ ਦਾ ਸਰਪ੍ਰਸਤ ਅਤੇ ਮੁਸਲਮਾਨਾਂ ਦੀਆਂ ਮੰਗਾਂ ਦੇ ਵਿਚੋਲੇ ਦੇ ਰੂਪ ਵਿਚ ਆਪਣੀ ਭੂਮਿਕਾ 'ਤੇ ਜ਼ੋਰ ਦਿੱਤਾ ਸੀ। ਉਹ ਹਿੰਦੂ ਜਨਤਾ ਅਤੇ ਮੁਸਲਮਾਨਾਂ ਵਿਚਕਾਰ ਗੱਠਜੋੜ ਬਣਾਈ ਰੱਖਣ ਦੇ ਮਹੱਤਵ ਨੂੰ ਕਦੇ ਨਹੀਂ ਭੁੱਲਿਆ ਸੀ। ਬਗ਼ਾਵਤ ਦੇ ਦਿਨਾਂ ਦੌਰਾਨ ਪੂਰਾ ਸਮਾਂ ਜੇਹਾਦੀਆਂ ਦੀਆਂ ਮੰਗਾਂ ਮੰਨ ਕੇ ਆਪਣੀ ਹਿੰਦੂ ਪਰਜਾ ਨੂੰ ਅਲੱਗ-ਥਲੱਗ ਕਰਨ ਤੋਂ ਇਨਕਾਰ ਕਰਦੇ ਰਹਿਣਾ ਸ਼ਾਇਦ ਉਨ੍ਹਾਂ ਦੀ ਅਟੱਲ ਨੀਤੀ ਸੀ।'' ਆਪਣੇ ਪੂਰਵਜ ਸ਼ਹਿਨਸ਼ਾਹ ਅਕਬਰ ਵਾਂਗ ਉਹ ਇਸਲਾਮੀ ਤਹਿਜ਼ੀਬ ਦੇ ਇਕ ਬਹੁਤ ਦਿਲਕਸ਼ ਪ੍ਰਤੀਨਿਧੀ ਸਨ ਜੋ ਬਹੁਤ ਸਹਿਣਸ਼ੀਲ ਅਤੇ ਬਹੁਲਤਾਵਾਦੀ ਸੀ। ਸ