JALANDHAR WEATHER

31-03-2025

 ਨਸ਼ਿਆਂ ਤੋਂ ਜਵਾਨੀ ਬਚਾਓ

ਜੀਵਨ ਇਕ ਕੀਮਤੀ ਤੋਹਫ਼ਾ ਹੈ, ਜੋ ਚੰਗੀ ਸਿਹਤ, ਤੰਦਰੁਸਤੀ ਚੰਗੇ ਦੋਸਤਾਂ ਅਤੇ ਪਰਿਵਾਰ ਦੇ ਨਾਲ ਮਿਲ ਕੇ ਸਵਰਗ ਬਣਦਾ ਹੈ। ਪਰ ਜਦੋਂ ਨਸ਼ਾ ਕਿਸੇ ਦੇ ਜੀਵਨ ਦਾ ਹਿੱਸਾ ਬਣ ਜਾਂਦਾ ਹੈ, ਤਾਂ ਉਹ ਸਵਰਗ ਨਰਕ ਵਿਚ ਤਬਦੀਲ ਹੋ ਜਾਂਦਾ ਹੈ। ਸਮਾਜ ਵਿਚ ਤੁਹਾਡੀ ਕੋਈ ਇੱਜ਼ਤ ਨਹੀਂ ਰਹਿੰਦੀ ਜਿਸ ਕਾਰਨ ਤੁਹਾਡੇ ਪਰਿਵਾਰ ਨੂੰ ਵੀ ਸ਼ਰਮਿੰਦਗੀ, ਸਮਾਜਿਕ ਤਾਅਨਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਨਸ਼ਾ ਇਨਸਾਨ ਦੇ ਸਰੀਰ ਅੰਦਰੋਂ ਖੋਖਲਾ ਕਰ ਦਿੰਦਾ ਹੈ। ਇਸ ਲਈ ਆਪਣੀ ਜਵਾਨੀ ਨੂੰ ਨਸ਼ਿਆਂ ਵਿਚ ਨਾ ਗਵਾਓ ਇਸ ਨੂੰ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਖੁਸ਼ੀਆਂ ਵੰਡਣ ਵਿਚ ਬਿਤਾਓ।

-ਅਮਰਜੋਤ ਸਿੰਘ,
ਮਟੌਰ।

ਵੇਟਿੰਗ ਲਿਸਟਾਂ ਜਾਰੀ ਹੋਣ

ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਬੇਨਤੀ ਹੈ ਕਿ 4161 ਭਰਤੀ ਦੀਆਂ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਦੀਆਂ ਉਡੀਕ ਸੂਚੀਆਂ ਜਾਰੀ ਕਰਨ ਦੀ ਮਿਹਰਬਾਨੀ ਕਰੋ। ਇਸ ਨਾਲ ਹਜ਼ਾਰਾਂ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਮਿਲੇਗਾ। ਇਸ ਨਾਲ ਸਰਕਾਰ ਦਾ ਅਕਸ ਹੋਰ ਵੀ ਵਧੀਆ ਹੋਵੇਗਾ।

-ਜੰਗ ਸਿੰਘ
ਖੰਨਾ (ਲੁਧਿਆਣਾ)

ਫੋਨ ਟੈਕਨਾਲੋਜੀ ਬੱਚਿਆਂ ਲਈ ਖਤਰਨਾਕ

ਅੱਜਕੱਲ੍ਹ ਬੱਚੇ ਫੋਨ ਨੂੰ ਹਰ ਪਲ ਆਪਣੇ ਕੋਲ ਰੱਖਦੇ ਹਨ, ਫੋਨ ਤੋਂ ਬਿਨਾਂ ਬੱਚਿਆਂ ਦਾ ਮਨ ਨਹੀਂ ਲੱਗਦਾ। ਸਮਾਰਟ ਫੋਨ ਅੱਜ ਸਾਡੀ ਜ਼ਿੰਦਗੀ ਦੀ ਮਹੱਤਵਪੂਰਨ ਲੋੜ ਬਣ ਚੁੱਕਾ ਹੈ। ਪਰ ਹਰ ਨਵੀਂ ਖੋਜ ਦੇ ਕੁਝ ਲਾਭ ਤੇ ਹਾਨੀਆਂ ਹੁੰਦੀਆਂ ਹਨ। ਇਹ ਸਾਡੇ 'ਤੇ ਨਿਰਭਰ ਹੈ ਕਿ ਅਸੀਂ ਟੈਕਨਾਲੋਜੀ ਤੋਂ ਲਾਭ ਜਾਂ ਨੁਕਸਾਨ ਉਠਾਉਣਾ ਹੈ। ਸਕੂਲਾਂ ਵਿਚ ਵੀ ਮੋਬਾਈਲ ਫੋਨ ਦੀ ਵਰਤੋਂ ਉੱਪਰ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ। ਰਾਤ ਨੂੰ ਹਨੇਰੇ ਵਿਚ ਮੋਬਾਈਲ ਫੋਨ ਨਹੀਂ ਚਲਾਉਣਾ ਚਾਹੀਦਾ ਹੈ, ਕਿਉਂਕਿ ਇਸ ਨਾਲ ਸਾਡੀਆਂ ਅੱਖਾਂ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਸੋ, ਆਓ ਆਪਾਂ ਮੋਬਾਈਲ ਫੋਨ ਤੋਂ ਹੋਣ ਵਾਲੇ ਬੁਰੇ ਪ੍ਰਭਾਵਾਂ ਤੋਂ ਆਪਣੇ ਬੱਚਿਆਂ ਨੂੰ ਬਚਾਈਏ।

-ਲਵਪ੍ਰੀਤ ਕੌਰ।

ਸਰਕਾਰ ਦਾ ਕਦਮ ਪ੍ਰਸੰਸਾਯੋਗ

ਦੇਰ ਆਏ ਦਰੁਸਤ ਆਏ...ਪੰਜਾਬ ਸਰਕਾਰ ਵਲੋਂ ਤਿੰਨ ਸਾਲਾਂ ਪਿੱਛੋਂ ਨਸ਼ਿਆਂ ਖਿਲਾਫ਼ ਸਖ਼ਤੀ ਭਰਿਆ ਕਦਮ ਚੁੱਕੇ ਜਾਣਾ ਪ੍ਰਸੰਸਾਯੋਗ ਆਖਿਆ ਜਾ ਸਕਦਾ ਹੈ। ਜੇਕਰ ਸੂਬਾ ਸਰਕਾਰ ਤੇ ਪ੍ਰਸ਼ਾਸਨ ਇਸ ਪਹਿਲਕਦਮੀ ਨੂੰ ਗੰਭੀਰਤਾ ਨਾਲ ਲੈਂਦੇ ਹਨ ਤਾਂ ਚੰਗੇ ਨਤੀਜੇ ਸਾਹਮਣੇ ਆ ਸਕਦੇ ਹਨ। ਇਸ ਵਾਸਤੇ ਸੂਬਾ ਸਰਕਾਰ ਨੂੰ ਨਸ਼ਿਆਂ ਦੀ ਪੂਰੀ ਚੇਨ ਨੂੰ ਤੋੜਨਾ ਹੋਵੇਗਾ। ਸਿਆਣੇ ਕਹਿੰਦੇ ਕਮਲੇ ਨੂੰ ਨਾ ਮਾਰੋ। ਕਮਲੇ ਦੀ ਮਾਂ ਨੂੰ ਮਾਰੋ ਤਾਂ ਜੋ ਹੋਰ ਕਮਲਾ ਨਾ ਜੰਮ ਧਰੇ। ਮਲਬ ਜਿੱਥੋਂ ਨਸ਼ਾ ਆਉਂਦਾ ਹੈ ਜਾਂ ਬਣਦਾ ਹੈ ਉਥੇ ਨਕੇਲ ਕੱਸਣੀ ਜ਼ਰੂਰੀ ਹੈ। ਸੋ, ਬਹੁਤੀਆਂ ਦੀ ਇਕ ਗੱਲ, ਜੇ ਸਰਕਾਰ ਸੱਚਮੁੱਚ ਨਸ਼ੇ ਨੂੰ ਖ਼ਤਮ ਕਰਨ ਲਈ ਗੰਭੀਰ ਹੈ ਤਾਂ ਚੰਗੇ ਨਤੀਜੇ ਆਉਣੇ ਲਾਜ਼ਮੀ ਹਨ, ਪਰ ਜੇ...।

-ਲੈਕਚਰਾਰ ਅਜੀਤ ਖੰਨਾ
ਐਮ.ਏ., ਐਮ.ਫਿਲ, ਐਮ.ਜੇ.ਐਮ.ਸੀ.ਬੀ.ਐਡ.।

ਪੁਰਾਣਾ ਰਿਕਾਰਡ ਦਿੱਤਾ ਜਾਵੇ

ਪਿੰਡਾਂ ਦੀਆਂ ਨਵੀਆਂ ਚੁਣੀਆਂ ਪੰਚਾਇਤਾਂ ਪੁਰਾਣੇ ਰਿਕਾਰਡ ਤੇ ਰਜਿਸਟਰ ਨਾ ਮਿਲਣ ਕਰਕੇ ਪ੍ਰੇਸ਼ਾਨ ਹਨ। ਪਿੰਡਾਂ ਦੇ ਲੋਕਾਂ ਵਲੋਂ ਭਾਵੇਂ ਨਵੀਆਂ ਪੰਚਾਇਤਾਂ ਚੁਣ ਲਈਆਂ ਗਈਆਂ ਹਨ, ਪਰ ਜਿੱਤ ਕੇ ਵੀ ਬਹੁਤੇ ਪੰਚਾਇਤ ਮੈਂਬਰ ਖ਼ੁਸ਼ ਹੋਣ ਦੀ ਬਜਾਏ ਨਿਰਾਸ਼ਾ ਦੇ ਆਲਮ ਵਿਚ ਹਨ। ਕਿਉਂਕਿ ਬਹੁਤ ਸਾਰੀਆਂ ਪੰਚਾਇਤਾਂ ਨੂੰ ਪੂਰੇ ਅਧਿਕਾਰ ਭਾਵ ਪੁਰਾਣੇ ਰਜਿਸਟਰ ਅਤੇ ਰਿਕਾਰਡ ਦੇਣ ਵਿਚ ਪੁਰਾਣੀਆਂ ਪੰਚਾਇਤਾਂ ਅਤੇ ਪੰਚਾਇਤੀ ਵਿਭਾਗ ਦੇ ਅਫ਼ਸਰ ਅਸਮਰੱਥ ਹਨ। ਬਹੁਤ ਸੈਕਟਰੀ, ਜੇਈ ਪੰਚਾਇਤ ਮੈਂਬਰਾਂ ਨੂੰ ਨਵੇਂ ਰਜਿਸਟਰ ਲਗਵਾਉਣ ਲਈ ਕਹਿ ਰਹੇ ਹਨ ਪਰ ਨਵੇਂ ਬਣੇ ਸਰਪੰਚਾਂ ਦਾ ਕਹਿਣਾ ਹੈ ਕਿ ਸਾਨੂੰ ਵੀ ਪਤਾ ਲੱਗੇ ਕਿ ਪਿਛਲੀ ਪੰਚਾਇਤ ਵਲੋਂ ਕਿਹੜਾ ਮਤਾ ਪਾਇਆ ਗਿਆ ਸੀ, ਕਿਹੜਾ ਨਹੀਂ। ਕਿਤੇ ਅਸੀਂ ਉਹੀ ਮਤਾ ਦੁਬਾਰੇ ਪਾ ਕੇ ਕੰਮ ਸ਼ੁਰੂ ਕਰਵਾ ਦਿੱਤਾ ਤੇ ਪਿੱਛੋਂ ਪੰਚਾਇਤ ਨੂੰ ਕੋਈ ਗਰਾਂਟ ਨਾ ਮਿਲੀ ਤਾਂ ਉਹ ਪੈਸੇ ਅਸੀਂ ਪੱਲਿਓਂ ਕਿੱਥੋਂ ਭਰਾਂਗੇ। ਨਵੀਆਂ ਬਣੀਆਂ ਪੰਚਾਇਤਾਂ ਪੰਜਾਬ ਸਰਕਾਰ ਦੇ ਪੰਚਾਇਤੀ ਵਿਭਾਗ ਕੋਲੋਂ ਬਹੁਤ ਨਿਰਾਸ਼ ਹਨ। ਬਹੁਤੇ ਪੰਚਾਇਤ ਮੈਂਬਰ ਕਹਿ ਰਹੇ ਹਨ ਕਿ ਕੀ ਇਹ ਪਹਿਲੀ ਬਦਲਾਅ ਵਾਲਿਆਂ ਦੀ ਸਰਕਾਰ ਦੇ ਰਾਜ ਵਿਚ ਵੇਖਿਆ ਗਿਆ ਹੈ ਕਿ ਇਸ ਸਰਕਾਰ ਦੀ ਢਿੱਲੀ ਕਾਰਵਾਈ ਦੇ ਕਾਰਨ ਲੋਕਾਂ ਦਾ ਮੋਹਭੰਗ ਹੋ ਰਿਹਾ ਹੈ।

-ਗੁਰਪ੍ਰੀਤ ਸਿੰਘ ਜਖਵਾਲੀ

ਜਾਣਕਾਰੀ ਭਰਪੂਰ ਲੇਖ

ਪੰਜਾਬ ਦੀ ਅਵਾਜ਼ ਅਜੀਤ ਵਿਚ ਲੇਖਕ ਬਿਕਰਮਜੀਤ ਸਿੰਘ ਜੀਤ ਦਾ ਲਿਖਿਆ ਲੇਖ ਸ਼ਹੀਦ ਬਾਬਾ ਗੁਰਬਖ਼ਸ਼ ਸਿੰਘ ਨੂੰ ਯਾਦ ਕਰਦਿਆਂ ਪੜ੍ਹਿਆ। ਕੁਝ ਸ਼ਖ਼ਸੀਅਤਾਂ ਐਸੀਆਂ ਹੁੰਦੀਆਂ ਹਨ ਜੋ ਇਸ ਸੰਸਾਰ ਤੋਂ ਚਲੇ ਜਾਣ ਤੋਂ ਬਾਅਦ ਵੀ ਲੋਕਾਂ ਦੇ ਮਨਾਂ ਵਿਚ ਵਸੀਆਂ ਰਹਿੰਦੀਆਂ ਹਨ। ਸਿੱਖ ਇਤਿਹਾਸ ਵਿਚ ਸ਼ਹੀਦ ਬਾਬਾ ਗੁਰਬਖ਼ਸ਼ ਸਿੰਘ (ਨਿਹੰਗ ਸਿੰਘ) ਦਾ ਨਾਂਅ ਵਿਸ਼ੇਸ਼ ਸਥਾਨ ਰੱਖਦਾ ਹੈ। ਉਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਦੀ ਰੱਖਿਆ ਕਰਨ ਹਿੱਤ ਆਪਣੀ ਸ਼ਹੀਦੀ ਦਿੱਤੀ। ਉਨ੍ਹਾਂ ਨੇ ਭਾਈ ਮਨੀ ਸਿੰਘ ਦੇ ਜਥੇ ਤੋਂ ਅੰਮ੍ਰਿਤ ਛਕਿਆ। ਉਪਰੰਤ ਸਿੱਖ ਜਰਨੈਲ ਬਾਬਾ ਦੀਪ ਸਿੰਘ ਦੇ ਜਥੇ ਵਿਚ ਸ਼ਾਮਿਲ ਹੋ ਗਏ। ਜਦੋਂ ਅਬਦਾਲੀ ਨੇ ਹਰਿਮੰਦਰ ਸਾਹਿਬ 'ਤੇ ਹਮਲਾ ਕੀਤਾ ਤਾਂ ਬਾਬਾ ਜੀ ਨੇ ਸਿਰਫ਼ 30 ਸਿੰਘਾਂ ਦੇ ਨਾਲ 30,000 ਗਿਲਜਿਆਂ 'ਤੇ ਏਨਾ ਭਿਆਨਕ ਹਮਲਾ ਕੀਤਾ ਕਿ ਸੈਂਕੜੇ ਗਿਲਜਿਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਬਾਬਾ ਗੁਰਬਖ਼ਸ਼ ਸਿੰਘ ਜੀ ਨੇ ਆਪਣੇ ਸਾਥੀਆਂ ਸਮੇਤ ਅਹਿਮਦ ਸ਼ਾਹ ਅਬਦਾਲੀ ਦੀਆਂ ਫ਼ੌਜਾਂ ਨਾਲ ਲੜਦੇ ਹੋਏ ਆਪਣੇ ਗੁਰਧਾਮ ਦੀ ਰੱਖਿਆ ਕਰਦਿਆਂ ਸ਼ਹੀਦੀ ਪ੍ਰਾਪਤ ਕੀਤੀ। ਬਾਬਾ ਜੀ ਦਾ ਅੰਤਮ ਸੰਸਕਾਰ ਅਕਾਲ ਤਖ਼ਤ ਸਾਹਿਬ ਦੇ ਪਿਛਲੇ ਪਾਸੇ ਕੀਤਾ ਗਿਆ ਤੇ ਉਨ੍ਹਾਂ ਦੀ ਯਾਦ ਵਿਚ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ।

-ਜੋਗਿੰਦਰ ਸਿੰਘ ਲੋਹਾਮ
ਮੋਗਾ