20-03-2025
ਨਾਜਾਇਜ਼ ਕਬਜ਼ੇ
ਅਸੀਂ ਪਿੰਡਾਂ, ਸ਼ਹਿਰਾਂ, ਸੜਕਾਂ, ਨਹਿਰਾਂ ਅਤੇ ਹੋਰ ਬਹੁਤ ਸਾਰੀਆਂ ਥਾਵਾਂ 'ਤੇ ਦੇਖਦੇ ਹਾਂ ਕਿ ਕਿਵੇਂ ਕੁਝ ਲੋਕਾਂ ਨੇ ਜਦੋਂ ਸਰਕਾਰੀ ਜਾਂ ਜਨਤਕ ਥਾਵਾਂ 'ਤੇ ਨਾਜਾਇਜ ਕਬਜ਼ਾ ਕਰਨਾ ਹੁੰਦਾ ਹੈ ਤਾਂ। ਫਿਰ ਉਹ ਲੋਕ ਕਿਸੇ ਧਰਮ ਦਾ ਸਹਾਰਾ ਲੈ ਕੇ ਸਰਕਾਰੀ ਜ਼ਮੀਨਾਂ 'ਤੇ ਨਾਜਾਇਜ਼ ਕਬਜ਼ਾ ਕਰ ਲੈਂਦੇ ਹਨ! ਇਨ੍ਹਾਂ ਨਾਜਾਇਜ਼ ਕਬਜ਼ਿਆਂ ਵਿਚ ਇਹ ਲੋਕ ਸਾਰੇ ਹੀ ਧਰਮਾਂ ਦੀ ਵਰਤੋਂ ਕਰਦੇ ਹਨ। ਅਸੀਂ ਬਹੁਤ ਥਾਵਾਂ 'ਤੇ ਦੇਖਦੇ ਹਾਂ ਕਿ ਇਹ ਲੋਕ ਸ਼ੁਰੂ ਸ਼ੁਰੂ ਵਿੱਚ ਚਾਰ ਇੱਟਾਂ ਰੱਖ ਕੇ ਲਾਲ, ਹਰਾ ਅਤੇ ਪੀਲਾ ਕਪੜਾ ਪਾ ਕੇ ਅਤੇ ਝੰਡਾ ਲਗਾ ਕੇ ਮੱਥਾ ਟੇਕਣ ਲੱਗਦੇ ਹਨ। ਫਿਰ ਹੌਲੀ ਹੌਲੀ ਅਣਜਾਣ ਲੋਕ ਵੀ ਇੱਥੇ ਆਉਣਾ ਸ਼ੁਰੂ ਕਰਦੇ ਹਨ। ਫਿਰ ਇਹ ਲੋਕ ਨਾਜਾਇਜ਼ ਕਬਜ਼ੇ ਦੀ ਸ਼ੁਰੂਆਤ ਕਰਦੇ ਹਨ। ਇੰਨਾ ਨਾਜਾਇਜ਼ ਕਬਜ਼ੇ ਵਾਲੀਆਂ ਥਾਵਾਂ ਤੇ ਇੱਕ ਲੋਕ ਗਿਣਵੇਂ ਦਿਨਾਂ ਵਿਚ ਵੱਡੇ ਵੱਡੇ ਕਮਰੇ ਉਸਾਰ ਕੇ ਨਾਜਾਇਜ ਕਬਜ਼ਾ ਕਰ ਲੈਂਦੇ ਹਨ। ਜਿਸ ਮਹਿਕਮੇ ਦੀ ਜ਼ਮੀਨ 'ਤੇ ਇਹ ਲੋਕ ਨਾਜਾਇਜ਼ ਕਬਜ਼ੇ ਕਰਦੇ ਹਨ। ਜਦੋਂ ਮਹਿਕਮਾ ਇਨ੍ਹਾਂ ਨੂੰ ਨਾਜਾਇਜ਼ ਕਬਜ਼ਿਆਂ ਤੋਂ ਰੋਕਦਾ ਹੈ ਫਿਰ ਇਹ ਲੋਕ ਧਰਮ ਦੇ ਨਾਂਅ 'ਤੇ ਲੜਾਈ ਝਗੜਾ, ਬਲੈਕਮੇਲ ਕਰਦਿਆਂ ਧਮਕੀਆਂ ਤੱਕ ਦਿੰਦੇ ਹਨ। ਇਸ ਨੂੰ ਪੂਰੀ ਤਰ੍ਹਾਂ ਨਾਲ ਧਾਰਮਿਕ ਮੁੱਦਾ ਬਣਾ ਦਿੰਦੇ ਹਨ!
ਸਾਡੀ ਪੰਜਾਬ ਸਰਕਾਰ ਅਤੇ ਸੰਬੰਧਿਤ ਮਹਿਕਮਿਆਂ ਨੂੰ ਬੇਨਤੀ ਹੈ ਕਿ ਜੋ ਲੋਕ ਕਿਸੇ ਵੀ ਧਰਮ ਦਾ ਸਹਾਰਾ ਲੈ ਕੈ ਸਰਕਾਰੀ ਜ਼ਮੀਨਾਂ 'ਤੇ ਧਰਮ ਦੀ ਆੜ ਵਿੱਚ ਨਾਜਾਇਜ ਕਬਜ਼ਾ ਕਰਨ ਵਾਲੇ ਲੋਕਾਂ ਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।
-ਗੁਰਤੇਜ ਸਿੰਘ ਖੁਡਾਲ,
ਭਾਗੂ, ਬਠਿੰਡਾ।
ਪੈੱਨ ਵਿਚ ਸਿਆਹੀ ਕਦੋਂ ਭਰੀ ਜਾਵੇਗੀ
ਪੰਜਾਬ ਵਿੱਚ ਆਸੇ ਪਾਸੇ ਜਾਂ ਮੇਨ ਰੋਡ 'ਤੇ ਪੈਂਦੇ ਸਕੂਲਾਂ ਵੱਲ ਨਜ਼ਰ ਮਾਰੀਏ ਤਾਂ ਰੂਹ ਖੁਸ਼ ਹੋ ਜਾਂਦੀ ਹੈ।ਪੰਜਾਬ ਦੇ ਤਕਰੀਬਨ ਹਰੇਕ ਸਕੂਲ ਦਾ ਬਾਹਰੀ ਕਾਇਆ ਕਲਪ ਹੋ ਚੁੱਕਿਆ ਹੈ। ਸਕੂਲਾਂ ਨੂੰ ਦਿੱਤੀਆਂ ਸਹੂਲਤਾਂ ਅਨੁਸਾਰ ਕਈ ਸ਼੍ਰੇਣੀਆਂ ਵਿੱਚ ਵੰਡ ਦਿੱਤਾ ਗਿਆ ਹੈ ਜਿਵੇਂ ਸਮਾਰਟ ਸਕੂਲ, ਐਮੀਨੈਂਸ ਸਕੂਲ ਆਦਿ। ਜੇਕਰ ਸੋਚਿਆ ਜਾਵੇ ਕਿ ਕੀ ਸਕੂਲਾਂ ਦੀ ਵਧੀਆ ਇਮਾਰਤ, ਫਰਨੀਚਰ, ਐਲ ਡੀ ਸੀ, ਏ ਸੀ, ਪੱਖੇ ਤੇ ਕੰਪਿਊਟਰ ਆਦਿ ਨਾਲ ਸਿੱਖਿਆ ਵਿੱਚ ਸੁਧਾਰ ਹੋ ਜਾਏਗਾ? ਅਧਿਆਪਕਾਂ ਦੀਆਂ ਖਾਲੀ ਅਸਾਮੀਆਂ ਦੇ ਵੇਰਵੇ ਅਖਬਾਰਾਂ ਵਿੱਚ ਛੱਪਦੇ ਰਹਿੰਦੇ ਹਨ, ਪਰ ਸਰਕਾਰ ਨੇ ਲੋੜੀਂਦੀ ਭਰਤੀ ਵੱਲ ਧਿਆਨ ਹੀ ਨਹੀਂ ਦਿੱਤਾ। ਪੰਜਾਬ ਦੇ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਲੰਮੇ ਸਮੇਂ ਤੋਂ ਨਿਯੁਕਤੀ ਪੱਤਰ ਲਈ ਸੰਘਰਸ਼ ਕਰਦੇ ਓਵਰਏਜ ਹੋ ਗਏ ਹਨ। ਕਈ ਅਧਿਆਪਕ ਘਰ-ਗ੍ਰਹਿਸਥੀ ਵੀ ਨਹੀਂ ਵਸਾ ਸਕੇ। ਪਰ ਧਰਨੇ-ਪ੍ਰਦਰਸ਼ਨਾਂ ਦੇ ਬਾਵਜੂਦ ਸਿੱਖਿਆ ਵਿਭਾਗ ਅਧਿਆਪਕਾਂ ਦੀਆਂ ਖਾਲੀ ਅਸਾਮੀਆਂ ਨਹੀਂ ਭਰ ਸਕਿਆ। ਪਹਿਲਾਂ ਹੀ ਕਈ ਸਕੂਲਾਂ ਵਿਚ ਦੋ ਦੋ ਚਾਰ ਚਾਰ ਅਧਿਆਪਕ ਹਨ, ਉੱਤੋਂ ਰਹਿੰਦੀ ਖੂੰਹਦੀ ਕਸਰ ਸਾਲਾਨਾ ਪੇਪਰਾਂ ਦੇ ਨੇੜੇ ਅਧਿਆਪਕਾਂ ਦੇ ਸੈਮੀਨਾਰਾਂ, ਵਿਗਿਆਨਕ ਪ੍ਰਦਰਸ਼ਨੀਆਂ, ਅਪਾਰ ਕਾਰਡ ਬਣਾਉਣੇ ਤੇ ਕਈ ਹੋਰ ਗੈਰ ਵਿੱਦਿਅਕ ਕੰਮਾਂ ਵਿਚ ਅਧਿਆਪਕਾਂ ਨੂੰ ਉਲਝਾਇਆ ਹੋਇਆ ਹੈ।ਆਤਮਾ ਬਿਨਾਂ ਸੁੰਦਰ ਸਰੀਰ ਕਿਸ ਕੰਮ? ਜਾਂ ਕਹਿ ਲਓ ਪੈਨ ਜਿੰਨਾ ਮਰਜ਼ੀ ਕੀਮਤੀ ਤੇ ਸੁੰਦਰ ਹੋਵੇ,ਜਿੰਨੀ ਦੇਰ ਉਸ ਵਿੱਚ ਸਿਆਹੀ ਨਹੀਂ ਭਰੀ ਜਾਵੇਗੀ, ਉਹ ਕਿਸ ਤਰ੍ਹਾਂ ਲਿਖੇਗਾ?
-ਕੈਲਾਸ਼ ਠਾਕੁਰ
ਪਿੰਡ ਬਰਮਲਾ, ਨੰਗਲ ਟਾਊਨਸ਼ਿਪ।