23-01-2025
ਪੜ੍ਹਨ ਦਾ ਸ਼ੌਕ
ਮੈਨੂੰ ਪੜ੍ਹਨ ਦਾ ਸ਼ੌਕ ਤਾਂ ਬਚਪਨ ਤੋਂ ਹੀ ਸੀ। ਲੋਕ ਕਹਿੰਦੇ ਹਨ ਕਿ ਵਿਆਹ ਤੋਂ ਬਾਅਦ ਪੜਾਈ ਛੁੱਟ ਜਾਂਦੀ ਹੈ, ਪਰ ਮੇਰੇ ਪਤੀ ਨੇ ਮੇਰੇ ਇਸ ਸ਼ੌਂਕ ਨੂੰ ਰੀਝ ਨਾਲ ਪਾਲਿਆ। ਉਨ੍ਹਾਂ ਨੇ ਮੈਨੂੰ ਬਹੁਤ ਸਾਰੀਆਂ ਗਿਆਨ ਦੀਆਂ ਕਿਤਾਬਾਂ ਤੋਹਫੇ ਵਜੋਂ ਦਿੱਤੀਆਂ। ਉਨ੍ਹਾਂ ਨੂੰ ਉਤਸੁਕਤਾ ਰਹਿੰਦੀ ਹੈ ਕਿ ਮੈਂ ਛੇਤੀ-ਛੇਤੀ ਕੰਮ ਕਰਕੇ ਪੜ੍ਹਨ ਬੈਠਾਂ ਤੇ ਪੜ੍ਹ ਕੇ ਕੁਝ ਲਿਖਣ ਦੀ ਕੋਸ਼ਿਸ਼ ਕਰਾਂ। ਕੁਝ ਸਮਾਂ ਪਹਿਲਾਂ ਅਸੀਂ ਇਨ੍ਹਾਂ ਦੇ ਨਾਨਕੇ ਘਰ ਗਏ, ਨਾਨਕਾ ਪਰਿਵਾਰ ਤਾਂ ਸਾਰਾ ਵਿਦੇਸ਼ ਵਿਚ ਹੈ, ਜਦੋਂ ਨਾਨਕੇ ਘਰ ਵਿਚ ਕਈ ਕਿਤਾਬਾਂ ਵੇਖੀਆਂ ਤਾਂ ਮੇਰੇ ਘਰਵਾਲੇ ਨੇ ਦੱਸਿਆ ਕਿ ਮਾਮਾ ਜੀ ਨੂੰ ਪੜ੍ਹਨ ਦਾ ਬਹੁਤ ਸ਼ੌਕ ਸੀ। ਉਨ੍ਹਾਂ ਨੂੰ ਕੈਂਸਰ ਦੀ ਬਿਮਾਰੀ ਹੋਣ ਕਰਕੇ ਡਾਕਟਰ ਨੇ ਆਰਾਮ ਕਰਨ ਦੀ ਸਲਾਹ ਦਿੱਤੀ ਤਾਂ ਸੀ। ਮਾਮਾ ਜੀ ਨੇ ਕਿਤਾਬਾਂ ਮੰਗਵਾਂ ਕੇ ਉਨ੍ਹਾਂ ਨੂੰ ਪੜ੍ਹਨ ਵਿਚ ਹੀ ਆਪਣਾ ਆਖਰੀ ਸਮਾਂ ਗੁਜ਼ਾਰਿਆ। ਉਨ੍ਹਾਂ ਕਿਤਾਬਾਂ ਵਿਚੋਂ ਕੁਝ ਕਿਤਾਬਾਂ ਪੜ੍ਹਨ ਲਈ ਘਰ ਲੈ ਆਈ। ਜਿਨ੍ਹਾਂ 'ਚੋਂ ਇਕ ਵੱਡੀ ਕਿਤਾਬ 'ਪੁਤ ਸਪੁਤ ਕਰੇਨਿ' ਕਰਤਾਰ ਸਿੰਘ ਦੁੱਗਲ ਜੀ ਦੀ ਲਿਖੀ ਹੋਈ ਹੈ। ਇਸ ਕਿਤਾਬ ਦੇ ਦਸ ਖੰਡਾਂ ਵਿਚ ਸਿੱਖ ਧਰਮ ਦੇ ਗੁਰੂ ਸਾਹਿਬਾਨਾਂ ਬਾਰੇ ਭਰਪੂਰ ਜਾਣਕਾਰੀ ਦਿੱਤੀ ਗਈ ਹੈ। ਇਸ ਕਿਤਾਬ ਦੇ 968 ਪੰਨੇ ਹਨ, ਜੋ ਦਸ ਗੁਰੂ ਸਾਹਿਬਾਨਾਂ, ਸਾਹਿਬਜ਼ਾਦਿਆਂ, ਬੀਬੀਆਂ, ਸਿੱਖ ਪਿਆਰਿਆਂ, ਸ਼ਹੀਦਾਂ ਦੇ ਜੀਵਨ ਉੱਪਰ ਚਾਨਣਾ ਪਾਉਂਦੇ ਹਨ। ਇਹ ਕਿਤਾਬ ਉਨ੍ਹਾਂ ਵਿਅਕਤੀਆਂ ਲਈ ਹੈ, ਜੋ ਸਿੱਧੇ ਤੌਰ 'ਤੇ ਇਤਿਹਾਸ ਨੂੰ ਯਾਦ ਨਹੀਂ ਰੱਖ ਪਾਉਂਦੇ। ਲੇਖਕ ਨੇ ਇਸ ਕਿਤਾਬ ਰਾਹੀਂ ਦਸ ਗੁਰੂ ਸਾਹਿਬਾਨਾਂ, ਸਾਹਿਬਜ਼ਾਦਿਆਂ, ਸ਼ਹੀਦਾਂ, ਸੇਵਾਦਾਰਾਂ ਦੇ ਜੀਵਨ, ਧਰਮ ਪ੍ਰਤੀ ਪ੍ਰੇਮ, ਲੜਾਈਆਂ ਦਾ ਬਿਰਤਾਂਤ ਪਾਠਕਾਂ ਅੱਗੇ ਰੱਖ ਦਿੱਤਾ ਹੈ, ਇਹ ਕਿਤਾਬ ਪੜ੍ਹ ਕੇ ਅਸੀਂ ਸਿੱਖ ਇਤਿਹਾਸ ਤੋਂ ਜਾਣੂ ਹੋ ਸਕਦੇ ਹਾਂ।
-ਨਵਜੀਤ ਕੌਰ
ਝੁਨੇਰ, ਮਾਲੇਰਕੋਟਲਾ।
ਜ਼ਰੂਰਤਮੰਦਾਂ ਨੂੰ ਮਿਲੇ ਮਾਣ ਭੱਤਾ
ਇਕ ਸਿਆਸੀ ਪਾਰਟੀ ਦੇ ਮੁਖੀ ਵਲੋਂ ਐਲਾਨ ਕੀਤਾ ਗਿਆ ਹੈ ਕਿ ਉਨ੍ਹਾਂ ਦੀ ਸਰਕਾਰ ਬਣਨ 'ਤੇ ਸਾਰੇ ਗੁਰਦੁਆਰਿਆਂ ਦੇ ਗ੍ਰੰਥੀਆਂ ਤੇ ਮੰਦਰਾਂ ਦੇ ਪੁਜਾਰੀਆਂ ਨੂੰ 18 ਹਜ਼ਾਰ ਰੁਪਏ ਮਹੀਨਾ ਮਾਣ ਭੱਤਾ ਦਿੱਤਾ ਜਾਵੇਗਾ। ਇਹ ਐਲਾਨ ਬਹੁਤ ਵਧੀਆ ਤੇ ਲੋੜਵੰਦਾਂ ਦੀ ਮਦਦ ਕਰਨ ਵਾਲਾ ਹੈ, ਭਾਵੇਂ ਇਹ ਐਲਾਨ ਚੋਣ ਵਾਅਦਾ ਹੀ ਹੋਵੇ। ਇਹ ਐਲਾਨ ਆਪਣੇ-ਆਪ ਨੂੰ ਧਾਰਮਿਕ ਪਾਰਟੀਆਂ ਤੇ ਸਰਕਾਰਾਂ ਕਹਾਉਣ ਵਾਲੇ ਲੋਕਾਂ ਲਈ ਸੋਚਣ ਵਾਲੀ ਗੱਲ ਹੈ। ਜੇਕਰ ਅਸੀਂ ਪੰਜਾਬ ਵਿਚ ਬਹੁਤ ਸਾਰੇ ਗੁਰਦੁਆਰਾ ਸਾਹਿਬ ਦੇ ਗ੍ਰੰਥੀਆਂ ਸਿੰਘਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਘਰਾਂ ਦੀ ਵਿੱਤੀ ਹਾਲਾਤ ਬਹੁਤ ਮਾੜੇ ਹਨ। ਬਹੁਤ ਸਾਰੇ ਗ੍ਰੰਥੀਆਂ ਕੋਲ ਰਹਿਣ ਲਈ ਆਪਣੇ ਘਰ ਵੀ ਨਹੀਂ ਹਨ। ਉਹ ਬੱਚਿਆਂ ਦੀ ਪੜ੍ਹਾਈ ਅਤੇ ਰੋਜ਼ਾਨਾ ਦੇ ਹੋਰ ਕੰਮ-ਕਾਰਾਂ ਲਈ ਪੈਸੇ ਨਾ ਹੋਣ ਕਰਕੇ ਬਹੁਤ ਮਾੜੇ ਦੌਰ ਵਿਚੋਂ ਲੰਘ ਰਹੇ ਹਨ। ਪਤਾ ਨਹੀਂ ਇਹ ਚੋਣ ਵਾਅਦਾ ਵਫ਼ਾ ਹੋਵੇਗਾ ਵੀ ਜਾਂ ਨਹੀਂ, ਪਰ ਇਹ ਸੱਚ ਹੈ ਕਿ ਸਾਡੇ ਗ੍ਰੰਥੀਆਂ ਸਿੰਘਾਂ ਤੇ ਪੁਜਾਰੀਆਂ ਨੂੰ ਵਿੱਤੀ ਮਦਦ ਜ਼ਰੂਰ ਮਿਲਣੀ ਚਾਹੀਦੀ ਹੈ। ਜੇਕਰ ਲੱਖਾਂ ਰੁਪਏ ਦੇ ਫੋਨ ਰੱਖਣ ਤੇ ਨੌਕਰੀਆਂ ਕਰਨ ਵਾਲੀਆਂ ਬੀਬੀਆਂ ਦਾ ਸਰਕਾਰ ਬੱਸ ਦਾ ਕਿਰਾਇਆ ਮਾਫ਼ ਕਰ ਸਕਦੀ ਹੈ ਤਾਂ 3-4 ਹਜ਼ਾਰ ਲੈਣ ਵਾਲੇ ਗ੍ਰੰਥੀਆਂ ਅਤੇ ਪੁਜਾਰੀਆਂ ਨੂੰ ਇਹ ਸਹੂਲਤ ਕਿਉਂ ਨਹੀਂ ਦਿੱਤੀ ਜਾ ਸਕਦੀ। ਸਾਰੀਆਂ ਹੀ ਸਰਕਾਰਾਂ ਨੂੰ ਗ੍ਰੰਥੀਆਂ ਅਤੇ ਪੁਜਾਰੀਆਂ ਨੂੰ ਇਹ ਸਹੂਲਤ ਜ਼ਰੂਰ ਦੇਣੀ ਚਾਹੀਦੀ ਹੈ।
-ਗੁਰਤੇਜ ਸਿੰਘ ਖੁਡਾਲ
ਗਲੀ ਨੰਬਰ-11, ਭਾਗੂ ਰੋਡ, ਬਠਿੰਡਾ।
ਕਿਉਂ ਵਿਗੜ ਰਿਹਾ ਮਾਹੌਲ?
ਪੁਲਿਸ ਚੌਂਕੀਆਂ 'ਤੇ ਵਧ ਰਹੇ ਹਮਲੇ ਪੰਜਾਬ 'ਚ ਆਮ ਵਿਅਕਤੀ ਨੂੰ ਅਸੁਰੱਖਿਅਤ ਮਹਿਸੂਸ ਕਰਨ ਲਈ ਮਜਬੂਰ ਕਰ ਰਹੇ ਹਨ। ਦੂਜੇ ਪਾਸੇ ਪੰਜਾਬ ਵਿਚ ਨਸ਼ਾ ਵੀ ਬੜੀ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ ਅਤੇ ਨੌਜਵਾਨ ਵਰਗ ਨਸ਼ੇ ਦੀ ਲਪੇਟ ਵਿਚ ਆ ਰਿਹਾ ਹੈ। ਇਹ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ। ਇਹ ਕਿਸੇ ਇਕ ਖੇਤਰ ਦੀ ਗੱਲ ਨਹੀਂ, ਪੂਰੇ ਪੰਜਾਬ ਦੇ ਕੋਨੇ-ਕੋਨੇ ਵਿਚ ਨਸ਼ੇ ਦੀ ਭਰਮਾਰ ਹੋ ਚੁੱਕੀ ਹੈ। ਅਣਗਿਣਤ ਮਾਵਾਂ ਦੇ ਪੁੱਤ ਅਤੇ ਭੈਣਾਂ ਦੇ ਭਰਾ ਇਸ ਦੀ ਲਪੇਟ ਵਿਚ ਆ ਕੇ ਆਪਣਾ ਤੇ ਆਪਣੇ ਪਰਿਵਾਰ ਦਾ ਜੀਵਨ ਨਰਕ ਬਣਾ ਚੁੱਕੇ ਹਨ। ਪੰਜਾਬ ਦਾ ਮਾਹੌਲ ਦਿਨ ਪ੍ਰਤੀਦਿਨ ਵਿਗੜ ਰਿਹਾ ਹੈ। ਸਕੂਲਾਂ ਵਿਚ ਮਾਪਿਆਂ ਵਲੋਂ ਅਤੇ ਵਿਦਿਆਰਥੀਆਂ ਵਲੋਂ ਵਿੱਦਿਆ ਦਾ ਚਾਨਣ ਕਰਨ ਵਾਲੇ ਅਧਿਆਪਕਾਂ ਨਾਲ ਕੀਤੇ ਜਾ ਰਹੇ ਅਣਮਨੁੱਖੀ ਵਰਤਾਰੇ ਚਿੰਤਾ ਦਾ ਵਿਸ਼ਾ ਹਨ। ਪੰਜਾਬ ਸਰਕਾਰ ਨੂੰ ਇਨ੍ਹਾਂ ਮੁੱਦਿਆਂ ਵੱਲ ਧਿਆਨ ਦੇ ਕੇ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਹਰ ਆਮ ਖ਼ਾਸ ਵਿਅਕਤੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰੋ।
-ਰੇਣੂ ਕੌਸ਼ਲ
ਨੰਗਲ ਟਾਊਨਸ਼ਿਪ।
ਚਾਈਨਾ ਡੋਰ ਦਾ ਖ਼ਤਰਨਾਕ ਰੁਝਾਨ
ਪਤੰਗਬਾਜ਼ੀ ਸਦੀਆਂ ਤੋਂ ਹੀ ਮਨੋਰੰਜਨ ਦਾ ਇਕ ਅਹਿਮ ਸਾਧਨ ਰਿਹਾ ਹੈ। ਪਤੰਗਬਾਜ਼ੀ ਦੇ ਸ਼ੌਕੀਨ ਬੱਚੇ ਇਸ ਨਾਲ ਪਤੰਗਾਂ ਅਤੇ ਇਸ ਨੂੰ ਚੜ੍ਹਾਉਣ ਵਾਲੀ ਡੋਰ ਦੀ ਵਿਕਰੀ ਜ਼ੋਰ ਫੜ ਲੈਦੀ ਹੈ। ਕੋਈ ਇਕੱਲਾ ਹੀ ਪਤੰਗਬਾਜ਼ੀ ਕਰਦਾ ਹੈ ਅਤੇ ਕਈ ਵਾਰ ਗਰੁੱਪ ਬਣਾ ਕੇ ਪਤੰਗਬਾਜ਼ੀ ਹੁੰਦੀ ਹੈ। ਫਿਰ ਪਤੰਗਾਂ ਦੇ ਪੇਚੇ ਲਗਾਏ ਜਾਂਦੇ ਹਨ। ਇੱਕ ਤਰ੍ਹਾਂ ਦੀ ਮੁਕਾਬਲੇਬਾਜ਼ੀ ਸ਼ੁਰੂ ਹੋ ਜਾਦੀ ਹੈ। ਮੁਕਾਬਲਾ ਜਿੱਤਣ ਲਈ ਡੋਰ ਦਾ ਤਿੱਖਾ ਅਤੇ ਮਜ਼ਬੂਤ ਹੋਣਾ ਬਹੂਤ ਜ਼ਰੂਰੀ ਹੈ। ਪਿਛਲੇ ਕੁਝ ਦਹਾਕੇ ਤੋਂ ਚਾਈਨੀਜ਼ ਡੋਰ ਦਾ ਰੁਝਾਨ ਵਧਿਆ ਹੈ ਜੋ ਪਲਾਸਟਿਕ, ਕੱਚ ਦੇ ਪਾਊਡਰ ਅਤੇ ਖਤਰਨਾਕ ਰਸਾਇਣਾਂ ਦਾ ਮਿਸ਼ਰਣ ਹੈ। ਜਿੱਥੇ ਇਸ ਡੋਰ ਨੇ ਦੇਸੀ ਡੋਰ ਦੇ ਕੰਮ ਨੂੰ ਤਬਾਹ ਕੀਤਾ ਹੈ। ਉਥੇ ਹੀ ਇਸ ਡੋਰ ਦੇ ਬਹੁਤ ਹੀ ਖਤਰਨਾਕ ਅਤੇ ਗੰਭੀਰ ਸਿੱਟੇ ਸਾਹਮਣੇ ਆਏ ਹਨ। ਚਾਈਨੀਜ਼ ਡੋਰ ਨੂੰ ਖਿੱਚ ਕੇ ਤੋੜਨਾ ਬਹੁਤ ਮੁਸ਼ਕਿਲ ਹੈ। ਇਹ ਹੱਥਾਂ ਨੂੰ ਹੀ ਜ਼ਖ਼ਮੀ ਕਰ ਦਿੰਦੀ ਹੈ। ਜੇਕਰ ਇਹ ਕਿਸੇ ਸਕੂਟਰ ਜਾਂ ਮੋਟਰਸਾਈਕਲ ਸਵਾਰ ਦੇ ਨਾਲ ਉਲਝ ਜਾਵੇ ਤਾਂ ਇਹ ਉਸਦੇ ਨੱਕ,ਅੱਖਾਂ ਅਤੇ ਗਲੇ ਆਦਿ ਨੂੰ ਬੜੀ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਉਂਦੀ ਹੈ। ਕਈ ਲੋਕਾਂ ਦੀ ਚਾਈਨੀਜ਼ ਡੋਰ ਦੀ ਲਪੇਟ ਵਿਚ ਆਉਣ ਨਾਲ ਮੌਤ ਵੀ ਹੋ ਚੁੱਕੀ ਹੈ। ਏਨਾ ਕੁਝ ਮੰਦਭਾਗਾ ਵਾਪਰਣ ਦੇ ਬਾਵਜੂਦ ਵੀ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਇਸ 'ਤੇ ਰੋਕ ਲਗਾਉਣ ਵਿੱਚ ਅਸਫਲ ਰਿਹਾ ਹੈ। ਇਸ ਨੂੰ ਵਰਤਣ,ਵੇਚਣ ਅਤੇ ਸਟੋਰ ਕਰਨ ਉੱਪਰ ਕਾਗਜ਼ਾਂ ਵਿਚ ਤਾਂ ਪਾਬੰਦੀ ਹੈ ਪਰ ਪੁਲਿਸ ਵਲੋਂ ਜ਼ਿਆਦਾ ਸਖ਼ਤੀ ਨਾ ਹੋਣ ਕਰਕੇ ਸ਼ਰੇਆਮ ਧੜੱਲੇ ਨਾਲ ਵਿਕ ਰਹੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਇਸ ਡੋਰ ਦੇ ਉਤਪਾਦਨ ਜਾਂ ਆਯਾਤ ਉਪਰ ਰੋਕ ਲਗਾਵੇ ਤਾਂ ਕਿ ਇਹ ਮਾਰਕੀਟ ਵਿਚ ਪਹੁੰਚੇ ਹੀ ਨਾ ਸਕੇ। ਦੋਸ਼ੀ ਵਿਅਕਤੀਆਂ ਨੂੰ ਸਖ਼ਤ ਸਜ਼ਾ ਅਤੇ ਭਾਰੀ ਜੁਰਮਾਨੇ ਕੀਤੇ ਜਾਣੇ ਚਾਹੀਦੇ ਹਨ।
ਇਸ ਦੇ ਨਾਲ ਹੀ ਸਕੂਲਾ ਵਿਚ ਕੈਂਪ ਲਗਾ ਕੇ ਬੱਚਿਆਂ ਨੂੰ ਇਸ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਇਆ ਜਾਵੇ।ਅਖਬਾਰਾਂ ਅਤੇ ਟੀਵੀ ਅਤੇ ਸੋਸ਼ਲ-ਮੀਡੀਆ ਦੇ ਮਾਧਿਅਮ ਰਾਹੀ ਲੋਕਾਂ ਨੂੰ ਇਸ ਡੋਰ ਦੀ ਵਰਤੋ ਤੋਂ ਗੁਰੇਜ਼ ਕਰਨ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ।
-ਮਾ: ਜਗਦੀਪ ਸਿੰਘ ਕਿਰਤੀ