ਝਾਰਖੰਡ : ਆਈ.ਈ.ਡੀ. ਧਮਾਕੇ ਕਾਰਨ ਜ਼ਖ਼ਮੀ ਹੋਏ ਜਵਾਨ ਦੀ ਮੌਤ
ਨਵੀਂ ਦਿੱਲੀ, 30 ਅਕਤੂਬਰ- ਝਾਰਖੰਡ ਵਿਚ ਮਾਓਵਾਦੀਆਂ ਵਲੋਂ ਕੀਤੇ ਗਏ ਆਈ.ਈ.ਡੀ. ਧਮਾਕੇ ਵਿਚ ਗੰਭੀਰ ਜ਼ਖਮੀ ਹੋਣ ਤੋਂ 20 ਦਿਨ ਬਾਅਦ ਅੱਜ ਏਮਜ਼ ਹਸਪਤਾਲ ਵਿਚ ਦਾਖ਼ਲ ਇਕ 58 ਸਾਲਾ ਸੀ.ਆਰ.ਪੀ.ਐਫ਼. ਇੰਸਪੈਕਟਰ ਦੀ ਮੌਤ ਹੋ ਗਈ। ਕੇਂਦਰੀ ਰਿਜ਼ਰਵ ਪੁਲਿਸ ਫੋਰਸ (ਸੀਆਰਪੀਐਫ) ਦੇ ਇਕ ਅਧਿਕਾਰੀ ਨੇ ਦੱਸਿਆ ਕਿ 10 ਅਕਤੂਬਰ ਨੂੰ ਝਾਰਖੰਡ ਦੇ ਪੱਛਮੀ ਸਿੰਘਭੂਮ ਜ਼ਿਲ੍ਹੇ ਵਿਚ ਨਕਸਲ ਵਿਰੋਧੀ ਕਾਰਵਾਈ ਦੌਰਾਨ ਹੋਏ ਧਮਾਕੇ ਵਿਚ ਇੰਸਪੈਕਟਰ ਕੌਸ਼ਲ ਕੁਮਾਰ ਮਿਸ਼ਰਾ ਦੇ ਖੱਬੇ ਪੈਰ ਵਿਚ ਗੰਭੀਰ ਸੱਟਾਂ ਲੱਗੀਆਂ ਸਨ।
ਬਿਹਾਰ ਦਾ ਰਹਿਣ ਵਾਲਾ ਮਿਸ਼ਰਾ ਝਾਰਖੰਡ ਤੋਂ ਏਅਰਲਿਫਟ ਕੀਤੇ ਜਾਣ ਤੋਂ ਬਾਅਦ 11 ਅਕਤੂਬਰ ਤੋਂ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) ਵਿਚ ਇਲਾਜ ਅਧੀਨ ਸੀ। ਅਧਿਕਾਰੀ ਨੇ ਕਿਹਾ ਕਿ ਉਸਨੇ ਅੱਜ ਸਵੇਰ ਆਖਰੀ ਸਾਹ ਲਿਆ। ਸੀ.ਆਰ.ਪੀ.ਐਫ਼. ਦੀ 60ਵੀਂ ਬਟਾਲੀਅਨ ਨਾਲ ਸੰਬੰਧਿਤ ਇੰਸਪੈਕਟਰ, ਉਕਤ ਜ਼ਿਲ੍ਹੇ ਦੇ ਉੱਤਰੀ ਸਰੰਡਾ ਜੰਗਲਾਂ ਵਿਚ ਫੌਜਾਂ ਦੀ ਗਸ਼ਤ ਦੀ ਅਗਵਾਈ ਕਰ ਰਿਹਾ ਸੀ, ਜਦੋਂ ਇਹ ਧਮਾਕਾ ਹੋ ਗਿਆ।
ਇਸ ਧਮਾਕੇ ਵਿਚ ਕਾਂਸਟੇਬਲ ਮਹਿੰਦਰ ਲਸਕਰ (45) ਸਮੇਤ ਦੋ ਹੋਰ ਕਰਮਚਾਰੀ ਵੀ ਜ਼ਖਮੀ ਹੋ ਗਏ ਸਨ ਤੇ ਅਸਾਮ ਦਾ ਰਹਿਣ ਵਾਲਾ ਲਸਕਰ 11 ਅਕਤੂਬਰ ਨੂੰ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਦਮ ਤੋੜ ਗਿਆ ਸੀ।
;
;
;
;
;
;
;
;
;