ਨੌਜਵਾਨ ਭੇਤਭਰੇ ਢੰਗ ਨਾਲ ਹੋਇਆ ਲਾਪਤਾ , ਡੇਢ ਮਹੀਨਾ ਪਹਿਲਾਂ ਹੀ ਕੈਨੇਡਾ ਤੋਂ ਪਰਤਿਆ ਸੀ

ਮਾਛੀਵਾੜਾ ਸਾਹਿਬ, 20 ਜੁਲਾਈ (ਰਾਜਦੀਪ ਸਿੰਘ ਅਲਬੇਲਾ) - ਡੇਢ ਮਹੀਨੇ ਪਹਿਲਾਂ ਹੀ ਕੈਨੇਡਾ ਤੋਂ ਪਰਤਿਆ ਮਾਛੀਵਾੜਾ ਦੇ ਰਹਿਣ ਵਾਲੇ ਗੁਰਦੀਪ ਸਿੰਘ ਮਾਂਗਟ ਉਰਫ਼ ਦੀਪਾ ਦਾ ਨੌਜਵਾਨ ਜਗਤਾਜ ਪ੍ਰੀਤ ਸਿੰਘ (20) ਭੇਤਭਰੇ ਢੰਗ ਨਾਲ ਲਾਪਤਾ ਹੋ ਗਿਆ। ਪੁਲਿਸ ਕੋਲ ਗੁੰਮਸ਼ੁਦਗੀ ਰਿਪੋਰਟ ਦਰਜ ਕਰਵਾਉਂਦਿਆਂ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਜਗਤਾਜ ਪ੍ਰੀਤ ਸਿੰਘ ਕੱਲ੍ਹ ਬਜ਼ਾਰ ’ਚੋਂ ਸਾਮਾਨ ਲੈਣ ਲਈ ਆਪਣੇ ਹੀਰੋ ਹੌਂਡਾ ਮੋਟਰਸਾਈਕਲ ਰਾਹੀਂ 12 ਵਜੇ ਘਰੋਂ ਗਿਆ ਸੀ।
ਉਨ੍ਹਾਂ ਦੱਸਿਆ ਕਿ ਉਹ ਕੁਝ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਦਿਖ ਰਿਹਾ ਸੀ। ਉਨ੍ਹਾਂ ਦੱਸਿਆ ਕਿ ਜਗਤਾਜ ਪ੍ਰੀਤ ਸਿੰਘ ਦੇ ਨੀਲੇ ਰੰਗ ਦੀ ਟੀ-ਸ਼ਰਟ ਅਤੇ ਚਿੱਟੀ ਟੋਪੀ ਪਹਿਨੀ ਹੋਈ ਸੀ। ਜਦੋਂ ਪਰਿਵਾਰਕ ਮੈਂਬਰਾਂ ਵਲੋਂ ਉਸ ਦੀ ਤਲਾਸ਼ ਕੀਤੀ ਗਈ ਤਾਂ ਉਸ ਦਾ ਮੋਟਰਸਾਈਕਲ ਅਤੇ ਟੋਪੀ ਸਰਹਿੰਦ ਨਹਿਰ ਕੰਢਿਓਂ ਮਿਲੀ। ਲਾਪਤਾ ਹੋਏ ਨੌਜਵਾਨ ਦੀ ਨਹਿਰ ਅਤੇ ਆਸਪਾਸ ਇਲਾਕਿਆਂ ਵਿਚ ਭਾਲ ਕੀਤੀ ਜਾ ਰਹੀ ਹੈ।
ਪੁਲਿਸ ਵਲੋਂ ਗੁੰਮਸ਼ੁਦਗੀ ਰਿਪੋਰਟ ਦਰਜ ਕਰ ਸੀ.ਸੀ.ਟੀ.ਵੀ. ਕੈਮਰਿਆਂ ਅਤੇ ਤਕਨੀਕੀ ਢੰਗਾਂ ਨਾਲ ਜਾਂਚ ਕਰ ਨੌਜਵਾਨ ਦੀ ਤਲਾਸ਼ ਕੀਤੀ ਜਾ ਰਹੀ ਹੈ।