ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਿਮਾਚਲ ਕੁਦਰਤੀ ਆਫ਼ਤਾਂ 'ਤੇ ਕੇਂਦਰੀ ਟੀਮ ਦੇ ਗਠਨ ਦੇ ਦਿੱਤੇ ਨਿਰਦੇਸ਼

ਨਵੀਂ ਦਿੱਲੀ, 20 ਜੁਲਾਈ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਿਮਾਚਲ ਪ੍ਰਦੇਸ਼ ਵਿਚ ਕੁਦਰਤੀ ਆਫ਼ਤਾਂ ਨੂੰ ਦੇਖਦੇ ਹੋਏ ਇਕ ਬਹੁ-ਖੇਤਰੀ ਕੇਂਦਰੀ ਟੀਮ ਦੇ ਗਠਨ ਦੇ ਨਿਰਦੇਸ਼ ਦਿੱਤੇ ਹਨ । ਇਕ ਹਾਲੀਆ ਮੀਟਿੰਗ ਵਿਚ, ਗ੍ਰਹਿ ਮੰਤਰੀ ਸ਼ਾਹ ਨੂੰ ਬੱਦਲ ਫਟਣ, ਅਚਾਨਕ ਹੜ੍ਹਾਂ, ਜ਼ਮੀਨ ਖਿਸਕਣ ਅਤੇ ਭਾਰੀ ਬਾਰਿਸ਼ ਦੀ ਤੀਬਰਤਾ ਵਿਚ ਵਾਧੇ ਬਾਰੇ ਜਾਣਕਾਰੀ ਦਿੱਤੀ ਗਈ, ਜਿਸ ਨਾਲ ਵਿਆਪਕ ਜਾਨੀ ਨੁਕਸਾਨ, ਬੁਨਿਆਦੀ ਢਾਂਚੇ, ਰੋਜ਼ੀ-ਰੋਟੀ ਅਤੇ ਵਾਤਾਵਰਨ ਦੇ ਵਿਗਾੜ ਦਾ ਸਾਹਮਣਾ ਕਰਨਾ ਪਿਆ।
ਉਨ੍ਹਾਂ ਨੇ ਤੁਰੰਤ ਇਕ ਬਹੁ-ਖੇਤਰੀ ਕੇਂਦਰੀ ਟੀਮ ਦੇ ਗਠਨ ਦਾ ਆਦੇਸ਼ ਦਿੱਤਾ ਜਿਸ ਵਿਚ ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ (ਐਨ.ਡੀ.ਐਮ.ਏ.), ਕੇਂਦਰੀ ਇਮਾਰਤ ਖੋਜ ਸੰਸਥਾ (ਸੀ.ਬੀ.ਆਰ.ਆਈ.) ਰੁੜਕੀ, ਭਾਰਤੀ ਖੰਡੀ ਮੌਸਮ ਵਿਗਿਆਨ ਸੰਸਥਾ (ਆਈ.ਆਈ.ਟੀ.ਐਮ.) ਪੁਣੇ, ਇਕ ਭੂ-ਵਿਗਿਆਨੀ ਅਤੇ ਭਾਰਤੀ ਤਕਨਾਲੋਜੀ ਸੰਸਥਾ (ਆਈ.ਆਈ.ਟੀ.) ਇੰਦੌਰ ਦੇ ਮਾਹਰ ਸ਼ਾਮਿਲ ਹਨ ।
ਇਸ ਦਿਸ਼ਾ ਵਿਚ, ਗ੍ਰਹਿ ਮੰਤਰੀ ਸ਼ਾਹ ਦੀ ਪ੍ਰਧਾਨਗੀ ਵਾਲੀ ਇਕ ਉੱਚ-ਪੱਧਰੀ ਕਮੇਟੀ ਨੇ 2023 ਲਈ ਹੜ੍ਹਾਂ, ਜ਼ਮੀਨ ਖਿਸਕਣ ਅਤੇ ਬੱਦਲ ਫਟਣ ਵਰਗੀਆਂ ਆਫ਼ਤਾਂ ਤੋਂ ਪ੍ਰਭਾਵਿਤ ਖੇਤਰਾਂ ਵਿਚ ਰਿਕਵਰੀ ਅਤੇ ਪੁਨਰ ਨਿਰਮਾਣ ਲਈ ਹਿਮਾਚਲ ਪ੍ਰਦੇਸ਼ ਨੂੰ 2006.40 ਕਰੋੜ ਰੁਪਏ ਦੇ ਖਰਚੇ ਨੂੰ ਪਹਿਲਾਂ ਹੀ ਮਨਜ਼ੂਰੀ ਦੇ ਦਿੱਤੀ ਹੈ ਅਤੇ 7 ਜੁਲਾਈ ਨੂੰ 451.44 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਵੀ ਜਾਰੀ ਕਰ ਦਿੱਤੀ ਹੈ ।
ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ, ਕੇਂਦਰ ਸਰਕਾਰ ਨੇ 18 ਜੂਨ ਨੂੰ ਸਟੇਟ ਡਿਜ਼ਾਸਟਰ ਰਿਸਪਾਂਸ ਫੰਡ ਤੋਂ ਹਿਮਾਚਲ ਪ੍ਰਦੇਸ਼ ਨੂੰ 198.80 ਕਰੋੜ ਰੁਪਏ ਦੇ ਕੇਂਦਰੀ ਹਿੱਸੇ ਦੀ ਪਹਿਲੀ ਕਿਸ਼ਤ ਪਹਿਲਾਂ ਹੀ ਜਾਰੀ ਕਰ ਦਿੱਤੀ ਹੈ।