ਰਾਜਪੁਰਾ-ਅੰਬਾਲਾ ਹਾਈਵੇ 'ਤੇ ਵਿਅਕਤੀ ਦਾ ਕਤਲ

ਰਾਜਪੁਰਾ, 19 ਜੁਲਾਈ (ਰਣਜੀਤ ਸਿੰਘ)-ਰਾਜਪੁਰਾ ਅੰਬਾਲਾ ਹਾਈਵੇ ਦੇ ਸ਼ੰਭੂ ਨੇੜੇ ਤਿੰਨ-ਚਾਰ ਗੱਡੀਆਂ ਵਿਚ ਆਏ ਬਦਮਾਸ਼ਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਇਕ ਵਿਅਕਤੀ ਦਾ ਕਤਲ ਕਰ ਦਿੱਤਾ। ਮ੍ਰਿਤਕ ਆਪਣੇ ਪਰਿਵਾਰਕ ਮੈਂਬਰਾਂ ਅਤੇ ਹੋਰ ਰਿਸ਼ਤੇਦਾਰਾਂ ਨਾਲ ਬੀਤੇ ਕਰੀਬ 6-7 ਸਾਲਾਂ ਤੋਂ ਇਥੇ ਰਹਿ ਰਿਹਾ ਸੀ, ਉਨ੍ਹਾਂ ਦਾ ਡੰਗਰ ਪਸ਼ੂ ਅਤੇ ਦੁੱਧ ਵਗੈਰਾ ਦਾ ਕੰਮ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵਲੋਂ ਉਸ ਨੂੰ ਹਸਪਤਾਲ ਲਿਆਂਦਾ ਗਿਆ ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।
ਮ੍ਰਿਤਕ ਦਾ ਨਾਂਅ ਰਹੀਮ ਦੱਸਿਆ ਜਾ ਰਿਹਾ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪੁਰਾਣੀ ਰੰਜਿਸ਼ ਤਹਿਤ ਇਹ ਕਤਲ ਕੀਤਾ ਗਿਆ ਹੈ। ਉਨ੍ਹਾਂ ਦੇ ਦੱਸਣ ਮੁਤਾਬਕ ਚਾਰ ਗੱਡੀਆਂ ਵਿਚ ਪੌਣੀ ਦਰਜਨ ਦੇ ਕਰੀਬ ਵਿਅਕਤੀ ਦਿਨ-ਦਿਹਾੜੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਆਏ ਅਤੇ ਉਨ੍ਹਾਂ ਨੇ ਆ ਕੇ ਰਹੀਮ ਦਾ ਕਤਲ ਕਰ ਦਿੱਤਾ। ਪਰਿਵਾਰਕ ਮੈਂਬਰਾਂ ਨੇ ਸਰਕਾਰ ਕੋਲ ਇਨਸਾਫ ਦੀ ਗੁਹਾਰ ਲਾਈ ਹੈ ਤੇ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ।