ਬੇਅਦਬੀ ਮਾਮਲੇ 'ਤੇ ਸਪੀਕਰ ਸੰਧਵਾਂ ਵਲੋਂ ਕੇਂਦਰ 'ਤੇ ਤੰਜ

ਜਲੰਧਰ, 19 ਜੁਲਾਈ-ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਵਿੱਤ ਮੰਤਰੀ ਇਕ ਧਾਰਮਿਕ ਪ੍ਰੋਗਰਾਮ ਲਈ ਜਲੰਧਰ ਸੂਰਿਆ ਐਨਕਲੇਵ ਸਥਿਤ ਟ੍ਰਿਨਿਟੀ ਚਰਚ ਆਡੀਟੋਰੀਅਮ ਪਹੁੰਚੇ। ਜਿਥੇ ਸਪੀਕਰ ਕੁਲਤਾਰ ਸੰਧਵਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਉਹ ਬਿਸ਼ਪ ਦੀ ਜ਼ਿੰਮੇਵਾਰੀ ਲਈ ਪੁਜਾਰੀ ਨੂੰ ਵਧਾਈ ਦੇਣ ਲਈ ਚਰਚ ਆਏ ਹਨ। ਜਲੰਧਰ ਉੱਤਰੀ ਤੋਂ ਵਿਧਾਇਕ ਬਾਵਾ ਹੈਨਰੀ ਵਲੋਂ ਕੀਤੇ ਗਏ ਦੁਰਵਿਵਹਾਰ ਬਾਰੇ ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੇ ਲੋਕ ਸਭਾ ਦੇ ਨੇਤਾ ਪ੍ਰਤਾਪ ਬਾਜਵਾ ਨੇ ਵਿਧਾਨ ਸਭਾ ਵਿਚ ਮੁਆਫ਼ੀ ਮੰਗੀ ਸੀ ਅਤੇ ਹੁਣ ਮਾਮਲਾ ਖਤਮ ਹੋ ਗਿਆ ਹੈ।
ਭਾਜਪਾ ਨੇ ਵਿਧਾਨ ਸਭਾ ਵਿਚ ਬੇਅਦਬੀ ਦੀ ਚਰਚਾ 'ਤੇ ਸਵਾਲ ਉਠਾਏ, ਜਿਸ ਵਿਚ ਬੇਅਦਬੀ ਦੀ ਚਰਚਾ ਵਿਚ ਐਸ.ਸੀ. ਭਾਈਚਾਰੇ ਦੇ ਗੁਰੂ ਧਾਮ ਦਾ ਕੋਈ ਜ਼ਿਕਰ ਨਹੀਂ ਸੀ। ਇਸ ਦੇ ਨਾਲ ਹੀ ਸਪੀਕਰ ਸੰਧਵਾਂ ਨੇ ਇਕ ਕਹਾਵਤ ਸੁਣਾਈ ਅਤੇ ਕਿਹਾ ਕਿ ਛੱਜ ਤਾਂ ਬੋਲੇ ਛਾਣਨੀ ਵੀ ਬੋਲੇ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਰਿਆਂ ਨੂੰ ਬਰਾਬਰ ਸਤਿਕਾਰ ਦਿੰਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ ਜਾਂਦਾ ਹੈ ਤਾਂ ਗੁਰੂ ਰਵਿਦਾਸ ਜੀ ਨੂੰ ਵੀ ਮੱਥਾ ਟੇਕਿਆ ਜਾਂਦਾ ਹੈ।