
ਬਟਾਲਾ, 27 ਫਰਵਰੀ (ਹਰਦੇਵ ਸਿੰਘ ਸੰਧੂ, ਰਾਕੇਸ਼ ਰੇਖੀ)-ਬਟਾਲਾ ਪੁਲਿਸ ਵਲੋਂ ਰਿਕਵਰੀ ਲਈ ਖੜੇ ਗੈਂਗਸਟਰ ਵਲੋਂ ਪੁਲਿਸ 'ਤੇ ਗੋਲੀ ਚਲਾ ਦਿੱਤੀ ਜਿਸ ਉਪਰੰਤ ਪੁਲਿਸ ਮੁਲਾਜ਼ਮਾਂ ਵਲੋਂ ਕੀਤੀ ਜਵਾਬੀ ਕਾਰਵਾਈ ਵਿਚ ਗੈਂਗਸਟਰ ਦੇ ਗੋਲੀਆਂ ਲੱਗਣ ਨਾਲ ਉਸ ਦੀ ਮੌਤ ਹੋ ਗਈ। ਇਕ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋਇਆ ਹੈ। ਸਿਵਲ ਹਸਪਤਾਲ ਬਟਾਲਾ ਵਿਖੇ ਪਹੁੰਚੇ ਡੀਆਈਜੀ ਸਤਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬੀਤੇ ਦਿਨੀ ਸ਼ਰਾਬ ਕਾਰੋਬਾਰੀ ਅਤੇ ਸੀਨੀਅਰ ਕਾਂਗਰਸੀ ਸਵਰਗੀ ਰਜਿੰਦਰ ਕੁਮਾਰ ਪੱਪੂ ਦੇ ਘਰ ਅਤੇ ਪਿੰਡ ਰਾਏਮਲ ਵਿਖੇ ਇਕ ਪੁਲਿਸ ਮੁਲਾਜ਼ਮ ਦੇ ਚਾਚੇ ਦੇ ਘਰ ਕੀਤੇ ਗਰਨੇਡ ਹਮਲੇ ਦੇ ਮਾਮਲੇ 'ਚ ਬਟਾਲਾ ਪੁਲਿਸ ਵਲੋਂ ਦੋ ਗੈਂਗਸਟਰ ਮੋਹਿਤ ਵਾਸੀ ਬੋਦੇ ਦੀ ਖੂਹੀ ਬਟਾਲਾ ਅਤੇ ਵਿਸ਼ਾਲ ਪਿੰਡ ਬਾਸਰਪੁਰਾ ਕਾਬੂ ਕੀਤੇ ਸਨ। ਮੋਹਿਤ ਨੂੰ ਅੱਜ ਰਿਕਵਰੀ ਲਈ ਪਿੰਡ ਗੱਗੜਭਾਣਾ ਨਜ਼ਦੀਕ ਲਿਜਾਇਆ ਗਿਆ, ਇਸ ਦੌਰਾਨ ਮੋਹਿਤ ਨੇ ਉੱਥੇ ਲੁਕਾ ਕੇ ਰੱਖੇ ਪਿਸਤੌਲ ਨਾਲ ਪੁਲਿਸ ਉੱਤੇ ਹਮਲਾ ਕਰ ਦਿੱਤਾ। ਮੋਹਿਤ ਵਲੋਂ ਚਲਾਈ ਗੋਲੀ ਨਾਲ ਇਕ ਪੁਲਿਸ ਮੁਲਾਜ਼ਮ ਜ਼ਖ਼ਮੀ ਹੋਇਆ ਹੈ ਜਿਸ 'ਤੇ ਪੁਲਿਸ ਵਲੋਂ ਵੀ ਜਵਾਬੀ ਕਾਰਵਾਈ ਕਰਦਿਆਂ ਗੋਲੀ ਚਲਾਈ ਗਈ, ਜਿਸ ਦੌਰਾਨ ਗੋਲੀਆਂ ਲੱਗਣ ਕਰਕੇ ਮੋਹਿਤ ਵਾਸੀ ਬੋਦੇ ਦੀ ਖੂਹੀ ਬਟਾਲਾ ਦੀ ਮੌਤ ਹੋ ਗਈ। ਡੀਆਈਜੀ ਸਤਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਅੰਦਰ ਕਿਸੇ ਵੀ ਅਨਸਰ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ।