JALANDHAR WEATHER
ਪਿੰਡ ਬੋਲੇਵਾਲ ਵਿਖੇ 78 ਸਾਲਾ ਬਜ਼ੁਰਗ ਦਾ ਕਤਲ

ਘੁਮਾਣ, 27 ਫ਼ਰਵਰੀ (ਬੰਮਰਾਹ)-ਥਾਣਾ ਘੁਮਾਣ ਅਧੀਨ ਆਉਂਦੇ ਪਿੰਡ ਬੋਲੇਵਾਲ ਵਿਖੇ 78 ਸਾਲਾ ਬਜ਼ੁਰਗ ਦਾ ਪਿੰਡ ਦੇ ਹੀ ਇਕ ਵਿਅਕਤੀ ਵਲੋਂ ਲੂਣ ਘੋਟਣਾ ਮਾਰ ਕੇ ਕਤਲ ਕਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਥਾਣਾ ਘੁਮਾਣ ਦੇ ਐਸ. ਆਈ. ਤੇ ਤਫਤੀਸ਼ੀ ਅਫਸਰ ਹਰਜੀਤ ਸਿੰਘ ਨੇ ਦੱਸਿਆ ਕਿ ਜਰਨੈਲ ਸਿੰਘ ਪੁੱਤਰ ਨਿਰਮਲ ਸਿੰਘ ਪਿੰਡ ਬੋਲੇਵਾਲ ਨੇ ਬਿਆਨ ਦਰਜ ਕਰਵਾਏ ਕਿ ਉਹ ਅਤੇ ਉਨ੍ਹਾਂ ਦੀ ਪਤਨੀ ਬਤੌਰ ਸਰਕਾਰੀ ਅਧਿਆਪਕ ਟਕਾਪੁਰ ਵਿਖੇ ਡਿਊਟੀ ਕਰਦੇ ਹਨ ਅਤੇ ਘਰੇਲੂ ਪ੍ਰੋਗਰਾਮ ਹੋਣ ਕਾਰਨ ਪਤੀ-ਪਤਨੀ ਦੋਵੇਂ ਸਕੂਲ ਤੋਂ ਛੁੱਟੀ ਉਤੇ ਸਨ। ਪ੍ਰੋਗਰਾਮ ਉਤੇ ਜਾਣ ਲਈ ਅਸੀਂ ਦੋਵੇਂ  ਆਪਣੇ ਗੁਆਂਢ ਵਿਚ ਬਲਦੇਵ ਸਿੰਘ ਦੇ ਘਰ ਗਏ ਸੀ ਅਤੇ ਬਾਪੂ ਨਿਰਮਲ ਸਿੰਘ ਘਰ ਵਿਚ ਇਕੱਲਾ ਸੀ। ਕਰੀਬ 12 ਵਜੇ ਦੁਪਹਿਰ ਸਾਨੂੰ ਚੀਕ-ਚਿਹਾੜਾ ਸੁਣਿਆ ਜਦੋਂ ਅਸੀਂ ਬਾਹਰ ਨਿਕਲ ਕੇ ਦੇਖਿਆ ਤਾਂ ਮੇਰੇ ਬਾਪੂ ਨੂੰ ਜ਼ਮੀਨ ਉਤੇ ਸੁੱਟ ਕੇ ਗੁਰਦੀਪ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਬੋਲੇਵਾਲ ਜਿਸ ਨੇ ਆਪਣੇ ਹੱਥ ਵਿਚ ਲੂਣ ਘੋਟਣਾ ਫੜਿਆ ਹੋਇਆ ਸੀ ਅਤੇ ਮੇਰੇ ਪਿਤਾ ਦੇ ਸਿਰ ਉਤੇ ਵਾਰ ਕੀਤਾ। ਜਦੋਂ ਅਸੀਂ ਆਪਣੇ ਪਿਤਾ ਨੂੰ ਛੁਡਾਉਣ ਲਈ ਅੱਗੇ ਹੋਏ ਤਾਂ ਸਾਨੂੰ ਵੇਖ ਕੇ ਗੁਰਦੀਪ ਸਿੰਘ ਆਪਣੇ ਹੱਥ ਵਿਚ ਫੜੇ ਲੂਣ ਘੋਟਣੇ ਸਮੇਤ ਸਾਡੇ ਘਰ ਦੇ ਪਿਛਲੇ ਦਰਵਾਜ਼ੇ ਰਾਹੀਂ ਕਣਕ ਵਿਚ ਦੌੜ ਗਿਆ। ਇਸੇ ਦੌਰਾਨ ਬਾਪੂ ਦੀ ਮੌਕੇ ਉਤੇ ਮੌਤ ਹੋ ਗਈ। ਤਫਤੀਸ਼ੀ ਅਫਸਰ ਐਸ. ਆਈ. ਹਰਜੀਤ ਸਿੰਘ ਨੇ ਕਿਹਾ ਕਿ ਮ੍ਰਿਤਕ ਨਿਰਮਲ ਸਿੰਘ ਦੇ ਪੁੱਤਰ ਦੇ ਬਿਆਨਾਂ ਉਤੇ ਗੁਰਦੀਪ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਬੋਲੇਵਾਲ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮੁਕਦਮਾ ਦਰਜ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਤਲ ਕਰਨ ਵਾਲੇ ਦੋਸ਼ੀ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ