ਚੋਰਾਂ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਰੋੜੀਕਪੂਰਾ ’ਚ ਚੋਰੀ
ਜੈਤੋ (ਫਰੀਦਕੋਟ), 28 ਦਸੰਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)-ਚੋਰਾਂ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਰੋੜੀਕਪੂਰਾ ਦੇ ਕੈਮਰਿਆਂ ਅਤੇ ਕਮਰਿਆਂ ਦੇ ਇੰਟਰਲੋਕ ਤਾਲੇ ਤੋੜ ਕੇ ਐਲ.ਈ.ਡੀਆਂ ਅਤੇ ਲਿਸਨਿੰਗ ਲੈਬ ਆਦਿ ਦਾ ਸਾਮਾਨ ਚੋਰੀ ਕਰਕੇ ਲਿਜਾਣ ਦਾ ਪਤਾ ਲੱਗਾ ਹੈ। ਸਕੂਲ ਮੁਖੀ ਸ. ਰਣਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਸਕੂਲ ਦਾ ਗੇਟ ਖੁੱਲਾ ਹੋਇਆ ਹੈ ਤਾਂ ਉਹ ਤੁਰੰਤ ਮੌਕੇ ’ਤੇ ਪਹੁੰਚੇ ਅਤੇ ਦੇਖਿਆ ਕਿ ਦਫਤਰ ਅਤੇ ਕਮਰਿਆਂ ਦੇ ਲੋਕ ਟੁੱਟੇ ਹੋਏ ਸਨ ਤੇ ਦਫਤਰ ਦਾ ਸਾਮਾਨ ਵੀ ਖਿੱਲਰਿਆ ਹੋਇਆ ਸੀ। ਉਨ੍ਹਾਂ ਇਸ ਸਬੰਧੀ ਥਾਣਾ ਜੈਤੋ ਅਤੇ ਪਿੰਡ ਦੀਆਂ ਪੰਚਾਇਤਾਂ ਨੂੰ ਸੂਚਿਤ ਕੀਤਾ। ਥਾਣਾ ਜੈਤੋ ਦੇ ਪੁਲਿਸ ਮੁਲਾਜ਼ਮ ਮੌਕੇ ’ਤੇ ਪਹੁੰਚੇ ਅਤੇ ਚੋਰੀ ਹੋਏ ਸਾਮਾਨ ਸਬੰਧੀ ਜਾਣਕਾਰੀ ਇਕੱਤਰ ਕੀਤੀ। ਸਕੂਲ ਮੁਖੀ ਸ. ਰਣਜੀਤ ਸਿੰਘ ਮੁਤਾਬਕ ਚੋਰ ਕਰੀਬ 1 ਲੱਖ ਰੁਪਏ ਤੋਂ ਉਪਰ ਦਾ ਨੁਕਸਾਨ ਕਰ ਗਏ ਹਨ। ਇਸ ਦੌਰਾਨ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਸਰਦਾਰ ਹਰਬੰਸ ਸਿੰਘ ਅਤੇ ਗ੍ਰਾਮ ਪੰਚਾਇਤ ਰੋੜੀਕਪੂਰਾ ਵਲੋਂ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਕਿ ਚੋਰਾਂ ਨੂੰ ਠੱਲ੍ਹ ਪਾਉਣ ਲਈ ਤੁਰੰਤ ਕਦਮ ਚੁੱਕੇ ਜਾਣ ਤਾਂ ਜੋ ਅਜਿਹੀਆਂ ਘਟਨਾਵਾਂ ਨਾ ਵਾਪਰ ਸਕਣ।