ਸਾਹਨੇਵਾਲ ਨਗਰ ਕੌਂਸਲ ਦੀਆਂ ਚੋਣਾਂ 'ਚ 54 ਉਮੀਦਵਾਰ ਚੋਣ ਮੈਦਾਨ 'ਚ
ਸਾਹਨੇਵਾਲ (ਖੰਨਾ), 14 ਦਸੰਬਰ (ਹਨੀ ਚਾਠਲੀ/ਅਮਰਜੀਤ ਸਿੰਘ ਮੰਗਲੀ)-ਸਾਹਨੇਵਾਲ ਨਗਰ ਕੌਂਸਲ ਦੇ 15 ਵਾਰਡਾਂ ’ਚ ਵੱਖ-ਵੱਖ ਪਾਰਟੀਆਂ ਤੋਂ ਚੋਣ ਲੜ ਰਹੇ 54 ਉਮੀਦਵਾਰ 21 ਦਸੰਬਰ ਨੂੰ ਆਪਣੀ ਕਿਸਮਤ ਅਜ਼ਮਾਉਣਗੇ। ਜਾਣਕਾਰੀ ਦਿੰਦਿਆਂ ਅਸਿਸਟੈਂਟ ਰਿਟਰਨਿੰਗ ਅਫਸਰ ਅਤੇ ਨਾਇਬ ਤਹਿਸੀਲਦਾਰ ਸਾਹਨੇਵਾਲ ਮਨਵੀਰ ਕੌਰ ਨੇ ਦੱਸਿਆ ਕਿ ਸਾਹਨੇਵਾਲ ਨਗਰ ਕੌਂਸਲ ਦੇ 15 ਵਾਰਡਾਂ ਵਿਚ 'ਆਪ' ਦੇ 15 ਉਮੀਦਵਾਰ, ਕਾਂਗਰਸ ਪਾਰਟੀ ਦੇ 15 ਉਮੀਦਵਾਰ, ਸ਼੍ਰੋਮਣੀ ਅਕਾਲੀ ਦਲ ਦੇ 9 ਉਮੀਦਵਾਰ, ਭਾਜਪਾ ਦੇ 10 ਉਮੀਦਵਾਰ ਅਤੇ ਆਜ਼ਾਦ 5 ਉਮੀਦਵਾਰ ਸਮੇਤ ਕੁੱਲ 54 ਉਮੀਦਵਾਰ 21 ਦਸੰਬਰ ਨੂੰ ਚੋਣ ਅਖਾੜੇ ਵਿਚ ਚੋਣ ਲੜਨਗੇ। ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ 54 ਉਮੀਦਵਾਰਾਂ ਨੂੰ ਚੋਣ ਕਮਿਸ਼ਨ ਵਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਸੰਬੰਧੀ ਜਾਣੂ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ 21 ਦਸੰਬਰ ਨੂੰ ਸਾਹਨੇਵਾਲ ਨਗਰ ਕੌਂਸਲ ਦੀਆਂ ਚੋਣਾਂ ਕਰਵਾਉਣ ਸੰਬੰਧੀ ਤਿਆਰੀਆਂ ਮੁਕੰਮਲ ਕੀਤੀਆਂ ਜਾ ਰਹੀਆਂ ਹਨ।