'ਆਪ' ਦੇ ਯੁਵਾ ਵਲੰਟੀਅਰ ਆਗੂ ਦੀ ਘਰ 'ਚੋਂ ਭੇਤਭਰੀ ਹਾਲਤ 'ਚ ਲਾਸ਼ ਬਰਾਮਦ
ਕਪੂਰਥਲਾ, 14 ਦਸੰਬਰ (ਅਮਨਜੋਤ ਸਿੰਘ ਵਾਲੀਆ)-ਪਿੰਡ ਔਜਲਾ ਵਿਖੇ ਆਮ ਆਦਮੀ ਪਾਰਟੀ ਦੇ ਯੁਵਾ ਵਲੰਟੀਅਰ ਦੀ ਭੇਤਭਰੀ ਹਾਲਤ ਵਿਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਸਬ-ਡਵੀਜ਼ਨ ਦੀਪਕਰਨ ਸਿੰਘ ਨੇ ਦੱਸਿਆ ਕਿ ਕੁਲਵੰਤ ਸਿੰਘ ਔਜਲਾ (28) ਜੋ ਆਮ ਆਦਮੀ ਪਾਰਟੀ ਦਾ ਯੁਵਾ ਵਲੰਟੀਅਰ ਆਗੂ ਸੀ ਤੇ ਘਰ ਵਿਚ ਇਕੱਲਾ ਹੀ ਰਹਿੰਦਾ ਸੀ ਤੇ ਉਸਦੀ ਭੈਣ ਜੋ ਵਿਦੇਸ਼ ਵਿਚ ਰਹਿੰਦੀ ਹੈ, ਉਸਨੂੰ ਫ਼ੋਨ ਕਰ ਰਹੀ ਸੀ ਪਰ ਉਹ ਫ਼ੋਨ ਨਹੀਂ ਚੁੱਕ ਰਿਹਾ ਸੀ। ਉਸਨੇ ਉਸਦੇ ਗੁਆਂਢੀਆਂ ਨੂੰ ਫ਼ੋਨ ਕਰਕੇ ਕਿਹਾ ਕਿ ਕੁਲਵੰਤ ਸਿੰਘ ਔਜਲਾ ਉਸਦਾ ਫ਼ੋਨ ਨਹੀਂ ਚੁੱਕ ਰਿਹਾ, ਜਦੋਂ ਗੁਆਂਢੀਆਂ ਨੇ ਸਵੇਰੇ ਘਰ ਜਾ ਕੇ ਦੇਖਿਆ ਤਾਂ ਉਸਦੀ ਭੇਤਭਰੀ ਹਾਲਤ ਵਿਚ ਮੌਤ ਹੋਈ ਪਈ ਸੀ। ਇਸ 'ਤੇ ਥਾਣਾ ਸਦਰ ਪੁਲਿਸ ਨੂੰ ਸੂਚਿਤ ਕੀਤਾ ਗਿਆ। ਸੂਚਨਾ ਮਿਲਣ 'ਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਕਪੂਰਥਲਾ ਦੇ ਮੁਰਦਾਘਰ ਵਿਚ ਰਖਵਾ ਦਿੱਤਾ ਹੈ ਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਕੁਲਵੰਤ ਸਿੰਘ ਔਜਲਾ ਦੀ ਮੌਤ ਦੀ ਸੂਚਨਾ ਮਿਲਦਿਆਂ ਹੀ ਆਮ ਆਦਮੀ ਪਾਰਟੀ ਦੇ ਸੂਬਾਈ ਆਗੂ ਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਗੁਰਪਾਲ ਸਿੰਘ ਇੰਡੀਅਨ, 'ਆਪ' ਦੇ ਆਗੂ ਕੰਵਰਇਕਬਾਲ ਸਿੰਘ, ਪਰਵਿੰਦਰ ਸਿੰਘ ਢੋਟ ਸਿਵਲ ਹਸਪਤਾਲ ਪੁੱਜੇ। ਪਾਰਟੀ ਦੇ ਯੁਵਾ ਵਲੰਟੀਅਰ ਦੀ ਮੌਤ 'ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ।