ਕਾਊਂਟਰ ਇੰਟੈਲੀਜੈਂਸ ਜਲੰਧਰ ਨੇ ਸਾਂਝੇ ਅਭਿਆਨ ’ਚ ਹਥਿਆਰ ਸਮੇਤ ਤਿੰਨ ਵਿਅਕਤੀ ਕੀਤੇ ਗਿ੍ਫ਼ਤਾਰ
ਜਲੰਧਰ, 14 ਦਸੰਬਰ- ਅੱਜ ਗੁਪਤ ਸੂਚਨਾ ਦੇ ਆਧਾਰ ’ਤੇ ਕਾਊਂਟਰ ਇੰਟੈਲੀਜੈਂਸ ਜਲੰਧਰ ਨੇ ਐੱਸ.ਬੀ.ਐੱਸ.ਨਗਰ ਪੁਲਿਸ ਨਾਲ ਸਾਂਝੇ ਤੌਰ ’ਤੇ ਕਾਰਵਾਈ ਕਰਦੇ ਹੋਏ 3 ਵਿਅਕਤੀਆਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਯੁਗਪ੍ਰੀਤ ਸਿੰਘ (ਯੁਵੀ), ਜਸਕਰਨ ਸਿੰਘ ਅਤੇ ਹਰਜੋਤ ਸਿੰਘ ਵਜੋਂ ਹੋਈ ਹੈ। ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਪੁਲਿਸ ਨੇ 2 ਨਵੰਬਰ ਨੂੰ ਪੁਲੀਸ ਚੌਕੀ ਐਸੜੋਂ ’ਤੇ ਹੋਏ ਹੈਂਡ ਗ੍ਰਨੇਡ ਹਮਲੇ ਦੀ ਘਟਨਾ ਨੂੰ ਸੁਲਝਾਉਣ ਵਿਚ ਸਫ਼ਲਤਾ ਹਾਸਲ ਕੀਤੀ ਹੈ। ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ, ਪੁਲਿਸ ਨੇ ਦੱਸਿਆ ਕਿ ਦੋਸ਼ੀ ਖਾਲਿਸਤਾਨ ਜ਼ਿੰਦਾਬਾਦ ਫੋਰਸ (ਕੇਜ਼ੈਡਐਫ) ਮਾਡਿਊਲ ਦੇ ਮੈਂਬਰ ਸਨ, ਜੋ ਜਰਮਨੀ, ਬਰਤਾਨੀਆ ਅਤੇ ਹੋਰ ਦੇਸ਼ਾਂ ਵਿਚ ਸਥਿਤ ਆਪ੍ਰੇਟਰਾਂ ਦੁਆਰਾ ਨਿਯੰਤਰਿਤ ਸਨ ਅਤੇ ਉਨ੍ਹਾਂ ਨੂੰ ਪੁਲਿਸ ਅਦਾਰਿਆਂ ਅਤੇ ਘੱਟ ਗਿਣਤੀ ਨੇਤਾਵਾਂ ਨੂੰ ਨਿਸ਼ਾਨਾ ਬਣਾਉਣ ਦਾ ਕੰਮ ਸੌਂਪਿਆ ਗਿਆ ਸੀ। ਮਾਡਿਊਲ ਨੂੰ ਪਿਛਲੇ 6 ਮਹੀਨਿਆਂ ਵਿਚ 4.5 ਲੱਖ ਰੁਪਏ ਦੀ ਫੰਡਿੰਗ ਮਿਲੀ ਹੈ। ਮੁਲਜ਼ਮਾਂ ਦੇ ਕਬਜ਼ੇ ’ਚੋਂ 1 ਦੇਸੀ ਪਿਸਤੌਲ, 1 ਰਿਵਾਲਵਰ ਅਤੇ 6 ਜ਼ਿੰਦਾ ਕਾਰਤੂਸ ਬਰਾਮਦ ਹੋਏ ਹਨ।