ਜਗਜੀਤ ਸਿੰਘ ਡੱਲੇਵਾਲ ਨੂੰ ਮਿਲੇ ਲੱਖਾ ਸਿਧਾਣਾ ਤੇ ਅਮਿਤੋਜ
ਖਨੌਰੀ, 14 ਦਸੰਬਰ (ਰੁਪਿੰਦਰਪਾਲ ਸਿੰਘ ਤੇ ਮਨਜੋਤ ਸਿੰਘ)- ਦੇਰ ਰਾਤ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦਾ ਹਾਲ ਚਾਲ ਜਾਨਣ ਲਈ ਲੱਖਾ ਸਿਧਾਣਾ ਤੇ ਅਮਿਤੋਜ ਖਨੌਰੀ ਬਾਰਡਰ ਪੁੱਜੇ। ਇਸ ਮੌਕੇ ਗੱਲ ਕਰਦੇ ਹੋਏ ਇਨ੍ਹਾਂ ਕਿਹਾ ਕਿ ਡੱਲੇਵਾਲ ਦੀ ਸਿਹਤ ਦਿਨੋਂ ਦਿਨ ਡਿੱਗਦੀ ਜਾ ਰਹੀ ਹੈ, ਤੇ ਉਨ੍ਹਾਂ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ, ਪਰ ਸਰਕਾਰਾਂ ਨੂੰ ਕੋਈ ਫ਼ਿਕਰ ਨਹੀਂ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਹੱਡੀਆਂ ਬੇਹੱਦ ਕਮਜ਼ੋਰ ਹੋ ਚੁੱਕੀਆਂ ਹਨ। ਉਨ੍ਹਾਂ ਸਰਕਾਰਾਂ ਨੂੰ ਅਪੀਲ ਕੀਤੀ ਕਿ ਜਲਦ ਤੋਂ ਜਲਦ ਕਿਸਾਨਾਂ ਦੇ ਮਸਲੇ ਦਾ ਹੱਲ ਕੱਢਿਆ ਜਾਵੇ। ਲੱਖਾ ਸਿਧਾਣਾ ਨੇ ਗੱਲ ਕਰਦੇ ਹੋਏ ਕਿਹਾ ਕਿ ਸਾਡੀਆਂ ਮੰਗਾਂ ਸਿਰਫ਼ ਕਿਸਾਨੀ ਨਾਲ ਜੁੜੀਆਂ ਹੋਈਆਂ ਨਹੀਂ ਹਨ ਬਲਕਿ ਇਹ ਮੰਗਾਂ ਹੋਰ ਮਜ਼ਦੂਰਾਂ ਨਾਲ ਵੀ ਸੰਬੰਧਿਤ ਹਨ। ਉਨ੍ਹਾਂ ਕਿਹਾ ਇਹ ਲੜਾਈ ਹਰ ਉਸ ਇਨਸਾਨ ਦੀ ਹੈ, ਜੋ ਆਪਣੀ ਰੋਜ਼ੀ ਰੋਟੀ ਲਈ ਜੱਦੋ ਜਹਿਦ ਕਰਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਮੁੱਦੇ ’ਤੇ ਸਾਰੇ ਇਕੱਠੇ ਹੋ ਜਾਓ ਤਾਂ ਹੀ ਅਸੀਂ ਜਿੱਤ ਸਕਦੇ ਹਾਂ।