ਦੋ ਵੱਖ ਵੱਖ ਸੜਕ ਹਾਦਸਿਆਂ ਦੌਰਾਨ ਦੋ ਵਿਅਕਤੀਆਂ ਦੀ ਮੌਤ
ਮੱਖੂ (ਫ਼ਰੀਦਕੋਟ), 30 ਨਵੰਬਰ (ਕੁਲਵਿੰਦਰ ਸਿੰਘ ਸੰਧੂ/ਵਰਿੰਦਰ ਮਨਚੰਦਾ) - ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ 2 ਵੱਖ-ਵੱਖ ਸੜਕ ਹਾਦਸਿਆਂ ਦੌਰਾਨ ਦੋ ਵਿਅਕਤੀਆਂ ਦੀ ਮੌਤ ਹੋ ਜਾਂਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪਹਿਲੇ ਹਾਦਸੇ ਚ ਪੁਲਿਸ ਮੁਲਾਜ਼ਮ ਅਵਤਾਰ ਸਿੰਘ (45/50 ਸਾਲ) ਪੁੱਤਰ ਲਖਵਿੰਦਰ ਸਿੰਘ ਵਾਸੀ ਪਿੰਡ ਸੋਹਲ ਥਾਣਾ ਝਬਾਲ ਜ਼ਿਲ੍ਹਾ ਤਰਨ ਤਾਰਨ ਜੋ ਕਿ ਲੁਧਿਆਣਾ ਕਮਿਸ਼ਨਰੇਟ ਪੁਲਿਸ ਵਿਚ ਤਾਇਨਾਤ ਸੀ, ਆਪਣੀ ਸਵਿਫਟ ਡਿਜ਼ਾਇਰ ਕਾਰ 'ਚ ਸਵਾਰ ਹੋ ਕੇ ਡਿਊਟੀ ਤੋਂ ਵਾਪਸ ਆਪਣੇ ਪਿੰਡ ਨੂੰ ਜਾ ਰਿਹਾ ਸੀ ਤਾਂ ਜਦੋਂ ਉਹ ਜੇ.ਜੇ. ਸੰਧੂ ਢਾਬਾ, ਬੰਗਾਲੀ ਵਾਲਾ ਪੁਲ ਮੱਖੂ ਕੋਲ ਪਹੁੰਚਿਆ ਤਾਂ ਉਸ ਦੀ ਕਾਰ ਬੇਕਾਬੂ ਹੋ ਕੇ ਸੜਕ ਦੇ ਕਿਨਾਰੇ ਮੀਲ ਪੱਥਰ ਵਿਚ ਜਾ ਟਕਰਾਈ। ਗੰਭੀਰ ਸੱਟਾਂ ਲੱਗਣ ਕਾਰਨ ਅਵਤਾਰ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਦੂਸਰੇ ਹਾਦਸੇ ਚ ਬੀਤੀ ਰਾਤ ਪ੍ਰਭਜੋਤ ਸਿੰਘ (20/22 ਸਾਲ) ਪੁੱਤਰ ਸੁਰਿੰਦਰ ਸਿੰਘ ਵਾਸੀ ਜਾਨੀਆ ਚਾਹਲ ਥਾਣਾ ਲੋਹੀਆਂ ਜ਼ਿਲ੍ਹਾ ਜਲੰਧਰ ਜੋ ਤਰਨ ਤਾਰਨ ਵਾਲੇ ਪਾਸੇ ਤੋਂ ਮੋਟਰਸਾਈਕਲ 'ਤੇ ਆਪਣੇ ਘਰ ਜਾ ਰਿਹਾ ਸੀ ਤਾਂ ਕਟਾਰੀਆ ਫਿਲਿੰਗ ਸਟੇਸ਼ਨ,(ਐਨ.ਐਚ.-54) ਮੱਖੂ ਨੇੜੇ ਉਸ ਦਾ ਮੋਟਰਸਾਈਕਲ ਇਕ ਟਰੱਕ ਨਾਲ ਟਕਰਾ ਗਿਆ, ਜਿਸ ਕਾਰਨ ਪ੍ਰਭਜੋਤ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ।ਥਾਣਾ ਮੱਖੂ ਪੁਲਿਸ ਅਗਲੀ ਕਾਰਵਾਈ ਕਰ ਰਹੀ ਹੈ।