ਪਿੰਡ ਕੋਹਾਲੀ ਵਿਖੇ ਨਸ਼ੇ ਦੀ ਵੱਧ ਮਾਤਰਾ ਲੈਣ ਨਾਲ 2 ਨੌਜਵਾਨਾਂ ਦੀ ਮੌਤ
ਰਾਮ ਤੀਰਥ (ਅੰਮ੍ਰਿਤਸਰ), 30 ਨਵੰਬਰ (ਧਰਵਿੰਦਰ ਸਿੰਘ ਔਲਖ-ਪੁਲਿਸ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਕੋਹਾਲੀ ਵਿਖੇ ਨਸ਼ੇ ਨੇ 2 ਹੋਰ ਨੌਜਵਾਨਾਂ ਦੀਆਂ ਕੀਮਤੀ ਜਾਨਾਂ ਲੈ ਲਈਆਂ। ਬਾਰ੍ਹਾਵੀਂ ਪਾਸ ਸਰਬਜੀਤ ਸਿੰਘ ਉਰਫ਼ ਸਾਬੀ (52) ਪੁੱਤਰ ਸਾਬਕਾ ਇੰਸਪੈਕਟਰ ਪੰਜਾਬ ਰੋਡਵੇਜ਼ ਮਰਹੂਮ ਹਰਭਜਨ ਸਿੰਘ ਜੋ ਕਿ ਜ਼ਿਮੀਂਦਾਰ ਪਰਿਵਾਰ ਨਾਲ ਸੰਬੰਧਿਤ ਸੀ, ਪਿਛਲੇ ਲੰਬੇ ਸਮੇਂ ਤੋਂ ਗਲਤ ਸੰਗਤ ਵਿਚ ਪੈਣ ਕਰਕੇ ਨਸ਼ਿਆਂ ਦਾ ਆਦੀ ਹੋ ਗਿਆ ਸੀ ਅਤੇ ਕੁਝ ਸਮੇਂ ਤੋਂ ਉਹ ਦੂਸਰੇ ਵੱਡੇ ਭਰਾ ਤੋਂ ਵੱਖਰਾ ਰਹਿੰਦਾ ਸੀ। ਸਵੇਰੇ ਉਸਨੇ ਕੁਝ ਤਕਲੀਫ ਮਹਿਸੂਸ ਕੀਤੀ, ਜਦੋਂ ਡਾਕਟਰ ਵਲੋਂ ਉਸ ਦੀ ਸਰੀਰਕ ਜਾਂਚ ਕੀਤੀ ਜਾ ਰਹੀ ਸੀ ਤਾਂ ਉਸ ਸਮੇਂ ਹੀ ਉਸਦੇ ਹੋਸ਼ ਉੱਡ ਗਏ, ਉਸ ਦੀ ਮੌਤ ਹੋ ਗਈ ਸੀ।
ਇਸੇ ਪਿੰਡ ਦਾ ਦੂਸਰਾ ਨੌਜਵਾਨ ਮਜ਼ਦੂਰ ਪਰਿਵਾਰ ਨਾਲ ਸੰਬੰਧਿਤ ਦੱਸਿਆ ਜਾ ਰਿਹਾ ਹੈ, ਜਿਸ ਦੀ ਪਛਾਣ ਸ਼ਮਸ਼ੇਰ ਸਿੰਘ ਪੁੱਤਰ ਗੁਰਮੀਤ ਸਿੰਘ ਵਜੋਂ ਹੋਈ ਹੈ, ਜੋ ਕਿ ਇਕ ਭੈਣ ਦਾ ਇਕਲੌਤਾ ਭਰਾ ਸੀ ਅਤੇ ਮਿਹਨਤ ਮਜ਼ਦੂਰੀ ਕਰਦਾ ਸੀ। ਪਰਿਵਾਰ ਅਨੁਸਾਰ ਉਹ ਪਿਛਲੇ ਕਾਫ਼ੀ ਸਮਾਂ ਪਹਿਲਾਂ ਹੀ ਸਮੈਕ ਦਾ ਆਦੀ ਸੀ। ਕੱਲ੍ਹ ਨੂੰ ਉਹ ਆਪਣੀ ਭੂਆ ਕੋਲ ਪਿੰਡ ਭੁੱਲਰ ਵਿਖੇ ਗਿਆ ਹੋਇਆ ਸੀ, ਜਿਥੇ ਨਸ਼ੇ ਦਾ ਟੀਕਾ ਲਗਾਉਣ ਕਰਕੇ ਉਸ ਦੀ ਸਿਹਤ ਵਿਗੜ ਗਈ ਅਤੇ ਕੁਝ ਸਮੇਂ ਬਾਅਦ ਹੀ ਹਸਪਤਾਲ ਵਿਚ ਜਾ ਕੇ ਉਸ ਦੀ ਮੌਤ ਹੋ ਗਈ। ਇਕੋ ਦਿਨ ਹੋਈਆਂ ਦੋ ਮੌਤਾਂ ਕਾਰਨ ਪਿੰਡ ਵਿਚ ਜਿਥੇ ਸੋਗ ਦੀ ਲਹਿਰ ਹੈ।