ਪਾਕਿਸਤਾਨ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾ ਕੇ ਜਥਾ ਪਰਤਿਆ ਵਤਨ
ਅਟਾਰੀ, (ਗੁਰਦਾਸਪੁਰ) 23 ਨਵੰਬਰ (ਗੁਰਦੀਪ ਸਿੰਘ ਅਟਾਰੀ /ਰਾਜਿੰਦਰ ਸਿੰਘ ਰੂਬੀ)- ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾ ਕੇ ਸਿੱਖ ਸ਼ਰਧਾਲੂਆਂ ਦਾ ਜੱਥਾ ਵਤਨ ਪਰਤ ਆਇਆ। ਹਰਿਆਣਾ ਰਾਜ ਦੇ ਸਿੱਖ ਸ਼ਰਧਾਲੂ ਸਾਹਿਬ ਸਿੰਘ ਪੱਕਾ ਖੇੜਾ ਅਤੇ ਕਰਨੈਲ ਸਿੰਘ ਕਰਨਾਲ ਨੇ ਗੱਲਬਾਤ ਕਰਦੇ ਦੱਸਿਆ ਕਿ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਉਪਰੰਤ ਸ਼ਰਧਾਲੂਆਂ ਨੇ ਪਾਕਿਸਤਾਨ ਸਥਿਤ ਹੋਰ ਗੁਰਧਾਮਾਂ ਦੇ ਦਰਸ਼ਨ ਕਰਕੇ ਜੀਵਨ ਸਫ਼ਲ ਬਣਾਇਆ। ਸ਼ਰਧਾਲੂਆਂ ਨੇ ਕਿਹਾ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਜਥੇ ਲਈ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿਚੋਂ ਵੀ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 555ਵਾਂ ਪ੍ਰਕਾਸ਼ ਪੁਰਬ ਮਨਾਉਣ ਲਈ ਪਹੁੰਚੇ ਹੋਏ ਸਨ। ਬੀ.ਐਸ.ਐਫ਼. ਦੀ 144 ਬਟਾਲੀਅਨ ਅਤੇ 168 ਬਟਾਲੀਅਨ ਵਲੋਂ ਜ਼ੀਰੋ ਲਾਈਨ ਅਤੇ ਆਈ.ਸੀ.ਪੀ. ਵਿਖੇ ਸਖ਼ਤ ਸੁਰੱਖਿਆ ਦੇ ਇੰਤਜ਼ਾਮ ਕੀਤੇ ਗਏ ਸਨ ਤਾਂ ਕਿ ਸ਼ਰਧਾਲੂਆਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਇਮੀਗ੍ਰੇਸ਼ਨ ਅਤੇ ਕਸਟਮ ਦੀ ਲੋੜੀਂਦੀ ਕਾਗਜ਼ੀ ਕਾਰਵਾਈ ਤੋਂ ਬਾਅਦ ਜਥੇ ਨੂੰ ਮੰਜ਼ਿਲ ਵੱਲ ਰਵਾਨਾ ਕਰ ਦਿੱਤਾ ਗਿਆ।