15 ਅਕਤੂਬਰ ਨੂੰ ਹੋਵੇਗਾ ਹਰਿਆਣਾ ਦੀ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ
ਚੰਡੀਗੜ੍ਹ, 11 ਅਕਤੂਬਰ- ਹਰਿਆਣਾ ਦੀ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ 15 ਅਕਤੂਬਰ ਨੂੰ ਹੋਵੇਗਾ। ਨਾਇਬ ਸਿੰਘ ਸੈਣੀ ਦੂਜੀ ਵਾਰ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਸਕਦੇ ਹਨ, ਹਾਲਾਂਕਿ ਇਸ ਸੰਬੰਧੀ ਪਾਰਟੀ ਵਲੋਂ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਇਸ ਦੇ ਲਈ ਪੰਚਕੂਲਾ ਦੇ ਸੈਕਟਰ 5 ਸਥਿਤ ਪਰੇਡ ਗਰਾਊਂਡ ਵਿਚ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਪ੍ਰੋਗਰਾਮ ’ਚ 50 ਹਜ਼ਾਰ ਲੋਕ ਆਉਣਗੇ। ਇਸ ਸਮਾਗਮ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਲਾਵਾ ਅਮਿਤ ਸ਼ਾਹ ਅਤੇ ਰਾਜਨਾਥ ਸਿੰਘ ਸਮੇਤ ਕਈ ਕੇਂਦਰੀ ਮੰਤਰੀ ਅਤੇ ਭਾਜਪਾ ਸ਼ਾਸਤ ਰਾਜਾਂ ਦੇ ਮੁੱਖ ਮੰਤਰੀ ਵੀ ਮੁੱਖ ਮੰਤਰੀ ਦੇ ਸਹੁੰ ਚੁੱਕ ਸਮਾਗਮ ਵਿਚ ਸ਼ਾਮਿਲ ਹੋਣਗੇ। ਸਮਾਗਮ ਦੀਆਂ ਤਿਆਰੀਆਂ ਲਈ ਪੰਚਕੂਲਾ ਦੇ ਡੀ.ਸੀ. ਦੀ ਅਗਵਾਈ ਵਿਚ ਕਮੇਟੀ ਦਾ ਗਠਨ ਕੀਤਾ ਗਿਆ ਹੈ। ਪਹਿਲਾਂ ਇਹ ਸਹੁੰ ਚੁੱਕ ਸਮਾਗਮ 12 ਅਕਤੂਬਰ ਨੂੰ ਹੋਣਾ ਸੀ ਪਰ ਪ੍ਰਧਾਨ ਮੰਤਰੀ ਮੋਦੀ ਦੇ ਦੇਸ਼ ਤੋਂ ਬਾਹਰ ਹੋਣ ਕਾਰਨ ਇਹ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਗਿਆ ਸੀ।