JALANDHAR WEATHER

ਪਿੰਡ ਨਿੱਕਾ ਬੋਹਝਾ ਵਿਖੇ ਸਰਬਸੰਮਤੀ ਨਾਲ ਹੋਈ ਸਰਪੰਚ ਤੇ ਪੰਚਾਂ ਦੀ ਚੋਣ

ਘੁਮਾਣ, 27 ਸਤੰਬਰ (ਬਮਰਾਹ, ਗੁਰਵਿੰਦਰ ਸਿੰਘ)-ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਅਧੀਨ ਆਉਂਦੇ ਪਿੰਡ ਨਿੱਕਾ ਬੋਹਜਾ ਵਿਖੇ ਪਿੰਡ ਦੇ ਸੂਝਵਾਨ ਆਗੂਆਂ ਤੇ ਪਤਵੰਤਿਆਂ ਵਲੋਂ ਪਿੰਡ ਦੇ ਪਿਆਰ ਤੇ ਇਤਫਾਕ ਲਈ ਇਕ ਨਵੀਂ ਮਿਸਾਲ ਕਾਇਮ ਕਰਦਿਆਂ ਪਿੰਡ ਵਿਚ ਸਰਪੰਚ ਅਤੇ ਪੰਚਾਂ ਦੀ ਚੋਣ ਕਰਕੇ ਇਕ ਵੱਖਰੀ ਪਿਰਤ ਪਾ ਦਿੱਤੀ ਗਈ ਹੈ। ਸਮੁੱਚੇ ਪਿੰਡ ਵਾਸੀਆਂ ਜਿਨ੍ਹਾਂ ਵਿਚ ਬਜ਼ੁਰਗ ਔਰਤਾਂ ਤੇ ਨੌਜਵਾਨਾਂ ਵਲੋਂ ਇਕ ਇਕੱਤਰਤਾ ਪਿੰਡ ਦੀ ਸਾਂਝੀ ਸੱਥ ਵਿਚ ਕੀਤੀ ਗਈ। ਜਿਥੇ ਪਿੰਡ ਦੇ ਆਗੂਆਂ ਨੇ ਪਾਰਟੀਬਾਜ਼ੀ ਅਤੇ ਧੜੇਬੰਦੀ ਤੋਂ ਉੱਪਰ ਉੱਠ ਕੇ ਪਿੰਡ ਦੇ ਵਿਕਾਸ ਅਤੇ ਪਿੰਡ ਦੇ ਲੋਕਾਂ ਦੇ ਇਤਫਾਕ ਨੂੰ ਮੁੱਖ ਰੱਖਦਿਆਂ ਪੰਚਾਇਤ ਦੀ ਸਰਬਸੰਮਤੀ ਨਾਲ ਚੋਣ ਕਰ ਦਿੱਤੀ। ਇਸ ਚੋਣ ਵਿਚ ਮੋਹਨ ਸਿੰਘ ਨੂੰ ਪਿੰਡ ਦਾ ਸਰਪੰਚ, ਸੁਖਦੇਵ ਸਿੰਘ, ਰਾਜਵੀਰ ਸਿੰਘ, ਬੀਬੀ ਜਸਬੀਰ ਕੌਰ, ਸਾਹਿਬ ਸਿੰਘ ਅਤੇ ਪਲਵਿੰਦਰ ਸਿੰਘ ਨੂੰ ਸਰਬਸੰਮਤੀ ਨਾਲ ਪੰਚ ਚੁਣ ਦਿੱਤਾ ਗਿਆ।

ਇਸ ਮੌਕੇ ਪਿੰਡ ਦੇ ਪਤਵੰਤਿਆਂ ਵਲੋਂ ਸਮੁੱਚੀ ਪੰਚਾਇਤ ਦਾ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਪਿੰਡ ਦੇ ਪਤਵੰਤੇ ਅਤੇ ਉੱਘੇ ਸਮਾਜ ਸੇਵੀ ਟਰਾਂਸਪੋਰਟਰ ਜਗੀਰ ਸਿੰਘ ਪੱਡਾ ਨੇ ਸਮੁੱਚੇ ਪਿੰਡ ਵਾਸੀਆਂ ਦਾ ਇਸ ਸਰਬਸੰਮਤੀ ਲਈ ਧੰਨਵਾਦ ਕੀਤਾ ਤੇ ਪਿੰਡ ਦੇ ਨਵੇਂ ਬਣੇ ਸਰਪੰਚ ਅਤੇ ਪੰਚਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਅਸੀਂ ਪਿੰਡ ਦੀ ਬਿਹਤਰੀ ਲਈ ਇਹ ਪਹਿਲਕਦਮੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਰਬਸੰਮਤੀ ਨਾਲ ਚੁਣਨ ਵਾਲੀਆਂ ਪੰਚਾਇਤਾਂ ਨੂੰ 5 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ ਗਿਆ ਸੀ। ਅਸੀਂ ਇਸ ਗਰਾਂਟ ਨੂੰ ਲੈ ਕੇ ਪਿੰਡ ਦੇ ਵਿਕਾਸ ਕਾਰਜਾਂ ਲਈ ਖਰਚ ਕਰਾਂਗੇ ਅਤੇ ਸਾਂਝੇ ਤੌਰ ਉਤੇ ਹੋਰ ਵੀ ਰਹਿੰਦੇ ਅਧੂਰੇ ਵਿਕਾਸ ਕਾਰਜਾਂ ਨੂੰ ਪੂਰੇ ਕਰਾਂਗੇ। ਇਸ ਮੌਕੇ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ।
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ