JALANDHAR WEATHER

ਪਿੰਡ ਬਿਗੜਵਾਲ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਤੇ ਪੰਚਾਇਤੀ ਚੋਣਾਂ ਦੇ ਬਾਈਕਾਟ ਦਾ ਕੀਤਾ ਐਲਾਨ

ਸੁਨਾਮ, ਊਧਮ ਸਿੰਘ ਵਾਲਾ, 27 ਸਤੰਬਰ (ਸਰਬਜੀਤ ਸਿੰਘ ਧਾਲੀਵਾਲ)-ਨੇੜਲੇ ਪਿੰਡ ਬਿਗੜਵਾਲ ਦੀ ਸਰਪੰਚੀ ਦੇ ਰਾਖਵਾਂਕਰਨ ਦਾ ਮੁੱਦਾ ਇਸ ਕਦਰ ਭਖ ਗਿਆ ਹੈ ਕਿ ਪ੍ਰਸ਼ਾਸਨ ਅਤੇ ਸਿਆਸੀ ਆਗੂਆਂ ਤੋਂ ਨਿਰਾਸ਼ ਹੋਏ ਪਿੰਡ ਵਾਸੀਆਂ ਵਲੋਂ ਪੰਚਾਇਤੀ ਚੋਣਾਂ ਅਤੇ ਆਮ ਆਦਮੀ ਪਾਰਟੀ ਦਾ ਮੁਕੰਮਲ ਤੌਰ ਉਤੇ ਬਾਈਕਾਟ ਦਾ ਐਲਾਨ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਉਕਤ ਪਿੰਡ ਵਾਸੀਆਂ ਨੇ ਪਿੰਡ ਬਿਗੜਵਾਲ ਨੂੰ ਐਸ. ਸੀ. ਕੋਟੇ 'ਚੋਂ ਕੱਢ ਕੇ ਜਨਰਲ ਕਰਨ ਲਈ ਬੀਤੀ ਕੱਲ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਕੋਠੀ ਅੱਗੇ ਧਰਨਾ ਵੀ ਲਾਇਆ ਸੀ ਪਰ ਗੱਲ ਕੋਈ ਸਿਰੇ ਨਹੀਂ ਸੀ ਚੜ੍ਹ ਸਕੀ। ਇਸ ਮੁੱਦੇ ਨੂੰ ਲੈ ਕੇ ਅੱਜ ਫਿਰ ਪਿੰਡ ਵਾਸੀ ਸੈਂਕੜਿਆਂ ਦੀ ਗਿਣਤੀ ਵਿਚ ਇਕੱਠੇ ਹੋ ਗਏ ਜਿਨ੍ਹਾਂ ਵਿਚ ਵੱਡੀ ਗਿਣਤੀ ਵਿਚ ਔਰਤਾਂ ਅਤੇ ਐਸ. ਸੀ. ਭਾਈਚਾਰੇ ਦੇ ਲੋਕ ਵੀ ਸ਼ਾਮਿਲ ਸਨ, ਉਹ ਕੈਬਨਿਟ ਮੰਤਰੀ ਦੀ ਕੋਠੀ ਵਿਖੇ ਆਏ ਪਰ ਆਪਣੀ ਮੰਗ ਨਾ ਪੂਰੀ ਹੁੰਦੀ ਵੇਖਦਿਆਂ ਪਿੰਡ ਵਾਸੀਆਂ ਨੇ ਪੰਚਾਇਤੀ ਚੋਣਾਂ ਅਤੇ ਆਮ ਆਦਮੀ ਪਾਰਟੀ ਦੇ ਬਾਈਕਾਟ ਦਾ ਐਲਾਨ ਕਰ ਦਿੱਤਾ। ਇਸ ਦੌਰਾਨ ਰੋਹ ਵਿਚ ਆਏ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ। ਪਿੰਡ ਵਾਸੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੁਝ ਦਿਨ ਪਹਿਲਾਂ ਲਗਭਗ ਪੂਰੇ ਪਿੰਡ ਨੇ ਇਕੱਠ ਕਰਕੇ ਜਨਰਲ ਵਰਗ ਨਾਲ ਸੰਬੰਧਿਤ ਨੌਜਵਾਨ ਰਮਨਪ੍ਰੀਤ ਸਿੰਘ ਨੂੰ ਸਰਬਸੰਮਤੀ ਨਾਲ ਪਿੰਡ ਦਾ ਸਰਪੰਚ ਚੁਣ ਲਿਆ ਸੀ। ਉਨ੍ਹਾਂ ਦੱਸਿਆ ਕਿ ਪਿਛਲੇ ਦਸ ਸਾਲਾਂ ਤੋਂ ਪਿੰਡ ਬਿਗੜਵਾਲ ਦਾ ਸਰਪੰਚ ਐਸ. ਸੀ. ਕੋਟੇ ਲਈ ਰਾਖਵਾਂ ਰੱਖਿਆ ਹੋਇਆ ਸੀ। ਪਿੰਡ ਵਾਸੀਆਂ ਨੂੰ ਇਸ ਵਾਰ ਪੂਰੀ ਉਮੀਦ ਸੀ ਕਿ ਇਸ ਵਾਰ ਉਨ੍ਹਾਂ ਦਾ ਪਿੰਡ ਜਨਰਲ ਵਰਗ ਦੀ ਸਰਪੰਚੀ ਲਈ ਰੱਖਿਆ ਜਾਵੇਗਾ ਪਰ ਫਿਰ ਵੀ ਪਿੰਡ ਨੂੰ ਐਸ. ਸੀ. ਕੋਟੇ ਲਈ ਰਾਖਵਾਂ ਕਰ ਦਿੱਤਾ ਗਿਆ, ਜਿਸ ਕਾਰਨ ਪਿੰਡ ਵਾਸੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ 'ਆਪ' ਸਰਕਾਰ ਪਿੰਡ ਵਿਚ ਸਰਪੰਚੀ ਲਈ ਸਰਬਸੰਮਤੀ ਬਣਾਉਣ ਦੀਆਂ ਸਲਾਹਾਂ ਦੇ ਰਹੀ ਹੈ ਪਰ ਦੂਜੇ ਪਾਸੇ ਸਾਡੇ ਪਿੰਡ ਵਿਚ ਬਣੀ ਬਣਾਈ ਸਰਬਸੰਮਤੀ ਨੂੰ ਰੱਦ ਕਰਕੇ ਬੇਲੋੜੀ ਚੋਣ ਦਾ ਅਖਾੜਾ ਬਣਾਇਆ ਜਾ ਰਿਹਾ ਹੈ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ